ਸ਼ਹੀਦ ਦੀਆਂ ਦੇਸ਼-ਵਿਦੇਸ਼ ਵਿਚ ਪਈਆਂ ਨਿਸ਼ਾਨੀਆਂ ਇਕੱਤਰ ਕਰਕੇ ਮਿਊਜ਼ੀਅਮ ‘ਚ ਰੱਖੀਆਂ ਜਾਣ : ਕਮੇਟੀ ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼ਹੀਦ ਊਧਮ ਸਿੰਘ ਕੰਬੋਜ਼ ਯਾਦਗਾਰ ਕਮੇਟੀ ਸੁਨਾਮ (Shaheed Udham Singh Memorial) ਵੱਲੋਂ ਗਿਆਨੀ ਜੰਗੀਰ ਸਿੰਘ ਰਤਨ ਦੀ ਪ੍ਰਧਾਨਗੀ ਵਿਚ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਇਕੱਤਰਤਾ ਕੀਤੀ ਗਈ। ਵਿਚਾਰ ਚਰਚਾ ਦੌਰਾਨ ਸੁਨਾਮ ਦਾ ਮਾਣ ਤੇ ਦੇਸ਼ ਦੀ ਸ਼ਾਨ ਮਹਾਨ ਸ਼ਹੀਦ ਊਧਮ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਦੀ ਇਨਕਲਾਬੀ ਗਾਥਾ ਨੂੰ ਸੰਸਾਰ ਪੱਧਰ ਤੇ ਪ੍ਰਚਾਰਨ ਦੀ ਗੱਲ ਕੀਤੀ ਗਈ। ਯਾਦਗਾਰ ਕਮੇਟੀ ਦੇ ਚੇਅਰਮੈਨ ਡਾਕਟਰ ਬਲਜੀਤ ਸਿੰਘ ਨੇ ਕਿਹਾ ਕੇ ਜੰਗੀਰ ਸਿੰਘ ਰਤਨ ਵੱਲੋਂ ਲਿਖੀ ਸ਼ਹੀਦ ਊਧਮ ਸਿੰਘ ਦੀ ਜੀਵਨੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪਵਾ ਕੇ ਪ੍ਰਚਾਰ ਹਿਤ ਦੇਸ਼-ਵਿਦੇਸ਼ ਵਿਚ ਵੰਡੀ ਜਾਵੇਗੀ।
Shaheed Udham Singh Memorial
ਕਮੇਟੀ ਦੇ ਸਰਪ੍ਰਸਤ ਸਰਪੰਚ ਕੇਸਰ ਸਿੰਘ ਢੋਟ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਊਧਮ ਸਿੰਘ ਸਮਾਰਕ ਵਿੱਚ ਇੱਕ ਵਿਸ਼ਾਲ ਆਡੀਟੋਰੀਅਮ ਬਣਾਇਆ ਜਾਵੇ ਅਤੇ ਸ਼ਹੀਦ ਊਧਮ ਸਿੰਘ ਦੀਆਂ ਦੇਸ਼-ਵਿਦੇਸ਼ ਵਿਚ ਪਈਆਂ ਨਿਸ਼ਾਨੀਆਂ ਇਕੱਤਰ ਕਰਕੇ ਸੁਨਾਮ ਮਿਊਜ਼ੀਅਮ ਵਿਚ ਰੱਖੀਆਂ ਜਾਣ। ਯਾਦਗਾਰ ਕਮੇਟੀ ਵੱਲੋਂ ਸੁਨਾਮ ਪਰਸ਼ਾਸ਼ਨ ਤੋਂ ਇਹ ਵੀ ਮੰਗ ਕੀਤੀ ਗਈ ਕਿ ਮਹਾਨ ਸ਼ਹੀਦ ਦੇ ਸਤਿਕਾਰ ਵਿਚ ਸੁਨਾਮ-ਸੰਗਰੂਰ ਕੈਂਚੀਆਂ ਵਾਲੇ ਚੌਂਕ ਦਾ ਨਾਂ ਸ਼ਹੀਦ ਊਧਮ ਸਿੰਘ ਚੌਕ ਰੱਖਿਆ ਜਾਵੇ। ਆਪਣੀ ਵਾਰ ਵਾਰ ਕੀਤੀ ਜਾਂਦੀ ਮੰਗ ਨੂੰ ਦੁਹਰਾਉਂਦਿਆਂ ਯਾਦਗਾਰ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸਰਕਾਰੀ ਦਫ਼ਤਰਾਂ ਵਿਚ ਡਾਕਟਰ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਲਗਾਈ ਜਾਵੇ।
ਭੋਲਾ ਸਿੰਘ ਸੰਗਰਾਮੀ ਵੱਲੋਂ ਆਏ ਸੁਝਾਅ ਅਨੁਸਾਰ ਯਾਦਗਾਰ ਕਮੇਟੀ ਵੱਲੋਂ ਸੁਨਾਮ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਸੁਨਾਮ ਦਾ ਪੂਰਾ ਨਾਂ ਸੁਨਾਮ ਊਧਮ ਸਿੰਘ ਵਾਲਾ ਲਿਖਿਆ ਜਾਵੇ। ਕਮੇਟੀ ਪ੍ਰਧਾਨ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ 31 ਜੁਲਾਈ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਜੱਦੀ ਘਰ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਬਲਜੀਤ ਸਿੰਘ, ਸਰਪੰਚ ਕੇਸਰ ਸਿੰਘ ਢੋਟ, ਡਾਕਟਰ ਮਲਕੀਤ ਸਿੰਘ, ਜਸਪਾਲ ਸਿੰਘ ਕੋਚ, ਬਲਵਿੰਦਰ ਸਿੰਘ ਬਾਗੀ, ਤਰਸੇਮ ਸਿੰਘ ਮਹਿਰੋਕ, ਹਰਮੇਲ ਸਿੰਘ,ਬਾਈ ਧਰਮ ਸਿੰਘ, ਪ੍ਰਧਾਨ ਦੇਵ ਸਿੰਘ, ਗੁਰਚਰਨ ਸਿੰਘ ਫੋਰਮੈਨ, ਭੋਲਾ ਸਿੰਘ ਸੰਗਰਾਮੀ, ਮਹਿੰਦਰ ਸਿੰਘ, ਜੀਤ ਸਿੰਘ ਬੱਲੀ, ਹਰਨੇਕ ਸਿੰਘ ਨੂਗ੍ਹਰੀ, ਅਤੇ ਰਘਬੀਰ ਸਿੰਘ ਨੂਗ੍ਹਰੀ ਹਾਜ਼ਰ ਸਨ।