ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ

Beutiful Life

ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀਗੋਚਰ ਕਰਦੇ ਨੇ। ਕੁਦਰਤ ਦੀ ਸਾਜੀ ਕਾਇਨਾਤ ਕਈ ਵਾਰ ਆਪਣੀ ਬੁੱਧੀ ਦੀਆਂ ਸੀਮਾਵਾਂ ਪਾਰ ਕਰਕੇ ਕਲਪਨਾ ਦੀ ਅਣਕਿਆਸੀ ਉਡਾਣ ਭਰ ਲੈਂਦੀ ਹੈ, ਕਿ ਸਥਿਤੀ ਦਾ ਕਲਪਨਾ ਨਾਲ ਤੁਲਾਤਮਿਕ ਅਧਿਐਨ ਕਰਨਾ ਵੀ ਔਖਾ ਹੋ ਨਿੱਬੜਦੈ। ਗੱਲ ਹਨੇ੍ਹਰ-ਸਵੇਰ ਤੱਕ ਸੀਮਤ ਨਹੀਂ ਏ। ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਅਰੰਭਤਾ ਤੋਂ ਅੰਤ ਸ਼ਬਦ ਵੀ ਸਵੇਰੇ ਤੋਂ ਹਨੇ੍ਹਰੇ ਤੱਕ ਦੇ ਮਾਅਨਿਆਂ ਦੀ ਤਰਜ਼ਮਾਨੀ ਕਰਦੇ ਹਨ। ਇਸੇ ਹੀ ਤਰ੍ਹਾਂ ਮੀਲਾਂ ਦਾ ਸਫ਼ਰ ਤੈਅ ਕਰਦਿਆਂ ਪਹਿਲਾ ਕਦਮ ਚੁੱਕਣ ਵੇਲੇ ਤੋਂ ਆਖਰੀ ਪੜਾਅ ਤੱਕ ਦਾ ਸਫ਼ਰ, ਗੱਡੀ ਦੀ ਸਲਫ ਤੇ ਪੜਾਅ ਤੱਕ ਪੁੱਜ ਕੇ ਚਾਬੀ ਨਾਲ ਬੰਦ ਕਰਨ ਦੀ ਪ੍ਰਵਿਰਤੀ ਵੀ ਭਿੰਨ-ਭਿੰਨ ਵਿਚਾਰਾਂ ਦਾ ਪ੍ਰਗਟਾਵਾ ਏ।

ਸ਼ੱਕ ਭਰਦੈ ਜ਼ਿੰਦਗੀ ’ਚ ਕੁੜੱਤਣ | Beutiful Life

ਬੂਟੇ ਨੂੰ ਲਾਉਣ ਤੋਂ ਸਿੰਜਣ, ਗੋਡੀ ਕਰਨ ਵੇਲੇ ਮਨ ’ਚ ਉਤਪੰਨ ਹੋਏ ਖਿਆਲਾਂ ਰਾਹੀਂ ਵੀ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ। ਫਲ ਦੇ ਪੱਕਣ ਮੌਕੇ ਅੰਤਰੀਵ ਆਤਮਾ ਨੂੰ ਜੋ ਸ਼ਾਂਤੀ ਨਸੀਬ ਹੰੁਦੀ ਹੈ, ਦਾ ਵਰਣਨ ਕਰਨਾ ਵੀ ਮਿੱਠੇ ਤੇ ਪੱਕੇ ਪਕਵਾਨ ਦਾ ਸਵਾਦਿਸ਼ਟ ਸਵਾਦ ਚੱਖਣ ਦੇ ਤੁੱਲ ਹੈ। ਕਿਸੇ ਵੀ ਵਿਅਕਤੀ ਨਾਲ ਵਿਚਾਰਾਂ ਦੀ ਸਾਂਝ ਪਾਏ ਬਿਨਾਂ ਉਸ ਦੀ ਸੋਚ ਦੇ ਗਰਾਫ ਤੈਅ ਕਰਨੇ ਅਸੰਭਵ ਨੇ। ਕਈ ਵਾਰ ਕਿਸੇ ਵਿਅਕਤੀ ਦੇ ਨਾਲ ਵਿਚਾਰਾਂ ਦੇ ਵਟਾਂਦਰੇ ਤੋਂ ਬਿਨਾਂ ਹੀ ਉਸ ਦੀ ਸੋਚ ਦੇ ਮਾਪਦੰਡ ਤੈਅ ਕਰਨ ਦੀ ਭੁੱਲ ਕਰ ਲੈਂਦੇ ਹਾਂ ਤੇ ਕਈ ਵਾਰ ਵਰ੍ਹਿਆਂ ਪੁਰਾਣੀ ਸਾਂਝ ਨੂੰ ਵੀ ਸ਼ੰਕਾ ਦੀ ਅੱਖ ਨਾਲ ਦੇਖ ਕੇ ਰਿਸ਼ਤਿਆਂ ਦੀ ਮਿਠਾਸ ਨੂੰ ਕਿਰਕਿਰਾ ਕਰ ਬੈਠਦੇ ਹਾਂ। ਮਨੁੱਖੀ ਮਨ ਦੇ ਖਿਆਲਾਂ ਦੀਆਂ ਇਹ ਵੱਖ-ਵੱਖ ਅਵਸਥਾਵਾਂ ਹਨ।

