ਅਧਿਆਪਕਾਂ ਵੱਲੋਂ ਸਹੀ ਫਾਰਮ ਨਾ ਭਰਨ ਕਰਕੇ ਹੋਈ ਦੇਰੀ
ਸਿੱਖਿਆ ਵਿਭਾਗ ਨੇ ਦਿੱਤਾ ਦੋ ਵਾਰੀ ਫਾਰਮ ਠੀਕ ਕਰਨ ਦਾ ਸਮਾਂ, ਹੁਣ ਬੰਦ ਕਰ ਦਿੱਤਾ ਪੋਰਟਲ
ਅੱਜ ਭਲਕ ਸ਼ੁਰੂ ਹੋਏਗਾ ਤਬਾਦਲੇ ਦਾ ਕੰਮ, ਕਿਸੇ ਨੂੰ ਮਿਲੇਗੀ ਨਿਰਾਸ਼ਾ ਤਾਂ ਕਿਸੇ ਨੂੰ ਮਿਲੇਗਾ ਤਬਾਦਲੇ ਦਾ ਤੋਹਫ਼ਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਿਛਲੇ ਇੱਕ ਹਫ਼ਤੇ ਤੋਂ ਅਧਿਆਪਕਾਂ ਦੇ ਪ੍ਰਤੀ ਚਲਦੀ ਆ ਰਹੀਂ ਸਿੱਖਿਆ ਵਿਭਾਗ ਦੀ ਦਰਿਆਦਿਲੀ ਨੂੰ ਹੁਣ ਵਿਭਾਗੀ ਅਧਿਕਾਰੀਆਂ ਨੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਸਿਰਫ਼ ਉਨਾਂ ਦੇ ਹੀ ਤਬਾਦਲੇ ਹੋਣਗੇ, ਜਿਨਾਂ ਨੇ ਆਨਲਾਈਨ ਆਪਣੇ ਸਾਰੇ ਵੇਰਵੇ ਦਰੁਸਤ ਕਰਕੇ ਅਰਜ਼ੀਆਂ ਦਾਖ਼ਲ ਕੀਤੀਆਂ ਹਨ। ਵਿਭਾਗ ਵੱਲੋਂ 2 ਵਾਰ ਅਧਿਆਪਕਾਂ ਨੂੰ ਅਰਜ਼ੀਆਂ ਦਰੁਸਤ ਕਰਨ ਦਾ ਸਮਾਂ ਦੇਣ ਤੋਂ ਬਾਅਦ ਹੁਣ ਪੋਰਟਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜਿਹੜੇ ਵੀ ਅਧਿਆਪਕ ਦੀ ਅਰਜ਼ੀ ਅਤੇ ਦਾਅਵੇ ਨਹੀਂ ਦਰੁਸਤ ਹੋਣਗੇ, ਉਹ ਭਾਵੇਂ ਤਬਾਦਲੇ ਲਈ ਮੈਰਿਟ ਵਿੱਚ ਸਭ ਤੋਂ ਉੱਪਰ ਹੋਣ ਪਰ ਉਨਾਂ ਦਾ ਤਬਾਦਲਾ ਨਹੀਂ ਹੋਏਗਾ।
ਸਿੱਖਿਆ ਵਿਭਾਗ ਵਲੋਂ ਕੀਤੀ ਗਈ ਇਸ ਦਰਿਆਦਿਲੀ ਦੇ ਕਾਰਨ ਹੀ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਤਬਾਦਲੇ 8 ਦਿਨ ਲੇਟ ਹੋ ਗਏ ਹਨ। ਹੁਣ ਅਧਿਕਾਰੀਆਂ ਨੇ ਤਬਾਦਲੇ ਕਰਨ ਵਾਲੇ ਪਾਸੇ ਕੰਮ ਸ਼ੁਰੂ ਕਰ ਦਿੱਤਾ ਹੈ। ਉਮੀਦ ਜਤਾਈ ਜਾ ਰਹੀਂ ਹੈ ਕਿ ਬੁੱਧਵਾਰ ਦੇਰ ਸ਼ਾਮ ਤੱਕ ਤਬਾਦਲੇ ਦੀ ਇੱਕ ਲਿਸਟ ਆ ਜਾਏਗੀ, ਜਿਸ ਵਿੱਚ 2 ਤੋਂ 3 ਹਜ਼ਾਰ ਤੋਂ ਜ਼ਿਆਦਾ ਤਬਾਦਲੇ ਹੋ ਸਕਦੇ ਹਨ। ਸਿੱਖਿਆ ਵਿਭਾਗ ਵਿੱਚ ਆਨ ਲਾਈਨ ਤਬਾਦਲੇ ਦੇ ਕੰਮ ਨੂੰ ਦੇਖ ਰਹੇ ਡਿਪਟੀ ਐਸ.ਪੀ.ਡੀ. ਮਨੋਜ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੀ ਵਿਭਾਗ ਦੇ ਅਧਿਕਾਰੀ ਤਬਾਦਲੇ ਦੇ ਕੰਮ ਵਿੱਚ ਲੱਗੇ ਹੋਏ ਹਨ ਪਰ ਪਹਿਲਾਂ ਕੁਝ ਤਕਨੀਕੀ ਦਿੱਕਤ ਆਉਣ ਕਾਰਨ ਕੰਮ ਰੁਕਿਆ ਰਿਹਾ ਤੇ ਹੁਣ ਅਧਿਆਪਕਾਂ ਵਲੋਂ ਕਈ ਤਰਾਂ ਦੀਆਂ ਗਲਤੀਆਂ ਕਰਦੇ ਹੋਏ ਤਬਾਦਲੇ ਦੀ ਅਰਜ਼ੀ ਹੀ ਗਲਤ ਭੇਜ ਦਿੱਤੀਆਂ ਸਨ।
ਉਨਾਂ ਦੱਸਿਆ ਕਿ ਜਿੱਥੇ ਕਿਸੇ ਦਾ ਸਰਵਿਸ ਰਿਕਾਰਡ ਦਾ ਮਿਲਾਣ ਨਹੀਂ ਹੋ ਰਿਹਾ ਸੀ ਉੱਥੇ ਕਈ ਅਧਿਆਪਕਾਂ ਨੇ ਅੰਗਹੀਣ ਜਾਂ ਫਿਰ ਬਿਮਾਰੀ ਸਬੰਧੀ ਜਾਂ ਵਿਆਹੁਤਾ ਹੋਣ ਦਾ ਸਰਟੀਫਿਕੇਟ ਨਹੀਂ ਲਾਇਆ ਹੋਇਆ ਸੀ। ਜਿਸ ਕਾਰਨ ਇੱਕ ਵਾਰੀ ਨਹੀਂ ਸਗੋਂ 2-2 ਵਾਰੀ ਅਧਿਆਪਕਾਂ ਨੂੰ ਸਮਾਂ ਦਿੱਤਾ ਗਿਆ ਹੈ। ਜਿਸ ਕਾਰਨ ਆਨ ਲਾਈਨ ਤਬਾਦਲੇ ਕਰਨ ਵਿੱਚ ਦੇਰੀ ਹੋਈ ਹੈ। ਉਨਾਂ ਦੱਸਿਆ ਕਿ ਹੁਣ ਅਧਿਆਪਕਾਂ ਨੂੰ ਦਿੱਤਾ ਗਿਆ ਆਖ਼ਰੀ ਵਾਰ ਸਮਾਂ ਵੀ ਖ਼ਤਮ ਹੋ ਗਿਆ ਹੈ, ਇਸ ਲਈ ਹੁਣ ਸਿਰਫ਼ ਤਬਾਦਲਾ ਕਰਨ ਵੱਲ ਹੀ ਧਿਆਨ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਜੇਕਰ ਹੁਣ ਕਿਸੇ ਅਧਿਆਪਕ ਦੀ ਗਲਤੀ ਸਾਫ਼ਟਵੇਅਰ ਵਿੱਚ ਡਾਟਾ ਫੀਡ ਕਰਨ ਵਿੱਚ ਰਹਿ ਗਈ ਤਾਂ ਉਸ ਨੂੰ ਤਬਾਦਲਾ ਕਰਵਾਉਣ ਦਾ ਇਸ ਵਾਰ ਮੌਕਾ ਨਹੀਂ ਮਿਲੇਗਾ, ਜਦੋਂ ਕਿ ਇਨਾਂ ਤਬਾਦਲੇ ਦੇ ਹੋਣ ਤੋਂ ਬਾਅਦ ਉਹ ਆਪਣੀ ਅਰਜ਼ੀ ਇੱਕ ਵਾਰ ਫਿਰ ਤੋਂ ਪਾ ਸਕਣਗੇ। ਉਨਾਂ ਦੱਸਿਆ ਕਿ ਆਨ ਲਾਈਨ ਤਬਾਦਲੇ ਇਸੇ ਹਫ਼ਤੇ ਬੁੱਧਵਾਰ ਜਾਂ ਫਿਰ ਵੀਰਵਾਰ ਤੱਕ ਮੁੰਕਮਲ ਹੋਣ ਦੀ ਉਮੀਦ ਜਤਾਈ ਜਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।