ਮੌਸਮ ਵਿਭਾਗ ਨੇ ਤਿੰਨ ਦਿਨ ਕੋਰਾ ਪੈਣ ਦਾ ਲਾਇਆ ਅਨੁਮਾਨ
ਮਾਨਸਾ| ਇਨ੍ਹੀਂ ਦਿਨੀਂ ਭਾਵੇਂ ਪਿੰਡਾਂ ਦੀਆਂ ਸੱਥਾਂ ਤੇ ਖੁੰਢਾਂ ‘ਤੇ ਚੋਣਾਂ ਦੀ ਗਰਮਾਹਟ ਹੈ ਪਰ ਇਸਦੇ ਬਾਵਜ਼ੂਦ ਆਉਣ ਵਾਲੇ ਦਿਨਾਂ ‘ਚ ਠੰਢ ਦਾ ਕਹਿਰ ਹੋਰ ਵਧਣ ਦੀ ਭਵਿੱਖਬਾਣੀ ਹੋਈ ਹੈ। ਮੌਸਮ ਵਿਭਾਗ ਨੇ ਤਾਂ ਤਿੰਨ ਦਿਨ ਕੋਰਾ ਪੈਣ ਦੀ ਗੱਲ ਵੀ ਆਖੀ ਹੈ ਮੌਸਮ ਵਿਭਾਗ ਦੇ ਆਈਐੱਮਡੀ (ਚੰਡੀਗੜ੍ਹ) ਦੇ ਸੁਪਰ ਕੰਪਿਊਟਰ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਆਦਿ ਜ਼ਿਲ੍ਹਿਆਂ ‘ਚ ਆਉਣ ਵਾਲੇ 3-4 ਦਿਨਾਂ ਦੌਰਾਨ ਮੌਸਮ ਆਮ ਤੌਰ ‘ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 24-36 ਘੰਟਿਆਂ ਦੌਰਾਨ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ।
ਸਹਾਇਕ ਕ੍ਰਿਸ਼ੀ ਮੌਸਮ ਵਿਗਿਆਨੀ ਆਰ. ਕੇ. ਪਾਲ ਨੇ ਦੱਸਿਆ ਕਿ ਆਉਣ ਵਾਲੇ 2-3 ਦਿਨਾਂ ਦੌਰਾਨ ਠੰਢੀਆਂ ਹਵਾਵਾਂ ਚੱਲਣ ਨਾਲ ਕੋਰਾ ਪੈਣ ਦੀ ਸੰਭਾਵਨਾ ਹੈ। ਭਲਕੇ 22 ਦਸੰਬਰ ਤੋਂ 26 ਦਸੰਬਰ ਤੱਕ ਤਾਮਪਾਨ ਵੱਧ ਤੋਂ ਵੱਧ 20.0 ਤੋਂ 21.0 ਤੇ ਘੱਟ ਤੋਂ ਘੱਟ 3.0-6.0 ਡਿਗਰੀ ਸੈਂਟੀਗ੍ਰੇਡ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ‘ਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 80-85 ਫੀਸਦੀ ਅਤੇ ਸ਼ਾਮ ਦੇ ਸਮੇਂ 42-50 ਫੀਸਦੀ ਰਹਿਣ ਦਾ ਅਨੁਮਾਨ ਹੈ। ਹਵਾ 4.8 ਤੋਂ 8.1 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਮੌਸਮ ਵਿਭਾਗ ਨੇ ਲਾਇਆ ਹੈ । ਖੇਤੀਬਾੜੀ ਅਫਸਰ ਗੁਰਾਂਦਿੱਤਾ ਸਿੰਘ ਦਾ ਕਹਿਣਾ ਹੈ ਕਿ ਫਸਲਾਂ ਨੂੰ ਹਾਲ ਦੀ ਘੜੀ ਕੋਰੇ ਤੋਂ ਕਿਸੇ ਨੁਕਸਾਨ ਦੀ ਸੰਭਾਵਨਾ ਨਹੀਂ ਹੈ ਪਰ ਕਿਸਾਨ ਵੀਰ ਕੋਸ਼ਿਸ਼ ਕਰਨ ਫਸਲਾਂ ਨੂੰ ਸ਼ਾਮ ਵੇਲੇ ਪਾਣੀ ਲਾਇਆ ਜਾਵੇ ਤਾਂ ਜੋ ਰਾਤ ਨੂੰ ਪੈਣ ਵਾਲੇ ਕੋਰੇ ਤੋਂ ਫਸਲ ਨੂੰ ਨਿਜਾਤ ਮਿਲ ਸਕੇ। ਉਨ੍ਹਾਂ ਆਖਿਆ ਕਿ ਨਹਿਰਾਂ ‘ਚ ਵੀ ਪਾਣੀ ਦੀ ਸਪਲਾਈ ਆ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।