ਸੁਭਾਅ ਅਨੁਸਾਰ ਕਈ ਵਾਰ ਘਰ ਆਏ ਮਹਿਮਾਨਾਂ ਨਾਲ ਵੀ ਸਲੀਕੇ ਤੇ ਸਾਦਗੀ ਨਾਲ ਪੇਸ਼ ਨਹੀਂ ਆਉਂਦੇ ਪਰੰਤੂ ਲੰਗਰ ਵਿਚ ਸੇਵਾ ਕਰਦਿਆਂ ਅਣਜਾਣ ਲੋਕਾਂ ਨਾਲ ਵੀ ਲਿਆਕਤ ਅਤੇ ਸਲੀਕੇ ਦਾ ਪ੍ਰਗਟਾਵਾ ਕਰਦੇ ਹਾਂ। ਦੋਵਾਂ ਸਥਿਤੀਆਂ ਵਿੱਚ ਵੀ ਮਨ ਦੀ ਅਵਸਥਾ ਵੱਖੋ-ਵੱਖਰੀ ਹੈ। ਇਹ ਇੱਕ ਅਜੀਬ ਅਵਸਥਾ ਹੈ ਜਿਸ ਨੂੰ ਬਹੁ-ਗਿਣਤੀ ਲੋਕਾਂ ਨੇ ਮਹਿਸੂਸ ਕੀਤਾ ਹੋਣੈ। ਬਚਪਨ ਵੇਲੇ ਅਠਖੇਲੀਆਂ ਕਰਦੇ ਚਾਅ ਬੁਢੇਪੇ ਦੇ ਆਖਰੀ ਦੌਰ ਸਮੇਂ ਨਿਰਾਸ਼ਾਜਨਕ ਸਥਿਤੀ ਵਿਚ ਬਦਲ ਜਾਂਦੇ ਨੇ। ਮਾਸੂਮੀਅਤ ਬਜ਼ੁਰਗ ਪਿਉ-ਦਾਦੇ ਦੀ ਉਂਗਲ ਫੜਕੇ ਤੁਰਦੀ ਹੈ। ਜੀਵਨ ਦੇ ਆਖਰੀ ਪੜਾਅ ’ਚ ਉੱਠਣ ਵੇਲੇ ਸਹਾਰੇ ਦੀ ਲੋੜ ਮਹਿਸੂਸ ਹੁੰਦੀ ਹੈ। ਚੱਲਣ ਵੇਲੇ ਬੱਚੇ ਦੀ ਉਂਗਲ ਫੜਕੇ ਕਦਮ ਚੁੱਕਣੇ ਪੈਂਦੇ ਨੇ। ਭਾਵੇਂ ਚੱਲਣ ਵਾਲੇ ਪੈਰਾਂ ਤੇ ਹੱਥਾਂ ਦੀ ਸਾਂਝ ਉਹੀ ਹੁੰਦੀ ਹੈ, ਪਰੰਤੂ ਸਮਾਂ ਤੇ ਸਥਾਨ ਬਦਲ ਜਾਂਦਾ ਹੈ। ਇਨ੍ਹਾਂ ਸਥਿਤੀਆਂ ਵਿਚ ਵੀ ਖਿਆਲਾਂ ਦੀ ਅਵਸਥਾ ਵੱਖੋ-ਵੱਖਰੀ ਹੈ।

ਉਹ ਪਲ ਜਦੋਂ ਘਰ ਨਵਾਂ ਜੀਵ ਆਵੇ | Beutiful Life

ਨਹੁੰ-ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦਾ ਚਾਅ ਆਪਣੇ ਵਿਆਹ ਬੰਧਨ ਤੋਂ ਵਧੇਰੇ ਸੰਤੁਸ਼ਟੀਜਨਕ ਹੁੰਦਾ। ਧੀ ਦੀ ਵਿਦਾਇਗੀ ਸਮੇਂ ਮਨ ਵੈਰਾਗਮਈ ਹੋ ਜਾਂਦੈ। ਦੋਵਾਂ ਹਾਲਾਤਾਂ ਵਿਚ ਬੇਤਹਾਸ਼ਾ ਖੁਸ਼ੀ ਹੁੰਦੀ ਹੈ। ਅੱਖਾਂ ਨਮ ਹੁੰਦੀਆਂ ਨੇ। ਇੱਕ ਸਮੇਂ ਖੁਸ਼ੀ ਦੇ ਹੰਝੂ ਘਰ ਦੇ ਵਿਹੜੇ ਦੀ ਰੌਣਕ ਨੂੰ ਚਾਰ ਚੰਨ ਲਾ ਦਿੰਦੇ ਨੇ। ਦੂਸਰੇ ਪਾਸੇ ਢਿੱਡੋਂ ਜੰਮੀ ਦੇ ਵਿਛੋੜੇ ਦੀ ਤੜਫ਼ ਵਿਚ ਗਮ ਤੇ ਭਾਵੁਕਤਾ ਦੇ ਹੰਝੂਆਂ ਦੀ ਵਾਸਰ ਵਿਲੱਖਣ ਸਥਿਤੀ ਦਾ ਵਰਣਨ ਕਰਦੀ ਹੈ। ਸ਼ਗਨਾਂ ਦੀਆਂ ਇਹ ਰਵਾਇਤੀ ਪਰੰਪਰਾਵਾਂ ਵੀ ਵੱਖੋ-ਵੱਖਰੀ ਅਵਸਥਾ ਦਾ ਅਹਿਸਾਸ ਕਰਵਾਉਂਦੀਆਂ ਨੇ। ਸਹੁਰੇ ਘਰ ਦਹਿਲੀਜ਼ ’ਤੇ ਪਹਿਲਾ ਕਦਮ ਰੱਖਣ ਵੇਲੇ ਦੀ ਖੁਸ਼ੀ ਦਾ ਵੀ ਵੱਖਰਾ ਅਨੰਦ ਹੁੰਦੈ। ਸਵਾਗਤ ਮੌਕੇ ਸਾਲੀਆਂ ਦੀ ਖੁਸ਼ਾਮਦ ਤੇ ਕੁੜਮਾਚਾਰੀ ਦੀਆਂ ਰਸਮਾਂ ਭਾਵਨਾਤਮਕ ਖੁਸ਼ੀ ਤੇ ਸਾਂਝ ਦਾ ਅਹਿਸਾਸ ਕਰਵਾਉਂਦੀਆਂ ਨੇ

ਵਕਤ ਦੀ ਤੋਰ ਤੇ ਉਮਰਾਂ ਦੇ ਪੜਾਅ ਅਜਿਹੇ ਸੰਵੇਦਨਸ਼ੀਲ ਅਨੁਭਵਾਂ ਦਾ ਅਹਿਸਾਸ ਕਰਵਾਉਂਦੇ ਹਨ। ਇਨ੍ਹਾਂ ਅਹਿਸਾਸਾਂ ਵਿੱਚ ਤਬਦੀਲੀ ਵੀ ਨਾਲੋ-ਨਾਲ ਚੱਲਦੀ ਹੈ। ਨਵੇਂ ਨਵੀਨ ਰਿਸ਼ਤਿਆਂ ਨੂੰ ਤਰਜੀਹੀ ਤੌਰ ’ਤੇ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਜੀਜੇ ਦੇ ਫੁੱਫੜ ਬਣਨ ਦੀ ਕਹਾਣੀ ਵੀ ਇਸੇ ਵੱਡੀ ਤਬਦੀਲੀ ਦਾ ਹਿੱਸਾ ਹੈ। ਸੁਭਾਅ ਅਨੁਸਾਰ ਨਵੇਂ ਮਹਿਮਾਨ ਨੂੰ ਤਵੱਜੋਂ ਦਿੱਤੀ ਜਾਂਦੀ ਹੈ। ਵਕਤ ਦੇ ਬਦਲਾਅ ਨਾਲ ਪੁਰਾਣੀਆਂ ਚੀਜਾਂ ਨਾਲ ਮੋਹ ਘਟ ਜਾਂਦਾ ਹੈ। ਇਹੀ ਹਾਲ ਰਿਸ਼ਤਿਆਂ ਦਾ ਹੁੰਦਾ। ਆਪਣੇ-ਆਪ ’ਚ ਇਹ ਵੀ ਵਿਲੱਖਣ ਤੇ ਦਿਲਚਸਪ ਅਵਸਥਾਵਾਂ ਨੇ। ਸਮੇਂ ਦੇ ਨਾਲ ਬਦਲਣਾ ਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨਾ ਮੁਨੱਖੀ ਜੀਵਨਸ਼ੈਲੀ ਦੀ ਫਿਤਰਤ ਰਹੀ ਹੈ। ਆਰਥਿਕ ਪੱਖੋਂ ਕਮਜ਼ੋਰ ਨੇੜਲੇ ਰਿਸ਼ਤਿਆਂ ਵਿਚ ਵੀ ਵਿੱਥ ਦੇਖਣ ਨੂੰ ਮਿਲਦੀ ਹੈ। ਧਨਾਢਾਂ ਨਾਲ ਦੂਰ ਦੀ ਗੰਢ-ਸੰਡ ਵੀ ਰਿਸ਼ਤਿਆਂ ਦੀ ਮਜਬੂਤ ਨੀਂਹ ਉਸਾਰ ਦਿੰਦੀ ਹੈ। ਸਦੀਆਂ ਤੋਂ ਲੋਕ ਇਸ ਸਵਾਰਥਵਾਦੀ ਅਵਸਥਾ ਨੂੰ ਹੰਢਾਉਦੇ ਜਿਊਂਦੇ ਆਏ ਨੇ।

ਅੰਦਰੂਨੀ ਜਿੱਤ ਲਈ ਵੀ ਕਲਾ ਦੀ ਲੋੜ ਹੈ

ਝੂਠੀਆਂ ਗਵਾਹੀਆਂ ਦੇ ਕੇ ਜਿੱਤ ਹਾਸਲ ਕਰਨ ਨਾਲ ਅੰਤਰੀਵ ਆਤਮਾ ਨੂੰ ਨਹੀਂ ਜਿੱਤਿਆ ਜਾ ਸਕਦਾ। ਮਨ ਦੀ ਖੁਸ਼ੀ, ਸ਼ਾਂਤੀ ਹੱਕ-ਸੱਚ ਦੀ ਸੱਚੀ-ਸੁੱਚੀ ਕਿਰਤ ਵਿਚ ਹੈ। ਸਬਰ ਸੰਤੋਖ ਅੱਗੇ ਦੁਨੀਆਂ ਦੇ ਸੱਭੇ ਪਦਾਰਥ ਨਾਮਾਤਰ ਨੇ। ਧਨ-ਦੌਲਤ ਪਿੱਛੇ ਭੱਜ-ਦੌੜ ਸੁੱਖ-ਸਾਂਤੀ ਖੋਹ ਲੈਂਦੀ ਹੈ। ਇਹ ਅਵਸਥਾ ਮਨੁੱਖ ਦੀ ਸੋਚ ਦੇ ਗ੍ਰਾਫ ਤੈਅ ਕਰਦੀ ਹੈ। ਸਕਾਰਾਤਮਕ ਸੋਚ ਦੇ ਲੋਕਾਂ ਦੇ ਚਿਹਰੇ ’ਤੇ ਖੁਸ਼ੀ ਚਮਕ ਤੇ ਖਿਆਲਾਂ ਵਿਚ ਸ਼ੁੱਧਤਾ ਹੁੰਦੀ ਹੈ। ਨਕਾਰਾਤਮਕ ਸੋਚ ਦੇ ਧਾਰਨੀ ਉਮਰੋਂ ਪਹਿਲਾਂ ਬੁੱਢੇ ਹੋ ਜਾਂਦੇ ਹਨ। ਅਜਿਹੇ ਲੋਕਾਂ ਦੀ ਉਮਰ ਦੇ ਲਿਹਾਜ਼ ਨਾਲ ਸਵਾਸਾਂ ਦੀ ਪੂੰਜੀ ਮੁੱਠੀ ਦੀ ਰੇਤ ਵਾਂਗ ਕਿਰ ਜਾਂਦੀ ਹੈ।

