ਜਨ ਸੁਵਿਧਾ ਕੈਂਪ ’ਚ ਡਿਪਟੀ ਕਮਿਸ਼ਨਰ ਪਟਿਆਲਾ ਨੇ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ, ਮੌਕੇ ’ਤੇ ਕੀਤਾ ਹੱਲ

Jan Suvidha Camp
ਪਾਤੜਾਂ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਹਲਕਾ ਵਿਧਾਇਕ ਪਿੰਡ ਕਰੀਮਨਗਰ ਵਿਖੇ ਲਗਾਏ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਦੇ ਹੋਏ। ਤਸਵੀਰ: ਭੂਸ਼ਨ ਸਿੰਗਲਾ

ਹਫ਼ਤੇ ’ਚ ਦੋ ਵਾਰ ਲਗਾਏ ਜਾਂਦੇ ਹਨ ਜਨ ਸੁਵਿਧਾ ਕੈਂਪ : ਸ਼ੋਕਤ ਅਹਿਮਦ ਪਰੇ

(ਭੂਸ਼ਨ ਸਿੰਗਲਾ) ਪਾਤੜਾਂ। ਅੱਜ ਹਲਕੇ ਦੇ ਪਿੰਡ ਕਰੀਮਨਗਰ (ਚਿੱਚੜਵਾਲ) ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੱਗੇ ਜਨ ਸੁਵਿਧਾ ਕੈਂਪ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਹਲਕਾ ਵਿਧਾਇਕ ਨੇ ਲੋਕਾਂ ਦੇ ਮਸਲੇ ਸੁਣ ਕੇ ਮੌਕੇ ‘ਤੇ ਹੀ ਹੱਲ ਕੀਤੇ। ਸ਼ੁਤਰਾਣਾ ਤੋਂ ਕਰੀਮਨਗਰ ਨੂੰ ਜਾਂਦੀ ਸੜਕ ਦੀਆਂ ਬਰਮਾਂ ਹੜ੍ਹਾਂ ਕਰਕੇ ਖੁਰਨ ਦਾ ਮਾਮਲਾ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਕੋਲ ਉਠਾਉਣ ’ਤੇ ਡੀਸੀ ਨੇ ਤੁਰੰਤ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਦਿੱਤੇ ਕਿ ਸਪੈਸ਼ਲ ਕੇਸ ਬਣਾ ਕੇ ਭੇਜਿਆ ਜਾਵੇ ਤਾਂ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। Jan Suvidha Camp

ਡਿਪਟੀ ਕਮਿਸ਼ਨਰ ਨੇ ਇਸ ਕੈਂਪ ਦੌਰਾਨ ਆਪਣੀਆਂ ਸ਼ਿਕਾਇਤਾਂ ’ਤੇ ਮਸਲੇ ਲੈ ਕੇ ਪੁੱਜੇ ਲੋਕਾਂ ਦੇ ਮਸਲੇ ਤੁਰੰਤ ਹੱਲ ਕਰਵਾਏ। ਉਨ੍ਹਾਂ ਨੇ ਅਪਾਹਿਜ਼ਾਂ ਦੀ ਪੈਨਸ਼ਨ, ਲੋੜਵੰਦਾਂ ਨੂੰ ਟਰਾਈਸਾਇਕਲ, ਸੜਕਾਂ, ਪਾਣੀ ਦੀ ਨਿਕਾਸੀ ਆਦਿ ਸਮੇਤ ਸਥਾਨਕ ਵਾਸੀਆਂ ਦੀਆਂ ਨਿੱਜੀ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ।

ਜਨ ਸੁਵਿਧਾ ਕੈਂਪ ਲਗਾਉਣ ਨਾਲ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋਈ

ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਜਨ ਸੁਵਿਧਾ ਕੈਂਪ ਲਗਾਉਣ ਦਾ ਅਹਿਮ ਉਪਰਾਲਾ ਕੀਤਾ ਹੈ, ਜਿਸ ਲਈ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਹਰੇਕ ਪਿੰਡ ਵਿੱਚ ਲਗਾਏ ਜਾਣਗੇ। ਇਸ ਲਈ ਸਬੰਧਤ ਇਲਾਕਿਆਂ ਦੇ ਲੋਕ ਇਨ੍ਹਾਂ ਕੈਂਪਾਂ ਦਾ ਲਾਭ ਜ਼ਰੂਰ ਉਠਾਉਣ ਅਤੇ ਆਪਣੇ ਦਸਤਾਵੇਜ਼ ਪਹਿਲਾ ਹੀ ਤਿਆਰ ਰੱਖਣ।

ਲੋਕ ਵੱਧ ਤੋਂ ਵੱਧ ਕੈਂਪਾਂ ਦਾ ਲਾਭ ਜ਼ਰੂਰ ਉਠਾਉਣ (Jan Suvidha Camp)

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਹਫ਼ਤੇ ਦੇ ਵਿੱਚ ਦੋ ਦਿਨ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ, ਜਿਸ ‘ਚ ਇੱਕ ਦਿਨ ਏ.ਡੀ.ਸੀ. ਅਤੇ ਇੱਕ ਦਿਨ ਉਹ ਖ਼ੁਦ ਜਾਂਦੇ ਹਨ, ਇਸ ਲਈ ਜ਼ਿਲ੍ਹਾ ਨਿਵਾਸੀ ਆਪਣੇ ਨੇੜੇ ਲੱਗਦੇ ਅਜਿਹੇ ਕੈਂਪਾਂ ਦਾ ਲਾਭ ਜ਼ਰੂਰ ਉਠਾਉਣ।

ਕੈਂਪ ਦੌਰਾਨ ਐਸ.ਡੀ.ਐਮ. ਰਵਿੰਦਰ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਤਹਿਸੀਲਦਾਰ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਰਮਨ ਕੁਮਾਰ, ਬੀ.ਡੀ.ਪੀ.ਓ. ਬਲਜੀਤ ਸਿੰਘ ਸੋਹੀ, ਮੰਡਲ ਭੂਮੀ ਰੱਖਿਆ ਅਫ਼ਸਰ ਨਿੱਧੀ ਬੱਤਾ, ਐਸ.ਐਮ.ਓ. ਸ਼ੈਲੀ ਜੇਤਲੀ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ, ਜਿਨ੍ਹਾਂ ਨੇ ਲੋਕਾਂ ਦੇ ਮਸਲੇ ਨਿਬੇੜੇ ਅਤੇ ਮੌਕੇ ‘ਤੇ ਹੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ। ਪਿੰਡ ਵਾਸੀਆਂ ਹਰਦੀਪ ਸਿੰਘ, ਰੁਲਦਾ ਸਿੰਘ, ਸ਼ੀਬਾ ਰਾਮ ਆਦਿ ਨੇ ਕੈਂਪ ਲਗਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ।