ਪਾਵਰਕੌਮ ਦੇ ਥਰਮਲਾਂ ਦੇ 11 ਯੂਨਿਟ ਚਾਲੂ | Powercom
- ਸਰਕਾਰ ਵੱਲੋਂ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਦੀ ਲੋਕ ਲੈ ਰਹੇ ਨੇ ਲਾਭ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੰਤਾਂ ਦੀ ਪੈ ਰਹੀ ਸਰਦੀ ’ਚ ਵੀ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਚੱਲ ਰਹੀ ਹੈ। ਮੌਜ਼ੂਦਾ ਸਮੇਂ ਪਾਵਰਕੌਮ ਵੱਲੋਂ ਆਪਣੇ 11 ਯੂਨਿਟ ਭਖਾਏ ਹੋਏ ਹਨ। ਕੱਕਰ ਵਰਗੀ ਸਰਦੀ ਤੋਂ ਬਚਣ ਲਈ 300 ਮੁਫ਼ਤ ਯੂਨਿਟ ਦਾ ਫਾਇਦਾ ਲੈਦਿਆਂ ਆਮ ਲੋਕਾਂ ਵੱਲੋਂ ਹੀਟਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਵੇਰਵਿਆ ਮੁਤਾਬਿਕ ਸਰਦੀਆਂ ਦੇ ਸਮੇਂ ਵਿੱਚ ਵੀ ਬਿਜਲੀ ਦੀ ਮੰਗ ਜ਼ੋਰ ਫੜ ਰਹੀ ਹੈ ਅਤੇ ਅੱਜ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ। ਉਂਜ ਕੁਝ ਦਿਨ ਪਹਿਲਾਂ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਨੇੜੇ ਸੀ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਵੀ 8 ਯੂਨਿਟਾਂ ਵਿੱਚੋਂ 6 ਯੂਨਿਟ ਭਖਾਏ ਹੋਏ ਹਨ। (Powercom)
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ ਮੱ…
ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਮੌਜ਼ੂਦਾ ਸਮੇਂ ਚਾਰ ਵਿੱਚੋਂ 3 ਯੂਨਿਟ ਚੱਲ ਰਹੇ ਹਨ ਅਤੇ ਇਨ੍ਹਾਂ ਯੂਨਿਟਾਂ ਤੋਂ 660 ਮੈਗਾਵਾਟ ਬਿਜਲੀ ਪੈਦਾਵਾਰ ਹੋ ਰਹੀ ਹੈ। ਇਸ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਪਿਛਲੇ ਸਾਲ ਤੋਂ ਬੰਦ ਪਿਆ ਹੈ। ਇਸ ਦੇ ਨਾਲ ਹੀ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਵੀ 3 ਯੂਨਿਟ ਚਾਲੂ ਹਨ ਅਤੇ ਇਸ ਥਰਮਲ ਪਲਾਂਟ ਤੋਂ 495 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਬੰਦ ਹੈ। ਇਸ ਦੇ ਨਾਲ ਹੀ ਜੇਕਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾ ਇਸ ਸਮੇਂ ਇਹ ਪੂਰੀ ਸਮਰੱਥਾ ’ਤੇ ਭਖਿਆ ਹੋਇਆ ਹੈ ਅਤੇ ਇੱਥੋਂ 1331 ਮੈਗਾਵਾਟ ਬਿਜਲੀ ਉਦਪਾਦਨ ਹੋ ਰਿਹਾ ਹੈ। (Powercom)
ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ, ਜਦੋਂ ਕਿ ਇਸ ਦੇ ਦੋ ਯੂਨਿਟ ਬੰਦ ਹਨ। ਇਸ ਦੇ ਇੱਕ ਯੂਨਿਟ ਤੋਂ 575 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪੰਜਾਬ ਦਾ ਇਹ ਸਭ ਤੋਂ ਵੱਡਾ ਪ੍ਰਾਈਵੇਟ ਥਰਮਲ ਪਲਾਂਟ ਹੈ। ਇਸ ਦੀ ਸਮਰੱਥਾ 1980 ਮੈਗਾਵਾਟ ਹੈ। ਸਰਦੀਆਂ ਵਿੱਚ ਆਮ ਲੋਕਾਂ ਵੱਲੋਂ 300 ਮੁਫ਼ਤ ਬਿਜਲੀ ਦੀ ਲਾਹਾ ਖੱਟਿਆ ਜਾ ਰਿਹਾ ਹੈ ਅਤੇ ਗਰਮ ਹੀਟਰਾਂ ਰਾਹੀਂ ਸਰਦੀ ਤੋਂ ਰਾਹਤ ਪਾਈ ਜਾ ਰਹੀ ਹੈ। ਪਾਵਰਕੌਮ ਵੱਲੋਂ ਸਰਦੀਆਂ ਵਿੱਚ ਵੀ ਬਿਜਲੀ ਚੋਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। (Powercom)
ਸਰਕਾਰ ਵੱਲੋਂ ਖਰੀਦੇ ਜੀਵੀਕੇ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ | Powercom
ਪੰਜਾਬ ਸਰਕਾਰ ਵੱਲੋਂ ਖਰੀਦਿਆ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 405 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਹ ਥਰਮਲ ਪਲਾਂਟ 540 ਮੈਗਾਵਾਟ ਦੀ ਸਮਰੱਥਾ ਵਾਲਾ ਹੈ। ਉਂਜ ਇਹ ਥਰਮਲ ਪਲਾਂਟ ਕੋਲੇ ਦੀ ਕਮੀ ਨਾਲ ਦੋ-ਚਾਰ ਹੁੰਦਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਖਰੀਦਣ ਤੋਂ ਬਾਅਦ ਪਾਵਰਕੌਮ ਵੱਲੋਂ ਇਸ ਥਰਮਲ ਦੀ ਕੋਲੇ ਦੀ ਕਮੀ ਦੂਰ ਕਰ ਦਿੱਤੀ ਜਾਵੇਗੀ। ਗਰਮੀਆਂ ਦੇ ਸੀਜ਼ਨ ਦੌਰਾਨ ਇਹ ਥਰਮਲ ਪਲਾਂਟ ਪਾਵਰਕੌਮ ਲਈ ਸਹਾਈ ਹੋਵੇਗਾ। (Powercom)