ਇਸ ਤਰ੍ਹਾਂ ਦੇ ਲੋਕਾਂ ਦੀ ਅਵਸਥਾ ਮੰਦਬੁੱਧੀ ਵਾਲੀ ਹੁੰਦੀ ਹੈ। ਇਹ ਲੋਕ ਗੰਦਗੀ ਦੀ ਮੱਖੀ ਵਾਂਗ ਇਧਰੋਂ-ਉਧਰੋਂ ਉੱਡਦੇ ਦਿਖਾਈ ਦਿੰਦੇ ਨੇ। ਅੱਗੇ ਨਿੱਕਲਣ ਦੀ ਚਾਹਤ ਵਿਚ ਇਹ ਗੈਰਤ ਭੁੱਲ ਜਾਂਦੇ ਹਨ। ਬਿਨਾਂ ਸ਼ੱਕ ਪਾਣੀ ਹਮੇਸ਼ਾ ਪੁਲਾਂ ਹੇਠ ਵਗਦੈ, ਪਰੰਤੂ ਸੱਚ ਇਹ ਵੀ ਹੈ ਕਿ ਪੁਲ ਦੀ ਅਹਿਮੀਅਤ ਪਾਣੀ ਨਾਲ ਹੀ ਹੁੰਦੀ ਹੈ। ਜੇਕਰ ਪੁਲਾਂ ਹੇਠ ਪਾਣੀ ਨਾ ਹੋਵੇ ਤਾਂ ਲੋਕ ਦਰਿਆਵਾਂ ਵਿਚਦੀ ਵੀ ਡੰਡੀਆਂ ਕੱਢ ਲੈਂਦੇ ਨੇ। ਇਹ ਇੱਕ ਹੀਣ ਭਾਵਨਾ ਵਾਲੀ ਅਵਸਥਾ ਹੁੰਦੀ ਹੈ।

ਰਿਸ਼ਤਿਆਂ ਦੀ ਲੀਕ ਮਿਟਾਉਣਾ ਕਿੰਨਾ ਕੁ ਜਾਇਜ

ਬਹੁਤੀ ਥਾਈਂ ਦੌਲਤ ਦੀ ਅਮੀਰੀ ਭਾਰੂ ਪੈਂਦੀ ਨਜ਼ਰ ਆਉਂਦੀ ਹੈ। ਕਿਤੇ ਚਲਾਕ ਤੇ ਮੌਕਾਪ੍ਰਸਤੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਮਨੁੱਖੀ ਮਨ ਦੀ ਇਹ ਅਜੀਬ ਫਿਤਰਤ ਹੈ ਕਿ ਉਹ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਭਵਿੱਖ ’ਚੋਂ ਮੁਨਾਫੇ ਟੋਲਦਾ ਹੈ। ਸੱਚ ਉਦੋਂ ਝੂਠ ਹੋ ਨਿੱਬੜਦਾ ਜਦੋਂ ਨਿੱਜੀ ਮੁਨਾਫੇਖੋਰੀ ਲਈ ਬੇਗੈਰਤੇ ਲੋਕ ਰਿਸ਼ਤਿਆਂ ਦੀ ਲੀਕ ਮਿਟਾ ਕੇ ਸਾਹਾਂ ਤੱਕ ਦੀ ਸਾਂਝ ਰੱਖਣ ਵਾਲੇ ਨੂੰ ਆਪਣੀ ਤਰੱਕੀ ਦੇ ਰਾਹ ’ਚ ਰੋੜਾ ਸਮਝਣ ਲੱਗ ਪੈਂਦੇ ਨੇ। ਮੌਕਾਪ੍ਰਸਤੀ ਦੀ ਇਹ ਅਜੀਬ ਅਵਸਥਾ ਹੈ। ਇਨ੍ਹਾਂ ਵੱਖ-ਵੱਖ ਪੜਾਵਾਂ ਵਿੱਚ ਤਬਦੀਲ ਹੁੰਦੀ ਸੋਚ ਨਾਲ ਜਿਉਂਦੇ ਲੋਕ ਭਾਵੇਂ ਦੌਲਤਮੰਦ ਹੋਣ ਪਰੰਤੂ ਜ਼ਮਾਨੇ ਦੀ ਨਜ਼ਰ ਵਿੱਚ ਇਖਲਾਕ ਤੋਂ ਗਿਰੇ ਲੋਕਾਂ ਦੀ ਥਾਂ ਹੁੰਦੇ ਨੇ। ਸਪੱਸ਼ਟ ਰੂਪ ’ਚ ਇਨ੍ਹਾਂ ਅਵਸਥਾਵਾਂ ਵਾਲੇ ਲੋਕਾਂ ਦੀਆਂ ਭਾਵਨਾਵਾਂ ਮਹਿਜ ਇੱਕ ਭਰਮ ਜਾਲ ਹੁੰਦੀਆਂ ਹਨ, ਜੋ ਸਮਾਂ ਪੈ ਕੇ ਟੁੱਟ ਜਾਂਦੀਆਂ ਨੇ।

