Barnala News: ਅੱਗ ਨੂੰ ਆਬਾਦੀ ਵੱਲ ਜਾਣ ਤੋਂ ਰੋਕਣ ਵਿੱਚ ਦਿਖਾਈ ਵੱਡੀ ਸਰਗਰਮੀ
Barnala News: ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਨੇੜੇ ਸੋਹਲ ਪੱਤੀ ਦੇ ਨਜ਼ਦੀਕ ਅੱਧੀ ਰਾਤੀਂ ਲੱਗੀ ਭਿਆਨਕ ਅੱਗ ਨੂੰ ਐੱਮਐੱਸਜੀ ਆਈਟੀ ਵਿੰਗ ਦੇ ਨੌਜਵਾਨਾਂ ਨੇ ਹਿੰਮਤ ਤੇ ਹੌਂਸਲੇ ਨਾਲ ਕਾਬੂ ਪਾਇਆ। ਜੇਕਰ ਸਮੇਂ ਸਿਰ ਇਸ ਅੱਗ ’ਤੇ ਕਾਬੂ ਨਾ ਪੈਂਦਾ ਤਾਂ ਇਸ ਨੇ ਸੁੱਤੇ ਪਏ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਸੀ ਅਤੇ ਵੱਡੇ ਨੁਕਸਾਨ ਹੋਣ ਦਾ ਖਦਸ਼ਾ ਸੀ।
ਜਾਣਕਾਰੀ ਮੁਤਾਬਕ ਬੀਤੀ ਰਾਤ ਚੱਲੀ ਤੇਜ਼ ਹਵਾ ਕਾਰਨ ਜ਼ਿਲ੍ਹਾ ਬਰਨਾਲਾ ਵਿੱਚ ਕਈ ਥਾਈਂ ਅੱਗਾਂ ਲੱਗੀਆਂ। ਇਹਨਾਂ ’ਚੋਂ ਅੱਗ ਦੀ ਇੱਕ ਚੰਗਿਆੜੀ ਹਵਾ ਨਾਲ ਆ ਕੇ ਬਰਨਾਲਾ ਕੋਲ ਸੋਹਲ ਪੱਤੀ ਦੇ ਖੇਤਾਂ ਵਿੱਚ ਵੀ ਡਿੱਗ ਪਈ, ਜਿਸ ਕਾਰਨ ਦੇਖਦੇ ਹੀ ਦੇਖਦੇ ਅੱਗ ਦੀਆਂ ਵੱਡੀਆਂ-2 ਲਾਟਾਂ ਨਿੱਕਲਣ ਲੱਗੀਆਂ ਜਿਹੜੀਆਂ ਦੂਰੋਂ ਦੇਖਣ ਤੋਂ ਡਰਾਉਣੀਆਂ ਲੱਗ ਰਹੀਆਂ ਸਨ। Barnala News
Read Also : Haryana and Punjab Water Dispute: ਪਾਣੀ ਦੇ ਮੁੱਦੇ ’ਤੇ ਹਰਿਆਣਾ ਨੇ ਵੀ ਸੱਦੀਆਂ ਸਾਰੀਆਂ ਧਿਰਾਂ
ਜਦੋਂ ਇਸ ਸਬੰਧੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਰਨਾਲਾ ਵਿੱਚ ਸੇਵਾ ਕਰ ਰਹੇ ਐੱਮਐੱਸਜੀ ਆਈ ਟੀ ਵਿੰਗ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਹੀ ਅੱਗ ਬੁਝਾਉਣ ਵਿੱਚ ਆਪਣੀ ਪੂਰੀ ਵਾਹ ਲਾਉਣ ਲੱਗੇ। ਏਨੇ ਨੂੰ ਫਾਇਰ ਬ੍ਰਿਗੇਡ ਬਰਨਾਲਾ ਦੀਆਂ ਦੋ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਅਤੇ ਡੇਰਾ ਸ਼ਰਧਾਲੂਆਂ ਨੇ ਫੁਰਤੀ ਨਾਲ ਆਪਣੇ ਮੋਰਚੇ ਸੰਭਾਲਦਿਆਂ ਕੁਝ ਨੌਜਵਾਨ ਫਾਇਰ ਮੁਲਾਜ਼ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੇ ਅਤੇ ਕੁਝ ਨੌਜਵਾਨਾਂ ਨੇ ਦਰੱਖਤਾਂ ਦੀਆਂ ਟਾਹਣੀਆਂ ਨਾਲ ਅੱਗ ਬੁਝਾਉਣ ਦਾ ਕੰਮ ਆਰੰਭ ਦਿੱਤਾ।
