ਸਾਗਰਦੀਪ ਦੇ ਪਰਿਵਾਰ ਨੇ ਆਪਣੀ ਲੜਕੀ ਦੇ ਪਤੀ ‘ਤੇ ਲਾਏ ਦੋਸ਼, ਪਤੀ ਨੇ ਨਕਾਰੇ
ਸੁਨਾਮ ਊਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ) ਸਥਾਨਕ ਸ਼ਹਿਰ ਦੀ ਮਰਹੂਮ ਏਸ਼ੀਅਨ ਓਲੰਪੀਅਨ ਅਤੇ ਪੁਲਿਸ ਮੁਲਾਜਮ ਸਾਗਰਦੀਪ ਕੌਰ ਦੀ ਮੌਤ ਦੇ ਇਨਸਾਫ ਲਈ ਪੀੜਤ ਪਰਿਵਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ , ਜਿਸ ਵਿੱਚ ਸਾਗਰਦੀਪ ਕੌਰ ਦੇ ਪਿਤਾ ਸੁਖਸਾਗਰ ਸਿੰਘ , ਮਾਤਾ ਅਤੇ ਉਸ ਦੀ ਭੈਣ ਰਤਨਦੀਪ ਕੌਰ ਨੇ ਸਾਗਰਦੀਪ ਕੌਰ ਦੇ ਪਤੀ ਸਤਨਾਮ ਸਿੰਘ ‘ਤੇ ਇਲਜਾਮ ਲਗਾਏ ਉਹਨਾਂ ਦੱਸਿਆ ਕਿ ਉਨ੍ਹਾਂ ਦੀ ਲਾਡਲੀ ਧੀ ਨੇ ਓਲੰਪੀਅਨ ਅਤੇ ਅੰਤਰ ਰਾਸ਼ਟਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ, ਜਿਸ ਦਾ ਵਿਆਹ ਚੀਕਾ ਦੇ ਸਤਨਾਮ ਸਿੰਘ ਨਾਲ ਹੋਇਆ ਸੀ ਅਤੇ 2016 ਦੀ 23 ਨਵੰਬਰ ਦੀ ਸਵੇਰ ਨੂੰ ਉਸ ਦੇ ਪਤੀ ਸਤਨਾਮ ਸਿੰਘ ਨੇ ਸਾਗਰਦੀਪ ਕੌਰ ਦੀ ਹਾਦਸੇ ਵਿੱਚ ਮੌਤ ਦੀ ਖਬਰ ਦਿੱਤੀ ਪਰ ਪੁਲਿਸ ਨੇ 174 ਤਹਿਤ ਕਾਰਵਾਈ ਕਰਕੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ।
ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਸਾਗਰਦੀਪ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਸੀ ਜਿਸ ਦੀ ਸ਼ਿਕਾਇਤ ਪੁਲਿਸ ਅਤੇ ਅਦਾਲਤ ਵਿੱਚ ਵੀ ਕੀਤੀ ਗਈ ਪਰ ਹਰਿਆਣਾ ਪੁਲਿਸ ਵੱਲੋਂ ਕੋਈ ਵੀ ਸੱਚਾਈ ਸਾਹਮਣੇ ਨਹੀਂ ਲਿਆਂਦੀ ਗਈ। ਪੀੜਤਾਂ ਨੇ ਦੋਸ਼ ਲਾਇਆ ਕਿ ਸਾਗਰਦੀਪ ਦੇ ਸਹੁਰੇ ਪਰਿਵਾਰ ਵਿੱਚ ਦੋ ਲੜਕੀਆਂ ਹੋ ਜਾਣ ਕਾਰਨ ਉਹ ਸਾਗਰਦੀਪ ਤੋਂ ਖੁਸ਼ ਨਹੀਂ ਸੀ ਅਤੇ ਉਸ ਦੇ ਪਤੀ ਦਾ ਇੱਕ ਔਰਤ ਅਤੇ ਲੜਕੀ ਨਾਲ ਸਬੰਧਾਂ ਕਾਰਨ ਕਲੇਸ਼ ਰਹਿੰਦਾ ਸੀ। ਪੀੜਤ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਾਗਰਦੀਪ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੇਸ ਨੂੰ ਰਫਾ ਦਫਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਜਾਵੇ।
ਇਸ ਸਬੰਧੀ ਸਾਗਰਦੀਪ ਕੌਰ ਦੇ ਪਤੀ ਸਤਨਾਮ ਸਿੰਘ ਨੇ ਫੋਨ ‘ਤੇ ਦੱਸਿਆ ਕਿ ਘਟਨਾ ਵਾਲੀ ਸਵੇਰ ਉਹ ਦੋਵੇਂ ਇਕੱਠੇ ਖੇਡ ਪ੍ਰੈਕਟਿਸ ਲਈ ਨਿਕਲੇ ਸਨ ਅਤੇ ਇੱਕ ਦੂਜੇ ਤੋਂ ਦੂਰੀ ਨਾਲ ਚੱਲ ਰਹੇ ਸਨ ਕਿ ਅਚਾਨਕ ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੀ ਘਰ ਵਾਲੀ ਡਿੱਗੀ ਪਈ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਉਸ ਦੇ ਕਿਸੇ ਨਾਲ ਗਲਤ ਸੰਬੰਧ ਨਹੀਂ ਅਤੇ ਉਸ ਨੇ ਦੁਬਾਰਾ ਵਿਆਹ ਵੀ ਨਹੀਂ ਕਰਵਾਇਆ। ਸਾਗਰਦੀਪ ਦਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਸਾਗਰਦੀਪ ਦੀ ਮੌਤ ਦੀ ਕਈ ਸੀਨੀਅਰ ਅਧਿਕਾਰੀਆਂ ਨੇ ਜਾਂਚ ਕੀਤੀ ਹੈ ਅਤੇ ਹਾਈ ਕੋਰਟ ਤੱਕ ਨੇ ਵੀ ਮਾਮਲਾ ਡਿਸਮਿਸ ਕੀਤਾ ਸੀ । ਉਸ ਨੇ ਕਿਹਾ ਕਿ ਉਸ ‘ਤੇ ਲਾਏ ਹੋਏ ਸਾਰੇ ਦੋਸ਼ ਝੂਠੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