ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਖਿਲਾਫ਼ ਪਾਇਆ ਮਾਣਹਾਨੀ ਦਾ ਕੇਸ ਖ਼ਾਰਜ ਕਰ ਦਿੱਤਾ ਹੈ।
ਇਹ ਸੀ ਮਾਮਲਾ
ਜੋਜੋ ਜੌਹਲ ’ਤੇ ਕੇਜਰੀਵਾਲ (Arvind Kejriwal) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਵਿਖ਼ੇ ਹੋਈ ਵਪਾਰੀਆਂ ਦੀ ਇੱਕ ਮੀਟਿੰਗ ਵਿੱਚ ਤਿੱਖੀ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਭੜਕੇ ਜੋਜੋ ਜੌਹਲ ਨੇ ਅਰਵਿੰਦ ਕੇਜਰੀਵਾਲ ’ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ। ਕੇਜਰੀਵਾਲ ਨੇ ਵਪਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਸੁਣਿਆ ਹੈ ਕਿ ‘‘ਇੱਥੇ ਤੁਹਾਨੂੰ ਕੋਈ ‘ਜੋਜੋ ਟੈਕਸ’ ਵੀ ਦੇਣਾ ਪੈਂਦਾ ਹੈ, ਕੀ ਐਸੀ ਕੋਈ ਗੱਲ ਹੈ?’’
ਇਸ ਤੋਂ ਭੜਕੇ ਜੋਜੋ ਜੌਹਲ ਨੇ ਮੀਡੀਆ ਵਿੱਚ ਆ ਕੇ ਕਿਹਾ ਸੀ ਕਿ ਉਹ ਕੇਜਰੀਵਾਲ ਨੂੰ ਮਾਣਹਾਨੀ ਦੇ ਕੇਸ ਵਿੱਚ ਘਸੀਟਣਗੇ ਪਰ ਅਦਾਲਤ ਵੱਲੋਂ ਆਏ ਫ਼ੈਸਲੇ ਨਾਲ ਕੇਜਰੀਵਾਲ ਨੂੰ ਰਾਹਤ ਮਿਲੀ ਹੈ ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਕੀਤ ਬਿਨਾ ਹੀ ਕੇਸ ਖ਼ਾਰਜ ਕਰ ਦਿੱਤਾ ਹੈ। ਦੱਸ ਦਈਏ ਕਿ ਜੈਜੀਤ ਸਿੰਘ ਜੋਜੋ ਜੌਹਲ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਦੇ ਭਰਾ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ।