ਧੀਆਂ ਹੁੰਦੀਆਂ ਨੇ ਘਰ ਦੀਆਂ ਨੀਹਾਂ

Daughters, Foundation, House

ਮਨਪ੍ਰੀਤ ਕੌਰ ਮਿਨਹਾਸ

ਧੀਆਂ ਸਾਡੇ ਸਮਾਜ ਦਾ ਅਨਿੱਖਵਾਂ ਅੰਗ ਹਨ। ਪੁੱਤ ਜਮੀਨਾਂ ਵੰਡਾਉਂਦੇ ਨੇ ਪਰ ਧੀਆਂ ਦੁੱਖ ਵੰਡਾਉਂਦੀਆਂ ਹਨ। ਧੀਆਂ ਪੁੱਤਾਂ ਨਾਲੋਂ ਜਿਆਦਾ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀਆਂ ਹਨ। ਹਾਸਿਆਂ ਦੀ ਛਣਕਾਰ ਵੰਡਦੀਆਂ ਬਾਬਲ ਦੇ ਵਿਹੜੇ ਵਿੱਚ ਰੌਣਕਾਂ ਦਾ ਸਬੱਬ ਬਣਦੀਆਂ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਵੱਡੀਆਂ ਹੋ ਜਾਂਦੀਆਂ ਹਨ ਅਤੇ ਸਹੁਰੇ ਘਰ ਤੁਰ ਜਾਂਦੀਆਂ ਹਨ। ਅਕਸਰ ਮਾਪੇ ਧੀਆਂ ਨੂੰ ਸਹੁਰੇ ਘਰ ਤੋਰ ਕੇ ਉਹਨਾਂ ਦੀ ਗੈਰ-ਮੌਜੂਦਗੀ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ।

ਅਣਖ ਖਾਤਰ ਕਤਲ:

ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਧੀਆਂ ਨੂੰ ਆਪਣੀ ਹੋਂਦ ਲਈ ਕਰੜਾ ਸੰਘਰਸ਼ ਕਰਨਾ ਪੈ ਰਿਹਾ ਹੈ। ਵਿਗਿਆਨਕ ਯੁੱਗ ਵਿੱਚ ਅਚੰਭੇ ਭਰੇ ਕਾਰਨਾਮੇ ਕਰਦਾ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਅੱਜ ਭਰੂਣ ਹੱਤਿਆ ਜਿਹੇ ਵਰਤਾਰੇ ਆਮ ਗੱਲ ਹੋ ਗਈ ਹੈ। ਅੱਜ ਅਸੀਂ ਧੀਆਂ ਜੰਮਣ ਤੋਂ ਇਨਕਾਰੀ ਹੋਣ ਦੇ ਨਾਲ-ਨਾਲ ਉਹਨਾਂ ਨੂੰ ਇਸ ਸੰਸਾਰ ਦਾ ਹਿੱਸਾ ਬਣਾਉਣ ਤੋਂ ਵੀ ਡਰਨ ਲੱਗ ਪਏ ਹਾਂ ਜੋ ਸਾਡੇ ਸਮਾਜ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ ਜੋ ਅਕਸਰ ਘੋਖੇ ਅਤੇ ਵਿਚਾਰੇ ਜਾਂਦੇ ਹਨ। ਪਹਿਲਾ ਕਾਰਨ ਮੌਜੂਦਾ ਸਮਾਜ ਦਾ ਧੀਆਂ ਲਈ ਅਸੁਰੱਖਿਅਤ ਹੋਣਾ, ਦੂਜਾ ਦਹੇਜ ਪ੍ਰਥਾ ਅਤੇ ਤੀਸਰਾ ਪ੍ਰਮੁੱਖ ਕਾਰਨ ਜੋ ਅੱਜ ਗੁੰਝਲਦਾਰ ਬੁਝਾਰਤ ਬਣ ਰਿਹਾ ਹੈ ਅਤੇ ਜਿਸ ਲਈ ਸਮਾਜ ਸਿਰਫ ਧੀਆਂ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ, ਉਹ ਹੈ ਧੀਆਂ ਦਾ ਮਾਪਿਆਂ ਤੋਂ ਬਾਗੀ ਹੋ ਕੇ ਵਿਆਹ ਕਰਵਾਉਣਾ ਜਿਸਦੇ ਕਾਰਨ ਸਮਾਜ ਵਿੱਚ ਇੱਕ ਖਤਰਨਾਕ ਰੁਝਾਨ ਨੇ ਜਨਮ ਲਿਆ ਹੈ ਜਿਸ ਨੂੰ ਨਾਂਅ ਦਿੱਤਾ ਗਿਆ ਹੈ ਅਣਖ ਖਾਤਰ ਕਤਲ, ਜਿਸ ਨੇ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ ਹਨ ਅਤੇ ਭਰੂਣ ਹੱਤਿਆ ਜਿਹੇ ਵਰਤਾਰੇ ਨੂੰ ਹੋਰ ਵੀ ਹਵਾ ਦਿੱਤੀ ਹੈ। ਜਿਸ ਧੀ ਨੂੰ ਮਾਪਿਆਂ ਨੇ ਲਾਡਾਂ ਨਾਲ ਪਾਲ਼ਿਆ ਹੁੰਦਾ ਹੈ ਕੀ ਉਸ ਨੂੰ ਮਾਰਨ ਲੱਗੇ ਉਹਨਾਂ ਦੇ ਹੱਥ ਨਹੀਂ ਕੰਬਦੇ?

