ਚਾਹੇ ਅੱਜ ਬਦਲਦੇ ਜਮਾਨੇ ਨਾਲ ਲੋਕਾਂ ਦੀ ਸੋਚ ਬਦਲ ਗਈ ਹੈ ਪਰ ਅਜੇ ਵੀ ਕਈ ਜਗ੍ਹਾ ‘ਤੇ ਬੇਟਾ-ਬੇਟੀ ਦਾ ਫਰਕ ਬਰਕਰਾਰ ਹੈ ਅੱਜ ਦੇ ਨਵੇਂ ਜਮਾਨੇ ਵਿੱਚ ਬੇਟੀਆਂ ਆਪਣੇ ਪਾਪਾ ਦੀਆਂ ਜਿਆਦਾ ਪਿਆਰੀਆਂ ਹਨ ਉਨ੍ਹਾਂ ਦੀ ਅਟੈਚਮੈਂਟ ਆਪਣੇ ਪਿਤਾ ਨਾਲ ਜਿਆਦਾ ਹੈ ਇਤਿਹਾਸ ਗਵਾਹ ਹੈ ਕਿ ਬੇਟੀਆਂ ਨੂੰ ਭਾਰ ਸਮਝਣ ਵਾਲੀਆਂ ਜਿਆਦਾ ਔਰਤਾਂ ਹੀ ਹਨ ਇਹ ਵੀ ਜਿਕਰਯੋਗ ਗੱਲ ਹੈ ਕਿ ਨੂੰਹਾਂ ਨੂੰ ਦਾਜ-ਦਹੇਜ ਅਤੇ ਪੋਤੇ ਦੀ ਲਾਲਸਾ ਲਈ ਤੰਗ ਕਰਨ ਵਾਲੀਆਂ ਜਿਆਦਾ ਸੱਸਾਂ ਹੀ ਹੁੰਦਿਆਂ ਹਨ.
ਗੱਲ ਬੇਟੀਆਂ ਦੀ ਕਰਦੇ ਸੀ ਚਾਹੇ ਬੇਟੀਆਂ ਨੇ ਹੀ ਵੱਡੀਆਂ ਹੋ ਕੇ ਸੱਸਾਂ ਅਤੇ ਧੀਆਂ ਦੀਆਂ ਮਾਵਾਂ ਬਣਨਾ ਹੈ ਪਰ ਜਿੰਨਾ ਚਿਰ ਉਹ ਬੇਟੀਆਂ ਹਨ ਉਨਾ ਚਿਰ ਤਾਂ ਉਹ ਬਾਬੁਲ ਦੀਆਂ ਰਾਣੀਆਂ ਨੇ ਬੇਟੀ ਸਭ ਤੋਂ ਵੱਧ ਵਿਸ਼ਵਾਸ ਆਪਣੇ ਪਿਤਾ ‘ਤੇ ਕਰਦੀ ਹੈ ਪਿਤਾ ਵੀ ਧੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਭ ਦੁੱਖ-ਦਰਦ ਭੁੱਲ ਜਾਂਦਾ ਹੈ ਬੇਟੀ ਜਿਵੇਂ-ਜਿਵੇਂ ਵੱਡੀ ਹੁੰਦੀ ਹੈ ਆਪਣੇ ਬਾਬੁਲ ਦੇ ਦੁੱਖ-ਦਰਦ ਵੰਡਾਉਦੀ ਹੈ ਅੱਜ-ਕੱਲ੍ਹ ਤਾਂ ਆਮ ਹੀ ਬੁਢਾਪੇ ਵਿੱਚ ਮਾਂ-ਬਾਪ ਆਪਣੀਆਂ ਬੇਟੀਆਂ ਕੋਲ ਰਹਿੰਦੇ ਹਨ.
ਇੱਕ ਪਿਤਾ ਕਦੇ ਵੀ ਆਪਣੀ ਬੇਟੀ ਨੂੰ ਕਿਸੇ ਗੱਲੋਂ ਝਿੜਕਣਾ ਨਹੀਂ ਚਾਹੁੰਦਾ ਕਈ ਵਾਰ ਬੇਟੀਆਂ ਦਾ ਗਿਲਾ ਹੁੰਦਾ ਹੈ ਕਿ ਉਨ੍ਹਾਂ ਨੂੰ ਭਰਾਵਾਂ ਦੇ ਮੁਕਾਬਲੇ ਜਿਆਦਾ ਰੋਕਿਆ-ਟੋਕਿਆ ਜਾਂਦਾ ਹੈ ਪਰ ਬੱਚੀਓ! ਇੱਕ ਗੱਲ ਯਾਦ ਰੱਖਿਓ ਕਿ ਲੋਹਾ, ਤਾਂਬਾ, ਪਿੱਤਲ ਤਾਂ ਘਰਾਂ ਵਿੱਚ ਆਮ ਹੀ ਪਿਆ ਰਹਿੰਦਾ ਹੈ ਪਰ ਸੋਨੇ ਨੂੰ ਤਿਜੋਰੀਆਂ ਤੇ ਲਾਕਰਾਂ ਵਿੱਚ ਸਾਂਭ-ਸਾਂਭ ਕੇ ਰੱਖਿਆ ਜਾਂਦਾ ਹੈ ਸਾਡੇ ਪੰਜਾਬੀਆਂ ਲਈ ਸਾਡੀਆਂ ਧੀਆਂ ਸਾਡੇ ਸਿਰ ਦਾ ਤਾਜ ਹਨ ਸਾਨੂੰ ਇਸ ਗੱਲ ਦਾ ਹਮੇਸ਼ਾ ਫਿਕਰ ਰਹਿੰਦਾ ਹੈ ਕਿ ਸਾਡੇ ਇਸ ਤਾਜ ‘ਤੇ ਕਦੇ ਕੋਈ ਗਲਤ ਹੱਥ ਨਾ ਉੱਪੜ ਜਾਵੇ .
ਧੀ ਦੇ ਜਨਮ ‘ਤੇ ਸਭ ਤੋਂ ਵੱਧ ਖੁਸ਼ੀ ਉਸ ਦੇ ਪਿਉ ਨੂੰ ਹੁੰਦੀ ਹੈ ਉਸਦੇ ਮੂੰਹ ‘ਤੇ ਉਦਾਸੀ ਤਾਂ ਸਿਰਫ ਇਸ ਕਰਕੇ ਆਉਦੀਂ ਹੈ ਕਿ ਧੀ ਦੇ ਜਨਮ ਲੈਣ ਸਾਰ ਉਸ ਦੇ ਦਿਮਾਗ ਵਿੱਚ ਧੀ ਦੀ ਆਉਣ ਵਾਲੀ ਜਿੰਦਗੀ ਘੁੰਮਦੀ ਹੈ ਕਿ ਉਸ ਨੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ‘ਚੋਂ ਲੰਘਣਾ ਹੈ ਤੇ ਉਨ੍ਹਾਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ ਜਨਮ ਹੋਣ ਸਾਰ ਕਈ ਧੀਆਂ ਨੂੰ ਆਪਣੇ ਭਰਾ ਦੇ ਮੁਕਾਬਲੇ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਉਸ ਦੀ ਮਾਂ, ਦਾਦੀ ਜਾਂ ਨਾਨੀ ਉਸ ਨੂੰ ਝਿੜਕ-ਝਿੜਕ ਪੈਂਦੀ ਹੈ ਤਾਂ ਕਹਿੰਦੀ ਹੈ ਕੰਮ-ਕਾਰ ਨੂੰ ਹੱਥ ਪਾ, ਤੂੰ ਬੇਗਾਨੇ ਘਰ ਜਾਣਾ ਹੈ ਨਾਲੇ ਕਹਿਣਗੀਆਂ ਕਿ ਸਹੁਰਾ ਘਰ ਹੀ ਕੁੜੀ ਦਾ ਆਪਣਾ ਘਰ ਹੁੰਦਾ, ਨਾਲੇ ਕਹਿਣਗੀਆਂ ਬੇਗਾਨੇ ਘਰ ਜਾਣਾ ਸਹੁਰੇ ਘਰ ਜਾ ਕੇ ਸੱਸ ਆਪਣੇ ਮੁੰਡੇ ਸਮਝਾਉਂਦੀ ਆਖੇਗੀ, ਬੇਗਾਨੀ ਨੂੰਹ ਸਾਹਮਣੇ ਸਿਆਣਾ ਬਣ ਕੇ ਰਹਿ ਜੇਕਰ ਕੋਈ ਲੜਾਈ-ਝਗੜਾ ਹੋ ਜਾਵੇ ਤਾਂ ਸੱਸ ਮਿਹਣਾ ਮਾਰਦੀ ਕਹਿੰਦੀ ਹੈ ਕਿ ਇਹ ਤੇਰੀ ਮਾਂ ਦਾ ਘਰ ਨਹੀਂ, ਤੇਰੀ ਮਾਂ ਨੇ ਸਿਖਾਇਆ ਨਹੀਂ ਕਿ ਬੇਗਾਨੇ ਘਰ ਜਾ ਕੇ ਕਿੱਦਾਂ ਰਹਿਣਾ? ਧੀ ਆਪਣੇ ਘਰ ਵੀ ਬੇਗਾਨੀ ਅਤੇ ਸਹੁਰੇ ਘਰ ਵੀ ਬੇਗਾਨੀ ਉਸ ਦਾ ਆਪਣਾ ਘਰ ਕਿਹੜਾ ਹੋਇਆ? ਖੈਰ! ਕਈ ਧੀਆਂ ਬਚਪਨ ਵਿੱਚ ਆਪਣੇ ਭਰਾ ਦੇ ਮੁਕਾਬਲੇ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ ਸਕੂਲ, ਕਾਲਜ ਵਿੱਚ ਜਾਂਦੀਆਂ ਹਨ ਤਾਂ ਅਵਾਰਾ ਮੁੰਡੀਆਂ ਦੀ ਛੇੜਛਾੜ ਨੂੰ ਸਹਿੰਦੀਆਂ ਹਨ ਆਪਣੀ ਪੜ੍ਹਾਈ ਪੂਰੀ ਕਰਦੀਆਂ ਹਨ ਮੁੰਡਿਆਂ ਨਾਲੋਂ ਜਿਆਦਾ ਮਿਹਨਤ ਕਰਕੇ ਪੜ੍ਹਾਈ ਵਿੱਚ ਵੀ ਅੱਗੇ ਹੁੰਦੀਆਂ ਹਨ ਤੇ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀਆਂ ਹਨ.
ਫਿਰ ਕੁੜੀ ਚਾਹੇ ਅਠਾਰਵੇਂ ਸਾਲ ‘ਚ ਹੋਵੇ ਕੋਈ ਪੈਂਤੀ-ਚਾਲ੍ਹੀ ਸਾਲ ਵਾਲਾ ਐਨ ਆਰ ਆਈ ਆ ਜਾਂਦਾ ਹੈ ਤੇ 30-35 ਲੱਖ ਲੈ ਕੇ ਵਿਆਹ ਕਰਵਾ ਕੇ ਚਲਾ ਜਾਂਦਾ ਹੈ ਮਾਪੇ ਸੋਚਦੇ ਹਨ ਕਿ ਬੇਟੀ ਉਨ੍ਹਾਂ ਲਈ ਵਿਦੇਸ਼ ਪਹੁੰਚਣ ਲਈ ਪੌੜੀ ਹੈ ਉਸ ਸਚਿਆਰੀ ਧੀ ਦੇ ਨਾਲ ਜੱਬਲ ਪੁੱਤ ਅਤੇ ਹੋਰ ਕੁੜਮ-ਕਬੀਲੇ ਦੀ ਵੀ ਸੁਣੀ ਜਾਵੇਗੀ ਕਈ ਵਾਰ ਤਾਂ ਮਾਪੇ ਆਪਣੀ ਸਚਿਆਰੀ ਧੀ ਦਾ ਨਕਲੀ ਵਿਆਹ ਕਰ ਕੇ ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਕਰਦੇ ਹਨ ਵਿਦੇਸ਼ ਜਾਣ ਦੀ ਤਾਂਘ ਵਿਚ ਧੀਆਂ ਦਾ ਤਾਂ ਖਾਸ ਕਰਕੇ ਸ਼ੋਸ਼ਣ ਹੋ ਰਿਹਾ ਹੈ ਸੁਆਰਥੀ ਮਾਪੇ, ਵਿਦੇਸ਼ ਜਾਣ ਦੇ ਲਾਲਚ ਵਿਚ ਆਪਣੀ ਧੀ ਲਈ ਵਰ ਲੱਭਣ ਸਮੇਂ ਬੱਸ ਇਹੋ ਦੇਖਦੇ ਹਨ ਕਿ ਉਸ ਉੱਪਰ ਵਿਦੇਸ਼ੀ ਹੋਣ ਦਾ ਲੇਬਲ ਲੱਗਾ ਹੋਵੇ ਇਹ ਵੀ ਨਹੀਂ ਸੋਚਦੇ ਕਿ ਲਾੜਾ ਉਹਨਾਂ ਦੀ ਧੀ ਦੇ ਅਨੁਕੂਲ ਹੈ ਕਿ ਨਹੀਂ…? ਕਈ ਵਾਰ ਤਾਂ ਵਿਦੇਸ਼ੀ ਜੋੜੀ ਨੂੰ ਦੇਖ ਕੇ ਇਉਂ ਲੱਗਦੈ ਜਿਵੇਂ ਉਹ ਪਿਉ-ਧੀ ਹੋਣ ਲਾੜੇ ‘ਤੇ ਵਿਦੇਸ਼ੀ ਹੋਣ ਦਾ ਲੇਵਲ ਲੱਗਾ ਹੋਵੇ, ਫੇਰ ਚਾਹੇ ਉਹ ਅੰਨਾ ਹੋਵੇ, ਕਾਣਾ ਹੋਵੇ, ਲੂਲਾ ਹੋਵੇ, ਲੰਗੜਾ ਹੋਵੇ ਸਭ ਪ੍ਰਵਾਨ ਹੁੰਦਾ ਏ ਧੀਆਂ ਦੇ ਕੀ ਅਰਮਾਨ ਹਨ? ਉਨ੍ਹਾਂ ਦੇ ਦਿਲ ਦੀਆਂ ਕੀ ਰੀਝਾਂ ਹਨ? ਇਸ ਬਾਰੇ ਸੁਆਰਥੀ ਮਾਪੇ ਧਿਆਨ ਨਹੀਂ ਦੇਂਦੇ, ਬੱਸ ਆਪਣਾ ਫੈਸਲਾ ਉਸ ‘ਤੇ ਥੋਪ ਦਿੰਦੇ ਹਨ ਧੀਆਂ ਵਿਚਾਰੀਆਂ ਆਪਣੇ ਦਿਲ ਦੀਆਂ ਸਧਰਾਂ ਦਿਲ ਵਿਚ ਹੀ ਲੁਕੋ ਲੈਂਦੀਆਂ ਹਨ ਉਨ੍ਹਾਂ ਨੂੰ ਪਤਾ ਵੀ ਹੈ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਕੱਢਣੀ ਹੈ ਕਿਵੇਂ ਰੋ-ਰੋ ਕੇ ਪਹਾੜ ਵਰਗੀ ਜ਼ਿੰਦਗੀ ਜਿਉਣਗੀਆਂ? ਪਰ ਫੇਰ ਵੀ ਆਪਣੇ ਮਾਪਿਆਂ ਦੀ ਖੁਸ਼ੀ ਲਈ ਹਰ ਕੁਰਬਾਨੀ ਦੇ ਦਿੰਦੀਆਂ ਹਨ ਪੰਜਾਬੀ ਧੀਆਂ ਨਾਲ ਹੋ ਰਹੀ ਇਸ ਬੇਇਨਸਾਫੀ ਦਾ ਮੁੱਖ ਕਾਰਨ ਸ਼ਾਇਦ ਇਹ ਹੈ ਕਿ ਪੰਜਾਬੀ ਮਾਪੇ ਇਹ ਸੋਚਦੇ ਹਨ ਕਿ ਵਿਦੇਸ਼ ਜਾਣ ਦਾ ਇਸ ਤੋਂ ਸੌਖਾ ਤਰੀਕਾ ਹੋਰ ਕੋਈ ਨਹੀਂ ਹੈ ਪਰ ਵਿਦੇਸ਼ ਜਾਣ ਦੀ ਤਾਂਘ ਅਤੇ ਪੈਸੇ ਦੀ ਹੋੜ ਲਈ ਧੀਆਂ ਨਾਲ ਨਾਇਨਸਾਫੀ ਕਰਨਾ ਕਿੱਥੋਂ ਤੱਕ ਜਾਇਜ਼ ਹੈ…?
