ਭਗਤਾ ਭਾਈ, (ਸੱਚ ਕਹੂੰ ਨਿਊਜ਼)। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ 10 ਜੂਨ ਤੋਂ ਝੋਨੇ ਦੀ ਲਵਾਈ ਲਈ 16 ਘੰਟੇ ਨਿਰਵਿਘਨ ਸਪਲਾਈ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਸੰਬੋਧਿਤ ਕਰਦਿਆਂ ਰਣਧੀਰ ਸਿੰਘ ਮਲੂਕਾ ਅਤੇ ਬਲਾਕ ਨਥਾਣਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ 5-5 ਦਿਨ ਕਰਕੇ ਝੋਨੇ ਦੀ ਲੁਆਈ ਨੂੰ ਲੇਟ ਕਰਕੇ ਪਾਣੀ ਬਚਾਉਣ ਲਈ ਲੋਕਾਂ ‘ਤੇ ਜਬਰੀ ਫੁਰਮਾਨ ਮੜੇ ਜਾ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ, ਕਿਉਂਕਿ ਝੋਨਾ ਨਾ ਤਾਂ ਸਾਡੀ ਖਾਧ-ਖੁਰਾਕ ਹੈ ਅਤੇ ਨਾ ਹੀ ਸਾਡੇ ਖਿੱਤੇ ਦੇ ਅਨਕੂਲ ਹੈ ਬਲਕਿ ਇਹ ਫਸਲ ਸਾਡੇ ਸਿਰ ਜਬਰੀ ਮੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ, ਵਾਤਾਵਰਣ ਅਤੇ ਲੋਕਾਂ ਦੀ ਸਿਹਤ ਬਚਾਉਣੀ ਹੈ ਤਾਂ ਖਰੀ ਵੰਨ-ਸੁਵੰਨਤਾ ਲਿਆਉਣੀ ਪਵੇਗੀ, ਉਸ ਵਾਸਤੇ ਸਾਰੀਆਂ ਫਸਲਾਂ ਦੇ ਮਿਥਣ ਦੀ ਗਰੰਟੀ ਅਤੇ ਖਰੀਦ ਦੀ ਵੀ ਗਰੰਟੀ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਲੋਕਾਂ ਦਾ ਭਲਾ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਥੋਪੀ ਹੋਈ ਝੋਨੇ ਦੀ ਫ਼ਸਲ ਵੱਲੋਂ ਪਾਣੀ ਦੀ ਸਮੱਸਿਆ ਅਤੇ ਪਰਾਲੀ ਦੀ ਸਮੱਸਿਆ ਦਾ ਬਹਾਨਾ ਕਿਸਾਨਾਂ ਸਿਰ ਪਾਇਆ ਜਾ ਰਿਹਾ ਹੈ। ਪਰ ਸਰਕਾਰ ਇਨਾਂ ਸਮੱਸਿਆਵਾਂ ਦਾ ਕੋਈ ਤੋੜ ਨਹੀਂ ਲੱਭ ਰਹੀ।













