ਇੱਕ ਸਾਲ ’ਚ 60415 ਲੋਕਾਂ ਨੇ ਕੀਤਾ ਸਫ਼ਰ, 6 ਕਰੋੜ 24 ਲੱਖ ਤੋਂ ਜ਼ਿਆਦਾ ਹੋਈ ਕਮਾਈ | PRTC
- ਦਸੰਬਰ ਅਤੇ ਜਨਵਰੀ ਮਹੀਨੇ ’ਚ 6-6 ਹਜ਼ਾਰ ਤੋਂ ਜ਼ਿਆਦਾ ਸਵਾਰੀਆਂ ਨੇ ਕੀਤਾ ਸਫ਼ਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਲਈ ਸ਼ੁਰੂ ਕੀਤੀ ਗਈ ਪੀਆਰਟੀਸੀ (PRTC) ਦੀ ਵੋਲਵੋ ਬੱਸ ਸੇਵਾ ਦਾ ਵੱਡੀ ਗਿਣਤੀ ਲੋਕਾਂ ਵੱਲੋਂ ਲਾਭ ਉਠਾਇਆ ਜਾ ਰਿਹਾ ਹੈ। ਪੀਆਰਟੀਸੀ ਵੱਲੋਂ ਵੱਖ-ਵੱਖ ਥਾਵਾਂ ਤੋਂ ਸ਼ੁਰੂ ਕੀਤੀ ਗਈ ਦਿੱਲੀ ਏਅਰਪੋਰਟ ਲਈ ਬੱਸ ਸੇਵਾ ਦਾ ਇੱਕ ਸਾਲ ਵਿੱਚ 60 ਹਜ਼ਾਰ ਤੋਂ ਜ਼ਿਆਦਾ ਸਵਾਰੀਆਂ ਵੱਲੋਂ ਲਾਹਾ ਖੱਟਿਆ ਗਿਆ ਹੈ। ਪੀਆਰਟੀਸੀ ਨੂੰ ਇੱਕ ਸਾਲ ਵਿੱਚ ਹੀ ਦਿੱਲੀ ਏਅਰਪੋਰਟ ਸਰਵਿਸ ਤੋਂ 6 ਕਰੋੜ 24 ਲੱਖ ਤੋਂ ਜ਼ਿਆਦਾ ਦੀ ਕਮਾਈ ਵੀ ਹੋਈ ਹੈ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜੂਨ 2022 ਵਿੱਚ ਦਿੱਲੀ ਏਅਰਪੋਰਟ ਲਈ ਪੀਆਰਟੀਸੀ ਦੀ ਵੋਲਵੋ ਬੱਸ ਸਰਵਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਗਈ ਸੀ। ਮੌਜ਼ੂਦਾ ਸਮੇਂ ਦਿੱਲੀ ਏਅਰਪੋਰਟ ਲਈ ਪੀਆਰਟੀਸੀ ਦੀਆਂ ਵੱਖ-ਵੱਖ ਸਟੇਸ਼ਨਾਂ ਤੋਂ 20 ਦੇ ਕਰੀਬ ਵੋਲਵੋ ਬੱਸਾਂ ਚੱਲ ਰਹੀਆਂ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿਦਿਆਰਥੀ ਵਿਦੇਸ਼ਾਂ ’ਚ ਪੜ੍ਹਾਈ ਲਈ ਪੁੱਜਦੇ ਹਨ ਅਤੇ ਇਸ ਤੋਂ ਇਲਾਵਾ ਆਮ ਲੋਕ ਵੀ ਦਿੱਲੀ ਜਾਂ ਵਿਦੇਸ਼ਾਂ ਵੱਲ ਰਵਾਨਾ ਹੁੰਦੇ ਹਨ, ਜਿਨ੍ਹਾਂ ਲਈ ਇਹ ਬੱਸਾਂ ਘੱਟ ਖਰਚੇ ’ਚ ਵੱਡੀ ਸਹੂਲਤ ਸਾਬਤ ਹੋ ਰਹੀਆਂ ਹਨ।
ਪੀਆਰਟੀਸੀ ਦੀਆਂ ਬੱਸਾਂ ਵਾਜਬ ਰੇਟਾਂ ’ਤੇ ਦਿੱਲੀ ਏਅਰਪੋਰਟ ਤੱਕ ਦੇ ਰਹੀਆਂ ਨੇ ਸਹੂਲਤਾਂ
ਇਕੱਤਰ ਕੀਤੇ ਵੇਰਵਿਆਂ ਤੋਂ ਸਾਹਮਣੇ ਆਇਆ ਹੈ ਕਿ ਆਏ ਮਹੀਨੇ ਇਨ੍ਹਾਂ ਬੱਸਾਂ ਰਾਹੀਂ 5 ਹਜ਼ਾਰ ਤੋਂ ਜ਼ਿਆਦਾ ਸਵਾਰੀ ਦਿੱਲੀ ਏਅਰਪੋਰਟ ਲਈ ਆਉਣ-ਜਾਣ ਕਰ ਰਹੇ ਹਨ। ਸਾਲ 2022 ਦੇ ਦਸਬੰਰ ਮਹੀਨੇ ਅਤੇ ਸਾਲ 2023 ਦੇ ਪਹਿਲੇ ਮਹੀਨੇ ਤਾਂ ਇਨ੍ਹਾਂ ਬੱਸਾਂ ਰਾਹੀਂ ਦਿੱਲੀ ਏਅਰਪੋਰਟ ’ਤੇ ਪੁੱਜਣ ਵਾਲੇ ਸਵਾਰੀਆਂ ਦੀ ਗਿਣਤੀ 6 ਹਜ਼ਾਰ ਨੂੰ ਪਾਰ ਕਰ ਗਈ ਹੈ। ਇੱਕ ਸਾਲ ਵਿੱਚ 60415 ਸਵਾਰੀਆਂ ਵੱਲੋਂ ਦਿੱਲੀ ਏਅਰਪੋਰਟ ਤੱਕ ਸਫ਼ਰ ਕੀਤਾ ਹੈ ਅਤੇ ਪੀਆਰਟੀਸੀ ਨੂੰ 6 ਕਰੋੜ 24 ਕਰੋੜ 60 ਹਜ਼ਾਰ 600 ਰੁਪਏ ਦੀ ਰਾਸ਼ੀ ਇਕੱਠੀ ਹੋਈ ਹੈ।
