ਬਾਰਸ਼ ਦਾ ਕਹਿਰ : ਬਠਿੰਡਾ ‘ਚ ਡੇਰਾ ਸ਼ਰਧਾਲੂਆਂ ਨੇ ਸੰਭਾਲਿਆ ਮੋਰਚਾ
ਅਸ਼ੋਕ ਵਰਮਾ/ਸੁਖਨਾਮ, ਬਠਿੰਡਾ
ਬਠਿੰਡਾ ਪ੍ਰਸ਼ਾਸਨ ਵੱਲੋਂ ਕੀਤੀ ਅਪੀਲ ‘ਤੇ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਅੱਜ ਬਾਰਸ਼ ਦੇ ਪਾਣੀ ਦੀ ਮਾਰ ਹੇਠ ਆਏ ਪਰਿਵਾਰਾਂ ਲਈ ਲੰਗਰ ਦੀ ਸੇਵਾ ਨਿਭਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਬਣੇ ਹੜ੍ਹ ਵਰਗੇ ਹਾਲਾਤਾਂ ਨੂੰ ਦੇਖਦਿਆਂ ਸਾਧ-ਸੰਗਤ ਦੇ ਜਿੰਮੇਵਾਰਾਂ ਤੋਂ ਸਹਿਯੋਗ ਮੰਗਿਆ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਸਬੰਧੀ ਫਰਮਾਏ ਪਵਿੱਤਰ ਬਚਨਾਂ ‘ਤੇ ਅਮਲ ਕਰਦਿਆਂ ਅੱਜ ਉੜੀਆ ਕਲੋਨੀ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਲੰਗਰ ਛਕਾਇਆ ਗਿਆ ਜੋਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀਆਂ ਸੇਵਾਦਾਰ ਭੈਣਾਂ ਤੇ ਹੋਰਨਾਂ ਸੇਵਾਦਾਰ ਭੈਣਾਂ ਨੇ ਤਿਆਰ ਕੀਤਾ।
ਕਾਫੀ ਔਖੇ ਹਾਲਾਤਾਂ ‘ਚ ਰਹਿ ਰਹੇ ਇਨ੍ਹਾਂ ਸੈਂਕੜੇ ਪਰਿਵਾਰਾਂ ਦੇ ਘਰ ਪਿਛਲੇ 24 ਘੰਟਿਆਂ ਤੋਂ ਪਾਣੀ ਦੀ ਮਾਰ ਹੇਠ ਆਏ ਹੋਏ ਹਨ। ਸੇਵਾਦਾਰ ਭੈਣਾਂ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਭਾਗਾਂ ‘ਚ ਸਵੇਰ ਤੋਂ ਹੀ ਲੰਗਰ ਤਿਆਰ ਕਰਨ ‘ਚ ਜੁਟ ਗਈਆਂ ਸਨ ਜਦੋਂ ਸਮੁੱਚਾ ਭੋਜਨ ਤਿਆਰ ਹੋ ਗਿਆ ਤਾਂ ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਦੀ ਅਗਵਾਈ ਹੇਠ ਸੇਵਾਦਾਰਾਂ ਨੇ ਕਲੋਨੀ ਵਿੱਚ ਜਾ ਕੇ ਲੰਗਰ ਵੰਡਿਆ। ਕਲੋਨੀ ਵਾਸੀ ਫੂਲ ਚੰਦ ਦਾ ਕਹਿਣਾ ਸੀ ਕਿ ਬਾਰਸ਼ ਕਾਰਨ ਬਹੁਤੇ ਪਰਿਵਾਰਾਂ ਨੂੰ ਮੰਗਲਵਾਰ ਵਾਲੇ ਦਿਨ ਭੁੱਖੇ ਹੀ ਰਹਿਣਾ ਪਿਆ ਹੈ। ਉਨ੍ਹਾਂ ਸੇਵਾਦਾਰਾਂ ਦਾ ਇਸ ਸੇਵਾ ਪ੍ਰਤੀ ਧੰਨਵਾਦ ਵੀ ਕੀਤਾ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬਠਿੰਡਾ ‘ਚ ਭਾਰੀ ਬਾਰਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ।
ਭਾਵੇਂ ਕੱਲ੍ਹ ਪ੍ਰਸ਼ਾਸਨ ਨੇ ਕੁਝ ਇਲਾਕਿਆਂ ‘ਚੋਂ ਪਾਣੀ ਕੱਢਣ ‘ਚ ਸਫਲਤਾ ਹਾਸਲ ਕਰ ਲਈ ਸੀ ਪਰ ਬੀਤੀ ਰਾਤ ਲਗਾਤਾਰ ਹੋਈ ਭਾਰੀ ਬਾਰਸ਼ ਨੇ ਮੁੜ ਹਾਲਾਤ ਵਿਗਾੜ ਦਿੱਤੇ ਹਨ। ਸ਼ਹਿਰ ਦੀਆਂ ਪਾਸ਼ ਕਲੋਨੀਆਂ ਸਮੇਤ ਕਈ ਗਰੀਬ ਬਸਤੀਆਂ ਦੀਆਂ ਗਲੀਆਂ ‘ਚ ਅਜੇ ਵੀ ਪਾਣੀ ਮੇਲ੍ਹਦਾ ਫਿਰ ਰਿਹਾ ਹੈ। ਇਸ ਮੌਕੇ ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ, 