ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ
- ਸਰੀਰ ਵਿੱਚ ਲੱਗੀ ਹੋਈ ਸਰਿੰਜ ਤੋਂ ਲੱਗਦੈ ਅੰਦਾਜ਼ਾ
ਫਤਿਹਾਬਾਦ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ (Fatehabad News) ਦੇ ਸ਼ਹਿਰ ਰਤੀਆ ਦੇ ਸੰਜੈ ਗਾਂਧੀ ਚੌਂਕ ’ਤੇ ਅੱਜ ਦੁਪਹਿਰ 12 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚੌਂਕ ਦੇ ਕੋਲ ਹੀ ਇੱਕ ਖਾਲੀ ਪਲਾਟ ’ਚ ਝਾੜੀਆਂ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਹ ਲਾਸ਼ ਐਨੀ ਬੁਰੀ ਹਾਲਤ ’ਚ ਸੀ ਕਿ ਲਾਸ਼ ਨੂੰ ਕੀੜੇ ਲੱਗ ਚੁੱਕੇ ਸਨ।
ਸੂਚਨਾ ਪਾ ਕੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਵਿੱਚ ਜੁਟ ਗਈ। ਲਾਸ਼ ਦੀ ਸ਼ਨਾਖਤ 11 ਦਿਨਾਂ ਤੋਂ ਪਿੰਡ ਅਲੀਕਾ ਤੋਂ ਲਾਪਤਾ 30 ਸਾਲਾ ਤਰਸੇਮ ਦੇ ਰੂਪ ’ਚ ਹੋਈ। ਉੱਥੇ ਹੀ ਲਾਸ਼ ਦੇ ਕੋਲ ਹੀ ਦੋ ਸਰਿੰਜਾਂ ਪਈਆਂ ਸਨ ਅਤੇ ਇੱਕ ਸਰਿੰਜ ਹੱਥ ’ਚ ਲੱਗੀ ਹੋਈ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਅਲੀਕਾ ਨਿਵਾਸੀ ਤਰਸੇਮ ਸਿੰਘ 22 ਜਨਵਰੀ ਤੋਂ ਘਰ ਤੋਂ ਲਾਪਤਾ ਸੀ, ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਨੌਜਵਾਨ ਦਾ ਉਦੋਂ ਤੋਂ ਕੋਈ ਅਤਾ-ਪਤਾ ਨਹੀਂ ਸੀ। ਉੱਥੇ ਹੀ ਅੱਜ ਦੁਪਹਿਰ ਵੇਲੇ ਕਾਗਜ਼ ਚੁਗਣ ਵਾਲੀਆਂ ਔਰਤਾਂ ਜਦੋਂ ਜਦੋਂ ਸੰਜੈ ਚੌਂਕ ਦੇ ਨਾਲ ਲੱਗਦੇ ਇੱਕ ਖਾਲੀ ਪਲਾਟ ਵਿੱਚ ਗਈਆਂ ਤਾਂ ਉਨ੍ਹਾਂ ਨੂੰ ਬਦਬੂ ਮਹਿਸੂਸ ਹੋਈ। ਉਨ੍ਹਾਂ ਨੇੜੇ ਦੇ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਲਾਸ਼ ਵਿੱਚ ਕੀੜੇ ਪਏ ਹੋਏ ਸਨ ਤੇ ਲਾਸ਼ ਬੁਰੀ ਤਰ੍ਹਾਂ ਗਲ-ਸੜ ਚੁੱਕੀ ਸੀ।