ਧੀਆਂ ਦੇ ਨਾਂਅ ਸੁਨੇਹਾ:

ਜੇਕਰ ਦੂਜੇ ਪੱਖ ਦੀ ਗੱਲ ਕਰੀਏ ਤਾਂ ਅੱਜ ਖੂਨ ਦੇ ਰਿਸ਼ਤਿਆਂ ਵਿੱਚ ਇਸ ਕਦਰ ਵਿਗਾੜ ਪੈਦਾ ਹੋ ਗਏ ਹਨ ਕਿ ਕਈ ਨਾਸਮਝ ਧੀਆਂ ਆਪਣੀ ਮਰਜ਼ੀ ਦੇ ਵਿਆਹ ਦੇ ਚੱਕਰਾਂ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਮਾਰਨ ‘ਤੇ ਉਤਾਰੂ ਹੋ ਜਾਂਦੀਆਂ ਹਨ ਅਤੇ ਕਈ ਕੇਸਾਂ ਵਿੱਚ ਤਾਂ ਇਹਨਾਂ ਘਿਨਾਉਣੀਆਂ ਸਾਜਿਸ਼ਾਂ ਨੂੰ ਅੰਜਾਮ ਤੱਕ ਵੀ ਪਹੁੰਚਾਇਆਂ ਗਿਆ ਹੈ। ਕਿੱਧਰ ਨੂੰ ਜਾ ਰਹੇ ਹਾਂ ਅਸੀਂ? ਅੱਜ ਹਰੇਕ ਮੁਸ਼ਕਲ ਦਾ ਹੱਲ ਮਰਨਾ ਜਾਂ ਮਰਵਾਉਣਾ ਹੀ ਕਿਉਂ ਰਹਿ ਗਿਆ ਹੈ? ਇਸ ਸਬੰਧੀ ਮੈਂ ਧੀਆਂ ਨੂੰ ਵੀ ਪੁੱਛਣਾ ਚਾਹੁੰਦੀ ਹਾਂ ਕਿ ਕੀ ਅੱਜ ਮਾਪੇ ਇੰਨੇ ਬੇਬਸ ਅਤੇ ਲਾਚਾਰ ਹੋ ਗਏ ਹਨ ਕਿ ਉਹ ਧੀਆਂ-ਪੁੱਤਾਂ ਨੂੰ ਕੋਈ ਗਲਤ ਫੈਸਲਾ ਲੈਣ ਤੋਂ ਰੋਕ ਵੀ ਨਹੀਂ ਸਕਦੇ, ਕੀ ਤੁਹਾਡੇ ਜਨਮਦਾਤਿਆਂ ਦਾ ਏਨਾ ਵੀ ਅਧਿਕਾਰ ਨਹੀਂ? ਸਿਰਫ ਇੱਕ ਅਣਜਾਣ ਬੰਦੇ ਲਈ ਜਿਸ ਨੂੰ ਤੁਸੀਂ ਸਿਰਫ ਕੁਝ ਮਹੀਨਿਆਂ ਜਾਂ ਸਾਲਾਂ ਤੋਂ ਜਾਣਦੀਆਂ ਹੋ, ਉਸ ਲਈ ਆਪਣੇ ਮਾਪਿਆਂ ਨੂੰ ਵਿਸਾਰਨਾ ਕੋਈ ਅਕਲਮੰਦੀ ਤਾਂ ਨਹੀਂ। ਮਾਪਿਆਂ ਦੀ ਘਾਲੀ ਘਾਲਣਾ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਖ਼ੁਦ ਮਾਪੇ ਬਣਦੇ ਹਾਂ। ਜੇਕਰ ਤੁਸੀਂ ਅਜੇ ਸਕੂਲ ਜਾਂ ਕਾਲਜ ਵਿੱਚ ਪੜ੍ਹਦੀਆਂ ਹੋ ਤਾਂ ਆਪਣਾ ਕੀਮਤੀ ਵਕਤ ਇਹਨਾਂ ਫਜ਼ੂਲ ਦੀਆਂ ਗੱਲਾਂ ਵਿੱਚ ਨਾ ਗਵਾਓ, ਕਿਉਂਕਿ ਵਿੱਦਿਅਕ ਵਰ੍ਹੇ ਹੀ ਕਿਸੇ ਇਨਸਾਨ ਦਾ ਭਵਿੱਖ ਤੈਅ ਕਰਦੇ ਹਨ। ਅੱਜ ਤੁਹਾਡੇ ਆਲੇ-ਦੁਆਲੇ ਬਥੇਰੇ ਭਟਕਾਅ ਮੌਜੂਦ ਹਨ ਜੋ ਤੁਹਾਡਾ ਧਿਆਨ ਪੜ੍ਹਾਈ ਤੋਂ ਹਟਾਉਂਦੇ ਹਨ, ਟੀ. ਵੀ., ਇੰਟਰਨੈਟ ਦੁਆਰਾ ਬਹੁਤ ਘੱਟ ਉਸਾਰੂ ਚੀਜਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਸਿਰਫ ਖਿਆਲੀ ਅਤੇ ਸੁਫ਼ਨਿਆਂ ਦੀ ਦੁਨੀਆਂ ਪੇਸ਼ ਕੀਤੀ ਜਾਂਦੀ ਹੈ ਉਹ ਹਕੀਕਤ ਤੋਂ ਬਹੁਤ ਪਰ੍ਹੇ ਹੈ। ਧੀਓ! ਜਿੰਦਗੀ ਦਾ ਮਕਸਦ ਸਿਰਫ ਵਿਆਹ ਕਰਵਾਉਣਾ ਹੀ ਨਹੀਂ, ਸਭ ਤੋਂ ਪਹਿਲਾਂ ਆਤਮ-ਨਿਰਭਰ ਬਣੋ, ਜਿੰਦਗੀ ਵਿੱਚ ਕੁਝ ਬਣਨ ਦਾ, ਕੁਝ ਨਿਵੇਕਲਾ ਕਰਨ ਦਾ ਮਨ ਬਣਾਓ ਅਤੇ ਆਪਣੇ ਮਿੱਥੇ ਨਿਸ਼ਾਨੇ ਨੂੰ ਸਰ ਕਰਨ ਲਈ ਜੀ-ਤੋੜ ਮਿਹਨਤ ਕਰੋ। ਕਿਉਂਕਿ ਚੜ੍ਹਦੀ ਉਮਰੇ ਬੜਾ ਜੋਸ਼ ਹੁੰਦਾ ਹੈ, ਇਸ ਜੋਸ਼ ਦੀ ਹੋਸ਼ ਨਾਲ ਵਰਤੋਂ ਕਰੋ ਤਾਂ ਕਿ ਤੁਹਾਡੇ ਮਾਪੇ ਤੁਹਾਡੇ ‘ਤੇ ਮਾਣ ਕਰ ਸਕਣ। ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਕਾਰਨ ਮਾਪਿਆਂ ਨੂੰ  ਸਾਰੇ ਸਮਾਜ ਸਾਹਮਣੇ ਸ਼ਰਮਸਾਰ ਹੋਣਾ ਪਵੇ ਅਤੇ ਕਹਿਣਾ ਪਵੇ ਕਿ ਇਸ ਨਾਲੋਂ ਤਾਂ ਤੈਨੰ ਜੰਮਦੀ ਨੂੰ ਹੀ ਮਾਰ ਦਿੰਦੇ।