Barnala News
ਘੰਟੇ ਭਰ ਦੀ ਮਿਹਨਤ ਤੋਂ ਬਾਅਦ ਅੱਗ ਦੇ ਭਿਆਨਕ ਰੂਪ ਨੂੰ ਡੇਰਾ ਸ਼ਰਧਾਲੂਆਂ, ਫਾਇਰ ਮੁਲਾਜ਼ਮਾਂ ਤੇ ਨੇੜਲੇ ਪਿੰਡ ਦੇ ਲੋਕਾਂ ਨੇ ਮਿਲ ਕੇ ਠੰਢਾ ਕੀਤਾ ਪਰ ਇਸ ਦੇ ਬਾਵਜੂਦ ਤਕਰੀਬਨ 35 ਏਕੜ ਵਿੱਚ ਤੂੜੀ ਬਣਾਉਣ ਲਈ ਛੱਡਿਆ ਨਾੜ ਇਸ ਅੱਗ ਦੀ ਭੇਂਟ ਚੜ੍ਹ ਗਿਆ।
ਐੱਮਐੱਸਜੀ ਆਈਟੀ ਵਿੰਗ ਦੇ ਨੌਜਵਾਨ ਪ੍ਰੇਮੀਆਂ ਜਤਿੰਦਰ ਸਿੰਘ ਜੱਸੀ, ਗੁਰਪਿਆਰ ਸਿੰਘ, ਰਾਜਦੀਪ ਸਿੰਘ, ਪਰਮਿੰਦਰ ਸਿੰਘ, ਮਨਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਹੀ ਉਨ੍ਹਾਂ ਇਹ ਕਾਰਜ ਕੀਤਾ ਹੈ। ਨੇੜਲੇ ਪਿੰਡ ਦੇ ਲੋਕਾਂ ਵੱਲੋਂ ਵੀ ਡੇਰਾ ਸ਼ਰਧਾਲੂਆਂ ਦੇ ਇਸ ਯਤਨ ਦੀ ਭਰਵੀਂ ਸ਼ਲਾਘਾ ਕੀਤੀ।
ਜਦੋਂ ਇਸ ਸਬੰਧੀ ਬਰਨਾਲਾ ਦੇ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਬਾਠ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੇਜ਼ ਹਨ੍ਹੇਰੀ ਕਾਰਨ ਜ਼ਿਲ੍ਹਾ ਬਰਨਾਲਾ ਵਿੱਚ ਕਈ ਥਾਵਾਂ ’ਤੇ ਅੱਗ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੂੰ ਦੂਜੇ ਜ਼ਿਲ੍ਹਿਆਂ ਤੋਂ ਵੀ ਅੱਗ ਬੁਝਾਊ ਗੱਡੀਆਂ ਮੰਗਵਾਉਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਸੋਹਲ ਪੱਤੀ ਨੇੜੇ ਅੱਗ ਦੀ ਚੰਗਿਆੜੀ ਵੀ ਹੋਰ ਪਾਸਿਓਂ ਤੇਜ਼ ਹਵਾ ਨਾਲ ਆਈ ਸੀ। ਉਨ੍ਹਾਂ ਕਿਹਾ ਕਿ ਇਸ ਅੱਗ ਲੱਗਣ ਕਾਰਨ 35 ਏਕੜ ਤੋਂ ਜ਼ਿਆਦਾ ਰਕਬੇ ਵਿੱਚ ਖੜ੍ਹਾ ਨਾੜ ਸੜ ਕੇ ਸੁਆਹ ਹੋ ਗਿਆ।