ਮਾਣਹਾਨੀ ਕੇਸ: ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅਦਾਲਤ ‘ਚ ਕਰਵਾਏ ਬਿਆਨ ਦਰਜ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖਿਲਾਫ਼ ਇੱਥੇ ਪਟਿਆਲਾ ਅਦਾਲਤ ਵਿੱਚ ਮਾਣਹਾਨੀ ਦੇ ਕੀਤੇ ਕੇਸ ਵਿੱਚ ਗਵਾਹੀਆਂ ਬੰਦ ਕਰਵਾਉਣ ਲਈ ਆਪਣੇ ਬਿਆਨ ਦਰਜ ਕਰਵਾਏ ਗਏ। ਇਸ ਦੌਰਾਨ ਅਦਾਲਤ ਵੱਲੋਂ ਅਗਲੀ ਸੁਣਵਾਈ 1 ਅਗਸਤ ‘ਤੇ ਪਾ ਦਿੱਤੀ ਗਈ।
ਜਾਣਕਾਰੀ ਅਨੁਸਾਰ ਬ੍ਰਹਮ ਮਹਿੰਦਰਾ ਅੱਜ ਇੱਥੇ ਮਾਣਯੋਗ ਨਿਧੀ ਸੈਣੀ ਦੀ ਅਦਾਲਤ ਵਿੱਚ ਖੁਦ ਪੇਸ਼ ਹੋਏ। ਇਸ ਕੇਸ ‘ਚ ਹੁਣ ਤੱਕ 22 ਗਵਾਹ ਭੁਗਤ ਗਏ ਹਨ। ਗਵਾਹੀਆਂ ਬੰਦ ਕਰਾਉਣ ਲਈ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਬਿਆਨ ਦਰਜ ਕਰਵਾਏ। ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਅੰਦਰ ਹੋਈਆਂ ਗਵਾਹੀਆਂ ਜਾਂਚਣ ਤੋਂ ਬਾਅਦ ਅਦਾਲਤ ਵੱਲੋਂ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਮਨਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਅਦਾਲਤ ਅੱਗੇ ਪੂਰੇ ਸਬੂਤ ਰੱਖੇ ਗਏ ਹਨ ਤੇ ਇਨਸਾਫ਼ ਮਿਲੇਗਾ। ਇਸ ਦੌਰਾਨ ਬ੍ਰਹਮ ਮਹਿੰਦਰਾ ਵੱਲੋਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਜਿਨ੍ਹਾਂ ਕੋਲ ਪਿਛਲੇ ਸਮੇਂ ਸਿਹਤ ਮਹਿਕਮਾ ਸੀ ‘ਤੇ ਕਥਿਤ ਦੋਸ਼ ਲਾਏ ਗਏ ਸਨ ਕਿ ਇਨ੍ਹਾਂ ਵੱਲੋਂ ਜੋ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਵਾਈ ਭੇਜੀ ਜਾ ਰਹੀ ਹੈ, ਉਹ ਇਨ੍ਹਾਂ ਦੇ ਆਪਣੇ ਨੇੜਲੇ ਦੀ ਹੈ ਅਤੇ ਇਸ ਵਿੱਚੋਂ ਮੋਟਾ ਹੇਰ ਫੇਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਦੋਸ਼ਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਬ੍ਰਹਮ ਮਹਿੰਦਰਾ ਵੱਲੋਂ ਐਕਸ਼ਨ ਲੈਂਦਿਆਂ ਕੋਰਟ ਵਿੱਚ ਇਹ ਕੇਸ ਪਾਇਆ ਗਿਆ ਕਿ ਇਨ੍ਹਾਂ ਦੋਸ਼ਾਂ ਨਾਲ ਉਨ੍ਹਾਂ ਦੀ ਰਾਜਨੀਤਿਕ ਤੇ ਸਮਾਜਿਕ ਛਵੀ ਖਰਾਬ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਇਹ ਦੋਸ਼ ਬਿਨਾਂ ਸਬੂਤਾਂ ਦੇ ਲਾਏ ਗਏ ਹਨ, ਜਿਸ ਸਬੰਧੀ ਸਿਮਰਜੀਤ ਬੈਂਸ ਖਿਲਾਫ਼ ਇੱਥੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਇਹ ਕੇਸ ਧਾਰਾ 499, 500 ਧਾਰਾ ਤਹਿਤ ਫੌਜਦਾਰੀ ਕੇਸ ਦਰਜ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।