ਜੀਵਨ ਸਾਥੀ ਦੀ ਚੋਣ:

ਆਪਣੀ ਮਰਜ਼ੀ ਵਾਲੀ ਥਾਂ ਵਿਆਹ ਕਰਵਾਉਣਾ ਕੋਈ ਮਾੜੀ ਚੀਜ਼ ਨਹੀਂ, ਕਿਉਂਕਿ ਹਰੇਕ ਬਾਲਗ ਨੂੰ ਆਪਣਾ ਜੀਵਨਸਾਥੀ ਚੁਣਨ ਦਾ ਪੂਰਨ ਅਧਿਕਾਰ ਹੈ। ਪਰ ਇਹ ਜ਼ਿੰਦਗੀ ਦੇ ਦੂਜੇ ਪੜਾਅ ਦਾ ਸਭ ਤੋਂ ਅਹਿਮ ਫੈਸਲਾ ਹੁੰਦਾ ਹੈ। ਇੱਕ ਲੜਕੀ ਲਈ ਤਾਂ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਉਸ ਦੀ ਅਗਲੀ ਜ਼ਿੰਦਗੀ ਇਸ ਫੈਸਲੇ ‘ਤੇ ਹੀ ਨਿਰਭਰ ਹੁੰਦੀ ਹੈ। ਮਾਪਿਆਂ ਦਾ ਘਰ ਛੱਡ ਕੇ ਉਸਨੇ ਸਾਰੀ ਜਿੰਦਗੀ ਉਸ ਸ਼ਖਸ ਨਾਲ ਬਿਤਾਉਣੀ ਹੈ ਜੋ ਉਸਦਾ ਹਮਸਫਰ ਹੋਵੇਗਾ। ਵਿਆਹ ਤੋਂ ਪਹਿਲਾਂ ਇਹਨਾਂ ਗੱਲਾਂ ‘ਤੇ ਜਰੂਰ ਵਿਚਾਰ ਕਰੋ। ਜਿਸ ਨੂੰ ਤੁਸੀਂ ਮਰਜੀ ਨਾਲ ਚੁਣਿਆ ਹੈ, ਕੀ ਉਹ ਸ਼ਖਸ ਆਪਣੇ ਪੈਰਾਂ ‘ਤੇ ਖੜ੍ਹਾ ਹੈ, ਕੀ ਉਹ ਏਨਾ ਕਮਾਉਂਦਾ ਹੈ ਕਿ ਤੁਹਾਡੀਆਂ ਮੁੱਢਲੀਆਂ ਜਰੂਰਤਾਂ ਪੂਰੀਆਂ ਕਰ ਸਕੇ, ਕੀ ਉਹ ਪਰਿਵਾਰਕ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਵੇਗਾ? ਕਿਉਂਕਿ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੁੰਦਾ ਹੈ। ਕਈ ਵਾਰ ਮਰਜ਼ੀ ਨਾਲ ਵਿਆਹ ਕਰਵਾਉਣ ਦੇ ਚੱਕਰਾਂ ਵਿੱਚ ਕਈ ਲੜਕੀਆਂ ਨੂੰ ਧੋਖਾ ਹੀ ਮਿਲਦਾ ਹੈ ਅਤੇ ਉਹਨਾਂ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ। ਸਾਰੇ ਪੱਖਾਂ ਨੂੰ ਘੋਖ-ਵਿਚਾਰ ਕੇ ਹੀ ਜਿੰਦਗੀ ਦਾ ਇਹ ਫੈਸਲਾ ਲਵੋ। ਅਗਰ ਤੁਹਾਨੂੰ ਆਪਣੇ ਫੈਸਲੇ ‘ਤੇ ਮਾਣ ਹੈ ਤਾਂ ਖੁੱਲ੍ਹੇ ਦਿਲ ਨਾਲ ਮਾਪਿਆਂ ਨਾਲ ਗੱਲ ਕਰੋ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਸਮੇਂ ਬਹੁਤ ਸੋਚ-ਸਮਝ ਕੇ ਫੈਸਲਾ ਲੈਣ ਕਿਉਂਕਿ ਜ਼ਬਰਦਸਤੀ ਨਾਲ ਜੋੜੇ ਰਿਸ਼ਤੇ ਅਕਸਰ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ ਜੇਕਰ ਬੱਚੇ ਆਤਮ-ਨਿਰਭਰ ਹਨ ਤਾਂ ਉਹਨਾਂ ਦੀ ਗੱਲ ਮੰਨ ਲੈਣੀ ਕੋਈ ਮਾੜੀ ਗੱਲ ਨਹੀਂ। ਆਪਣੀਆਂ ਧੀਆਂ ਨੂੰ ਅਜਿਹੇ ਸੰਸਕਾਰ ਦਿਓ ਕਿ ਉਹ ਜ਼ਿਹਨੀ ਤੌਰ ‘ਤੇ ਏਨੀਆਂ ਮਜ਼ਬੂਤ ਹੋਣ ਕਿ ਕੋਈ ਵੀ ਗਲਤ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ।  ਪਰਿਵਾਰ ਹੁੰਦਾ ਹੀ ਦੁੱਖ-ਸੁੱਖ ਸਾਂਝਾ ਕਰਨ ਲਈ ਹੈ, ਇਸ ਲਈ ਅਜਿਹੇ ਮੁਸ਼ਕਲ ਸਮੇਂ ਸਭ ਦੀ ਸਲਾਹ ਮੰਨ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ। ਅਜਿਹੇ ਸ਼ਗਨ ਮਨਾਉਣ ਦਾ ਕੀ ਫਾਇਦਾ ਜਿਸ ਵਿੱਚ ਪੂਰਾ ਪਰਿਵਾਰ ਸ਼ਾਮਿਲ ਨਾ ਹੋਵੇ। ਅੰਤ ਵਿੱਚ ਧੀਆਂ ਨੂੰ ਇਹੀ ਕਹਿਣਾ ਚਾਹਾਂਗੀ:-

ਧੀਓ ਮਾਪਿਆਂ ਦਾ ਮਾਣ ਬਣੋ,
ਆਪਣੇ ਫਰਜ਼ਾਂ ਪ੍ਰਤੀ ਜਿੰਮੇਵਾਰ ਬਣੋ
ਸਮਾਜ ਲਈ ਮਿਸਾਲ ਬਣੋ,
ਪ੍ਰਤਿਭਾਸ਼ੀਲ ਅਤੇ ਸਮਝਦਾਰ ਬਣੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।