ਉਪ ਮੁੱਖ ਮੰਤਰੀ ਵੱਲੋਂ ਥਾਣਿਆਂ ’ਚ ਪਏ ਲੋਕਾਂ ਦਾ ਸਮਾਨ ਸਪੁਰਦ ਕਰਨ ਦੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ

Deputy CM Sachkahoon

ਉਪ ਮੁੱਖ ਮੰਤਰੀ ਵੱਲੋਂ ਥਾਣਿਆਂ ’ਚ ਪਏ ਲੋਕਾਂ ਦਾ ਸਮਾਨ ਸਪੁਰਦ ਕਰਨ ਦੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ

ਲੋਕਾਂ ਨੂੰ ਨਿਆਂ ਦਿਵਾਉਣ ਲਈ ਨਿਰੰਤਰ ਯਤਨਸ਼ੀਲ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ : ਡੀ.ਜੀ.ਪੀ. ਸਹੋਤਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਰਾਜ ਦੇ ਥਾਣਿਆਂ ’ਚ ਪਏ ਲੋਕਾਂ ਦੇ ਸਮਾਨ ਨੂੰ ਲੋਕਾਂ ਦੇ ਸਪੁਰਦ ਕਰਨ ਲਈ ਪੰਜਾਬ ਪੁਲਿਸ ਵੱਲੋਂ ਅਰੰਭੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ।

ਇਸ ਮੌਕੇ ਰੰਧਾਵਾ ਨੇ ਪਟਿਆਲਾ ਜ਼ਿਲ੍ਹੇ ’ਚ 248 ਮੁਕੱਦਮਿਆਂ ਨਾਲ ਸਬੰਧਤ 32.5 ਕਰੋੜ ਰੁਪਏ ਦੇ ਸਮਾਨ ਸਮੇਤ 184 ਵਹੀਕਲ ਵੀ ਲੋਕਾਂ ਦੇ ਸਪੁਰਦ ਕੀਤਾ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ’ਚ ਹੁਣ ਅਜਿਹੇ ਪ੍ਰਬੰਧ ਕਰ ਦਿੱਤੇ ਗਏ ਹਨ ਕਿ ਦਾਜ ਦਹੇਜ ਦੇ ਮਾਮਲਿਆਂ ’ਚ ਪਿਆ ਸਮਾਨ ਵੀ ਤੁਰੰਤ ਲੋਕਾਂ ਦੇ ਸਪੁਰਦ ਕੀਤਾ ਜਾਵੇ ਅਤੇ ਮਾਲਖ਼ਾਨੇ ਖਾਲੀ ਕੀਤੇ ਜਾਣ ਤਾਂ ਕਿ ਲੋਕਾਂ ਦਾ ਸਮਾਨ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਹੈ ਕਿ ਲੋਕਾਂ ਨੂੰ ਇਨਸਾਫ਼ ਦੁਆਇਆ ਜਾਵੇ, ਜਿਸ ਲਈ ਸੂਬੇ ਦੇ ਲੋਕਾਂ ਨੂੰ ਸਮਾਂਬੱਧ ਇਨਸਾਫ਼ ਦੁਆਉਣ ਲਈ ਦਰਖ਼ਾਸਤਾਂ ਦਾ ਨਿਪਟਾਰਾ 5 ਦਿਨਾਂ ਦੇ ਅੰਦਰ-ਅੰਦਰ ਕਰਨ ਲਈ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਜਾਂਚ ਦਾ ਕੰਮ ਕੇਵਲ ਇੱਕ ਏਜੰਸੀ ਨੂੰ ਸੌਂਪਿਆ ਗਿਆ ਹੈ ਤਾਂ ਕਿ ਲੋਕਾਂ ਦੀਆਂ ਦਰਖਾਸਤਾਂ ਤੇ ਸ਼ਿਕਾਇਤਾਂ ਇੱਕ ਤੋਂ ਦੂਜੀ ਏਜੰਸੀ ਕੋਲ ਨਾ ਜਾਣ। ਉਨ੍ਹਾਂ ਦੱਸਿਆ ਕਿ ਇਕੱਲੇ ਪਟਿਆਲਾ ਜ਼ਿਲ੍ਹੇ ’ਚ 19 ਹਜ਼ਾਰ ਦਰਖਾਸਤਾਂ ਲੰਬਿਤ ਸਨ, ਜਿਨ੍ਹਾਂ ’ਚੋਂ 6500 ਦਰਖਾਸਤਾਂ ਦਾ ਨਿਪਟਾਰਾ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਆਨਲਾਈਨ ਠੱਗੀ ਦੇ ਮਾਮਲਿਆਂ ਸਮੇਤ ਸਾਈਬਰ ਕ੍ਰਾਈਮ ਦੇ ਮਾਮਲਿਆਂ ਨੂੰ ਨਿਰਧਾਰਤ ਸਮੇਂ ’ਚ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੱਦ ਕੀਤੀ ਗਈ ਸਬ ਇੰਸਪੈਕਟਰਾਂ ਦੀ ਭਰਤੀ ਮੁੜ ਕਰਵਾਈ ਜਾਵੇਗੀ। ਪਟਿਆਲਾ ਪੁਲਿਸ ਲਾਇਨ ਦੇ ਸਟੇਡੀਅਮ ਲਈ 2 ਕਰੋੜ ਰੁਪਏ ਤੇ ਪੁਲਿਸ ਵੈਲਫੇਅਰ ਫੰਡ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪੀ.ਸੀ.ਆਰ. ਲਈ ਨਵੇਂ ਵਹੀਕਲ ਵੀ ਦਿੱਤੇ ਜਾ ਰਹੇ ਹਨ।

ਪੰਜਾਬ ਪੁਲਿਸ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਪੁਲਿਸ ਨਿਰੰਤਰ ਉਪਰਾਲੇ ਕਰ ਰਹੀ ਹੈ। ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ। ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਸਵਾਗਤ ਕਰਦਿਆਂ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਰਜਿੰਦਰ ਸਿੰਘ ਸਮਾਣਾ, ਕੁਲਬੀਰ ਸਿੰਘ ਜੀਰਾ, ਹਰਿੰਦਰ ਪਾਲ ਸਿੰਘ ਹੈਰੀਮਾਨ, ਗੁਰਸ਼ਰਨ ਕੌਰ ਰੰਧਾਵਾ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