ਇਹ ਵੀ ਪੜ੍ਹੋ : ਸਾਧ-ਸੰਗਤ ਨੇ ਲੰਦਨ ’ਚ ਵਾਤਾਵਰਨ ਦਿਵਸ ਮੌਕੇ ਚਲਾਇਆ ਸਫਾਈ ਤੇ ਰੁੱਖ ਲਾਓ ਅਭਿਆਨ
ਪੀਆਰਟੀਸੀ ਦੀਆਂ ਵੋਲਵੋ ਬੱਸਾਂ ਦਿੱਲੀ ਏਅਰਪੋਰਟ ਲਈ ਵੱਖ-ਵੱਖ ਸਟੇਸ਼ਨਾਂ ਤੋਂ ਲਗਭਗ 700 ਤੋਂ ਲੈ ਕੇ ਲਗਭਗ 1200 ਰੁਪਏ ਦੇ ਵਿਚਕਾਰ ਹੀ ਟਿਕਟ ਖਰਚੇ ’ਤੇ ਜਾ ਰਹੀਆਂ ਹਨ ਜਦੋਂਕਿ ਬਾਕੀ ਲਗਜ਼ਰੀ ਬੱਸਾਂ ਦਾ ਕਿਰਾਇਆ ਕਿਤੇ ਜ਼ਿਆਦਾ ਹੈ। ਪਟਿਆਲਾ ਤੋਂ ਦਿੱਲੀ ਏਅਰਪੋਰਟ ਲਈ ਬੈਠੇ ਬਲਜੋਤ ਸਿੰਘ ਨਾਂਅ ਦੇ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਟਿਕਟ 700 ਰੁਪਏ ਵਿੱਚ ਆਨ ਲਾਈਨ ਬੁਕਿੰਗ ਕੀਤੀ ਗਈ ਸੀ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਬੱਸ ਸਰਵਿਸ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਬਾਕੀ ਮੈਂਬਰ ਹੀ ਦਿੱਲੀ ਏਅਰਪੋਰਟ ਤੋਂ ਘੱਟ ਖਰਚੇ ’ਤੇ ਆਉਣ-ਜਾਣ ਕਰ ਸਕਦੇ ਹਨ।
ਬਠਿੰਡਾ ਤੋਂ ਚੰਡੀਗੜ੍ਹ ਲਈ 8 ਵੋਲਵੋ ਬੱਸਾਂ ਮਿਲਣਗੀਆਂ ਜਲਦ: ਚੇਅਰਮੈਨ ਰਣਜੋਧ ਸਿੰਘ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਪੀਆਰਟੀਸੀ ਆਮ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਲਈ ਪੀਆਰਟੀਸੀ ਵੱਲੋਂ ਵਾਜ਼ਬ ਕਿਰਾਏ ’ਤੇ ਦਿੱਤੀ ਜਾ ਰਹੀ ਸਹੁੂਲਤ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਲਾਭ ਉਠਾਇਆ ਜਾ ਰਿਹਾ ਹੈ। ਜਦੋਂਕਿ ਇਸ ਤੋਂ ਪਹਿਲਾ ਆਮ ਲੋਕਾਂ ਨੂੰ ਮੋਟਾ ਕਿਰਾਇਆ ਖਰਚ ਕਰਕੇ ਦਿੱਲੀ ਪੁੱਜਣਾ ਪੈਂਦਾ ਸੀ। ਉਨ੍ਹਾਂ ਹੋਰ ਦੱਸਿਆ ਕਿ ਬਠਿੰਡਾ ਤੋਂ ਚੰਡੀਗੜ੍ਹ ਲਈ ਪੀਆਰਟੀਸੀ ਵੱਲੋਂ 8 ਵੋਲਵੋਂ ਬੱਸਾਂ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਆਰਟੀਸੀ ਵਿੱਤੀ ਪੱਖੋਂ ਆਪਣੇ ਪੈਰਾਂ ਸਿਰ ਹੈ ਅਤੇ ਅਦਾਰਾ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਤਨਖਾਹਾਂ ਆਦਿ ਮੁਹੱਈਆ ਕਰਵਾ ਰਿਹਾ ਹੈ।