ਮੂਹਰਲੀ ਕਤਾਰ ਦੇ ਚਾਰ ਦਿੱਗਜ ਆਗੂਆਂ ਨੇ ਨਿਭਾਈ ਦਿੱਲੀ ਮੋਰਚੇ ਵਿੱਚ ਅਹਿਮ ਭੂਮਿਕਾ
ਡਾ. ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਸਤਨਾਮ ਸਿੰਘ ਬਹਿਰੂ ਅਤੇ ਬੂਟਾ ਸਿਘ ਸ਼ਾਦੀਪੁਰ ਦੇ ਨਾਮ ਸ਼ਾਮਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ ਮੋਰਚੇ ਨੂੰ ਫ਼ਤਹਿ ਕਰਨ ਵਾਲੇ ਮੂਹਰਲੀ ਕਤਾਰ ਦੇ ਕਿਸਾਨ ਆਗੂਆਂ ਵਿੱਚ ਪਟਿਆਲਾ ਜ਼ਿਲ੍ਹੇ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਅੰਦਰ ਪਟਿਆਲਾ ਹੀ ਅਜਿਹਾ ਜ਼ਿਲ੍ਹਾ ਹੈ , ਜਿੱਥੋਂ ਦੇ ਚਾਰ ਮੂਹਰਲੀ ਕਤਾਰ ਦੇ ਆਗੂਆਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਇੱਧਰ ਦਿੱਲੀ ਮੋਰਚਿਆਂ ਤੋਂ ਵਾਪਸ ਆਉਣ ਵਾਲੇ ਜੇਤੂ ਯੋਧਿਆਂ ਦੇ ਸਨਮਾਨ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਤੋਂ ਹੀ ਇਕਜੁੱਟ ਹੋਕੇ ਪੰਜਾਬ ਅੰਦਰ ਮੋਰਚਾ ਖੋਲ੍ਹਿਆ ਗਿਆ ਸੀ, ਜਿਸ ਤੋਂ ਬਾਅਦ ਇਹ ਸੰਘਰਸ਼ ਦੇਸ਼ ਪੱਧਰ ’ਤੇ ਪੁੱਜ ਗਿਆ। ਦਿੱਲੀ ਦੇ ਬਾਰਡਰਾਂ ’ਤੇ ਕੇਂਦਰ ਸਰਕਾਰ ਵਿਰੁੱਧ ਸ਼ੁਰੂ ਹੋਏ ਇਸ ਸੰਘਰਸ਼ ਵਿੱਚ ਉਂਜ ਭਾਵੇਂ ਸਾਰੇ ਹੀ ਕਿਸਾਨ ਆਗੂਆਂ ਵੱਲੋਂ ਲਾਮਿਸਾਲ ਭੂਮਿਕਾ ਨਿਭਾਈ ਗਈ ਹੈ, ਪਰ ਇਸ ਸੰਘਰਸ਼ ਵਿੱਚ ਪਟਿਆਲਾ ਜ਼ਿਲ੍ਹੇ ਦੇ ਮੂਹਰਲੀ ਕਤਾਰ ਦੇ ਕਿਸਾਨ ਆਗੂਆਂ ਦਾ ਵੱਡਾ ਯੋਗਦਾਨ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਇਸ ਸੰਘਰਸ਼ ਵਿੱਚ ਮੁੱਢ ਤੋਂ ਹੀ ਖੜ੍ਹੇ ਦਿਖਾਈ ਦਿੱਤੇ। ਉਨ੍ਹਾਂ ਵੱਲੋਂ ਲਗਾਤਾਰ ਆਪਣਾ ਘਰ-ਬਾਰ ਤਿਆਗ ਕੇ ਦਿੱਲੀ ਵਿਖੇ ਹੀ ਡੇਰੇ ਲਾਈ ਰੱਖੇ। ਡਾ.ਦਰਸ਼ਨਪਾਲ ਉੱਚ ਪੜ੍ਹੇ ਲਿਖੇ ਕਿਸਾਨ ਆਗੂ ਹਨ ਅਤੇ ਉਹ ਐੱਮਬੀਬੀਐੱਸ ਡਾਕਟਰ ਹਨ ਅਤੇ ਰਜਿੰਦਰਾ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰੈਸ ਕਾਨਫਰੰਸਾਂ ਸਮੇਤ ਅਹਿਮ ਸਮਿਆਂ ’ਤੇ ਉਨ੍ਹਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਮੂਹਰਲੀ ਕਤਾਰ ਦੇ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਵੀ ਸ਼ਾਮਲ ਹਨ। ਜਗਮੋਹਨ ਸਿੰਘ ਵੀ ਲਗਭਗ ਇੱਕ ਸਾਲ ਤੋਂ ਹੀ ਦਿੱਲੀ ਡਟੇ ਹੋਏ ਹਨ ਅਤੇ ਇੱਕ ਅੱਧੀ ਵਾਰ ਹੀ ਉਨ੍ਹਾਂ ਨੇ ਆਪਣੇ ਘਰ ਦਾ ਰਾਹ ਫੜਿਆ ਹੈ। ਉਨ੍ਹਾਂ ਵੱਲੋਂ ਪੰਜਾਬ ਅੰਦਰ ਚੱਲ ਰਹੇ ਧਰਨਿਆਂ, ਸਮੇਂ ਸਮੇਂ ’ਤੇ ਕੀਤੇ ਭਾਰਤ ਬੰਦਾਂ ਆਦਿ ਸਬੰਧੀ ਮੀਡੀਆ ਨੂੰ ਪੂਰੀ ਜਾਣਕਾਰੀ ਮੁਹੱਈਆਂ ਕਰਵਾਉਂਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੀ ਜਥੇਬੰਦੀ ਦੇ ਕਿਸਾਨਾਂ ਨੂੰ ਪ੍ਰੇਰ ਕੇ ਦਿੱਲੀ ਵਿਖੇ ਧਰਨੇ ਵਿੱਚ ਪੁੱਜਣ ਲਈ ਅਹਿਮ ਭੂਮਿਕਾ ਨਿਭਾਈ ਹੈ।
ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ਾਦੀਪੁਰ ਦੇ ਬੂਟਾ ਸਿੰਘ ਸ਼ਾਦੀਪੁਰ ਜੋ ਕਿ ਭਾਰਤੀ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਹਨ, ਉਹ ਵੀ ਲਗਾਤਾਰ ਮੋਰਚੇ ਵਿੱਚ ਡਟੇ ਰਹੇ ਹਨ। ਸ਼ਾਦੀਪੁਰ ਦਾ ਕਹਿਣਾ ਸੀ ਕਿ ਦਿੱਲੀ ਮੋਰਚੇ ਦੀ ਜਿੱਤ ਵਿੱਚ ਦੇਸ਼ ਭਰ ਦੇ ਕਿਸਾਨਾਂ, ਲੋਕਾਂ ਅਤੇ ਵਿਦੇਸ਼ੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇਹ ਨਾ ਭੁਲਣਯੋਗ ਸੰਘਰਸ਼ ਹੈ ਜੋ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਇਸ ਤੋਂ ਇਲਾਵਾ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੀ ਦਿੱਲੀ ਸੰਘਰਸ਼ ਵਿੱਚ ਡਟੇ ਰਹੇ ਹਨ। ਬਹਿਰੂ ਸੰਯੁਕਤ ਕਿਸਾਨ ਮੋਰਚੇ ਦੇ ਸਭ ਤੋਂ ਬਜੁਰਗ ਆਗੂ ਹਨ, ਜਿਨ੍ਹਾਂ ਦੀ ਉਮਾਰ 82 ਸਾਲ ਹੈ। ਬਹਿਰੂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 41 ਸਾਲਾਂ ਤੋਂ ਕਿਸਾਨਾਂ ਨਾਲ ਜੁੜੇ ਮੁੱਦਿਆਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਿੱਲੀ ਮੋਰਚੇ ਨੂੰ ਸਭ ਤੋਂ ਵੱਡੀ ਜਿੱਤ ਦੱਸਿਆ ਹੈ। ਇਸ ਤੋਂ ਇਲਾਵਾ ਦੂਜੀ ਕਤਾਰ ਦੇ ਆਗੂਆਂ ਵਿੱਚ ਰਮਿੰਦਰ ਪਟਿਆਲਾ ਵੱਲੋਂ ਵੀ ਦਿੱਲੀ ਮੋਰਚੇ ਵਿੱਚ ਆਪਣੀ ਵਿਸ਼ੇਸ ਭੂਮਿਕਾ ਨਿਭਾਈ ਗਈ ਹੈ।
ਅੱਜ ਹੋਵੇਗਾ ਦਿੱਲੀ ਦੇ ਯੋਧਿਆਂ ਦਾ ਸਨਮਾਨ
ਕਿਸਾਨ-ਅੰਦੋਲਨ ਦੀ ਜਿੱਤ ਤੋਂ ਬਾਅਦ 11 ਦਸੰਬਰ ਨੂੰ ਦਿੱਲੀ ਦੇ ਮੋਰਚਿਆਂ ਤੋਂ ਵਾਪਸ ਆਉਣ ਵਾਲੇ ਯੋਧਿਆਂ ਦੇ ਸਨਮਾਨ ਲਈ ਤਿਆਰੀਆਂ ਜੋਰਾਂ ’ਤੇ ਹਨ। ਪਕਵਾਨਾਂ ਅਤੇ ਮਠਿਆਈਆਂ ਦੇ ਮੀਨੂ ਬਣਾਏ ਜਾ ਰਹੇ ਹਨ, ਹਲਵਾਈਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਢੋਲੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਵਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਧਰਨਿਆਂ ਵਿੱਚ ਵਿਆਹ ਵਰਗਾ ਮਾਹੌਲ ਹੈ। ਕਿਸਾਨ ਬੀਬੀਆਂ ਵਿਆਹ ਦੇ ਮੇਲ ਵਾਂਗ ਗੀਤ ਗਾਉਂਦੀਆਂ ਹੋਈਆਂ ਧਰਨਿਆਂ ’ਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਸ਼ਖਸ ਜਿੱਤ ਦਾ ਸਰੂਰ ਮਹਿਸੂਸ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