ਦੁੱਖ-ਦਰਦਾਂ ਦਾ ਸਬੱਬ | Beutiful Life

ਤਬਦੀਲੀ ਕੁਦਰਤ ਦਾ ਨਿਯਮ ਹੈ। ਜ਼ੋਰ ਦੀਆਂ ਹਨ੍ਹੇਰੀਆਂ ਤੋਂ ਬਾਅਦ ਮੀਂਹ ਵਰ੍ਹਦਾ ਹੈ। ਪੁਲ ਦੀ ਚੜ੍ਹਾਈ ਤੋਂ ਪਰਲੇ ਪਾਰ ਉਤਾਰਾ ਹੁੰਦਾ। ਦਿਨ ਮਗਰੋਂ ਰਾਤ ਆ ਜਾਂਦੀ ਹੈ। ਜਵਾਨੀ ਮਗਰੋਂ ਬੁਢਾਪਾ ਵੀ ਇਸੇ ਅਵਸਥਾ ਦਾ ਪ੍ਰਗਟਾਵਾ ਹੈ। ਇਸੇ ਹੀ ਤਰ੍ਹਾਂ ਜ਼ਿੰਦਗੀ ਮਗਰੋਂ ਮੌਤ ਦਾ ਆਉਣਾ ਕੁਦਰਤੀ ਹੁੰਦੈ। ਜੀਵਨਸ਼ੈੈਲੀ ਦੇ ਖੁਸ਼ਗਵਾਰ ਪਲਾਂ ਦੇੇ ਨਾਲ-ਨਾਲ ਦੁੱਖਾਂ-ਦਰਦਾਂ ਦਾ ਸਾਥ ਬਣਿਆ ਰਹਿੰਦਾ। ਜ਼ਿੰਦਗੀ ਦੇ ਇਹ ਅਜੀਬ ਰੰਗ ਹਨ। ਚੰਗਾ ਮਨੁੱਖ ਹਰ ਰੁੱਤ ਨੂੰ ਸਬਰ-ਸੰਤੋਖ ਨਾਲ ਹੰਢਾਉਣ ਦੀ ਸ਼ਕਤੀ ਰੱਖਦਾ ਹੈ। ਇਹੀ ਸਫਲ ਜ਼ਿੰਦਗੀ ਦਾ ਸੱਚ ਹੈ। ਇਸ ਸੱਚ ’ਤੇੇ ਪਹਿਰਾ ਦੇਣਾ ਚਾਹੀਦੈ। ਪੜਾਅ-ਦਰ-ਪੜਾਅ ਤਜ਼ਰਬਿਆਂ ਦੇ ਨਾਲ-ਨਾਲ ਖਿਆਲਾਂ ਦਾ ਤਬਦੀਲ ਹੋਣਾ ਕੁਦਰਤੀ ਤਾਂ ਹੈ ਪਰੰਤੂ ਉਹ ਅਵਸਥਾ ਜੋ ਅਖੀਰਲੇ ਪਹਿਰ ਚੰਗੇ ਖਿਆਲਾਂ, ਅਹਿਸਾਸਾਂ ਦਾ ਅਨੁਭਵ ਖੋਹ ਲਵੇ ਉਸ ਦਾ ਤਿਆਗ ਕੀਤਾ ਜਾਵੇ ਤਾਂ ਚੰਗੀ ਗੱਲ ਹੈ।

ਕੁਲਦੀਪ ਸਿੰਘ ਲੋਹਟ
ਅਖਾੜਾ, ਜਗਰਾਉਂ (ਲੁਧਿਆਣਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।