45 ਮੈਂਬਰ ਮਾਧਵੀ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵਿਨੋਦ ਇੰਸਾਂ, 15 ਮੈਂਬਰ ਮਨੋਜ ਇੰਸਾਂ ਬੇਕਰੀ ਵਾਲੇ, ਗਗਨ ਇੰਸਾਂ, ਸਤਨਰਾਇਣ ਇੰਸਾਂ, ਸੁਜਾਨ ਭੈਣ ਰੇਖਾ ਇੰਸਾਂ, ਨਿਸ਼ਾ ਇੰਸਾਂ, ਭੰਗੀਦਾਸ ਕੁਲਬੀਰ ਇੰਸਾਂ, ਮੇਘਰਾਜ ਇੰਸਾਂ, ਮੁਕੇਸ਼ ਛਾਬੜਾ ਇੰਸਾਂ, ਕਮਲੇਸ਼ ਇੰਸਾਂ, ਗੁਰਾਂਦਿੱਤਾ ਇੰਸਾਂ, ਭੰਗੀਦਾਸ ਭੈਣ ਵੀਨਾ ਇੰਸਾਂ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਕਾਫੀ ਔਕੜ ‘ਚ ਹੈ ਉੜੀਆ ਕਲੋਨੀ
ਬਠਿੰਡਾ ‘ਚ ਪਿਆ ਮੀਂਹ ਥਰਮਲ ਦੇ ਨਜ਼ਦੀਕ ਵਸੀ ਉੜੀਆ ਕਲੋਨੀ ਵਾਸੀਆਂ ਦੇ ਦੁੱਖ ਵਧਾਉਣ ਵਾਲਾ ਸਾਬਤ ਹੋਇਆ ਹੈ ਸ਼ਹਿਰ ਨਾਲੋਂ ਕੱਟੇ ਜਾਣ ਕਰਕੇ ਇਸ ਬਸਤੀ ਦੇ ਵੱਡੀ ਗਿਣਤੀ ਪਰਿਵਾਰਾਂ ਨੂੰ ਤਾਂ ਮੰਗਲਵਾਰ ਸ਼ਾਮ ਤੱਕ ਭੋਜਨ ਨਹੀਂ ਮਿਲ ਸਕਿਆ ਸੀ। ਕਲੋਨੀ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ ਐੱਸਡੀਐੱਮ ਬਠਿੰਡਾ ਨੇ ਸ਼ਹਿਰ ਦੀਆਂ ਸਮਾਜਿਕ ਧਿਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ। ਪ੍ਰਸ਼ਾਸਨ ਵੱਲੋਂ ਉੜੀਆ ਕਲੋਨੀ ‘ਚ ਲੰਗਰ ਪਹੁੰਚਾਉਣ ਦੀ ਸੇਵਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਸੌਂਪੀ ਗਈ ਸੀ।
ਮਾਨਵਤਾ ਪ੍ਰਤੀ ਫਰਜ਼ ਨਿਭਾਇਆ: 45 ਮੈਂਬਰ
ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਤੇ ਗੁਰਦੇਵ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਇਹ ਕਿਸੇ ‘ਤੇ ਕੋਈ ਅਹਿਸਾਨ ਨਹੀਂ, ਸਗੋਂ ਪੂਜਨੀਕ ਗੁਰੂ ਜੀ ਵੱਲੋਂ ਆਪਣੀ ਪਵਿੱਤਰ ਰਹਿਨੁਮਾਈ ‘ਚ ਸਾਧ-ਸੰਗਤ ਨੂੰ ਦਿੱਤੀ ਗਈ ਉੱਚੀ ਸੁੱਚੀ ਸਿੱਖਿਆ ਦਾ ਨਤੀਜਾ ਹੈ, ਜਿਸ ਤਹਿਤ ਸਾਧ-ਸੰਗਤ ਨੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਆਖਿਆ ਕਿ ਸਾਧ-ਸੰਗਤ ਵੱਲੋਂ ਕਿਸੇ ਵੀ ਮੁਸੀਬਤ ਜਾਂ ਹੰਗਾਮੀ ਹਾਲਤ ‘ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਕੰਮਲ ਸਹਿਯੋਗ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਇਸ ਵੇਲੇ ਕਾਫੀ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਦੇਖਦਿਆਂ ਸੇਵਾਦਾਰ ਤੇ ਸੇਵਾਦਾਰ ਭੈਣਾਂ ਹੋਰ ਵੀ ਸੇਵਾ ਕਾਰਜਾਂ ‘ਚ ਹੱਥ ਵਟਾਉਣ ਲਈ ਵੀ ਤਿਆਰ ਬਰ ਤਿਆਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।