ਇੱਕ ਪਾਸੇ ਸਾਡੇ ਗੁਰੂ ਸਾਹਿਬਾਨ ਸਾਨੂੰ ਸਿੱਖਿਆ ਦੇ ਕੇ ਗਏ ਹਨ ਕਿ ਜੇ ਕਿਸੇ ਤੋਂ ਕੁੱਝ ਮੰਗਣਾ ਹੈ ਤਾਂ ਅਕਾਲ ਪੁਰਖ ਪਰਮਾਤਮਾ ਤੋਂ ਮੰਗੋ, ਹੋਰ ਕਿਸੇ ਅੱਗੇ ਹੱਥ ਨਹੀਂ ਅੱਡਣੇ ਅਤੇ ਅਸੀਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਧੀਆਂ ਦੇ ਸੌਦੇ ਕਰਦੇ ਆਂ.
ਖੈਰ! ਬੇਟੀਆਂ ਦੀ ਗੱਲ ਕਰਦੇ ਸੀ ਅੱਗੇ ਚੱਲ ਕੇ ਉਹੀ ਬੇਟੀ ਸਹੁਰੇ ਜਾ ਕੇ ਆਪਣਾ ਘਰ ਸਮਝਕੇ ਘਰ ਦੇ ਸਾਰੇ ਕੰਮ-ਕਾਰ ਕਰਦੀ ਹੈ, ਜਵਾਕਾਂ ਨੂੰ ਜਨਮ ਦਿੰਦੀ ਹੈ, ਬੱਚਿਆਂ ਦੀ ਸਾਂਭ-ਸੰਭਾਲ ਕਰਦੀ ਹੈ ਪਤੀ ਨਾਲ ਉਸ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਹੈ ਘਰ ਦੇ ਕੰਮ ਕਰਦੀ-ਕਰਦੀ ਕਈ ਵਾਰ ਆਪਣਾ ਖਾਣਾ-ਪੀਣਾ ਵੀ ਭੁੱਲ ਜਾਂਦੀ ਹੈ ਕੰਮ-ਕਾਰ ਕਰਦਿਆਂ ਜੇ ਕਦੇ ਕੋਈ ਛੋਟੀ-ਮੋਟੀ ਗਲਤੀ ਹੋ ਜਾਵੇ ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ ਕਈ ਜਗ੍ਹਾ ‘ਤੇ ਤਾਂ ਉਹ ਆਪਣੇ ਇਹ ਸਾਰੇ ਫਰਜ ਨਿਭਾਉਂਦੀ ਨਾਲ-ਨਾਲ ਸ਼ਰਾਬੀ ਪਤੀ ਤੋਂ ਕੁੱਟ ਵੀ ਖਾਂਦੀ ਹੈ ਅਤੇ ਅੰਤ ਵਿੱਚ ਬੇਟੀ ਦਾ ਅੰਤ ਹੋ ਜਾਂਦਾ ਹੈ ਫਿਰ ਉਸ ਦੀ ਲਾਸ਼ ਪਈ ਸਹੁਰਿਆਂ ਤੋਂ ਆਉਣ ਵਾਲੇ ਖੱਫਣ ਦਾ ਇੰਤਜਾਰ ਕਰਦੀ ਹੈ ਜਿਸ ਘਰ ਨੂੰ ਉਸ ਨੇ ਆਪਣਾ ਘਰ ਸਮਝਕੇ ਘਰ ਦੇ ਸਾਰੇ ਕੰਮ-ਕਾਰ ਕੀਤੇ, ਜਵਾਕ ਜੰਮੇ, ਛੋਟੀ-ਮੋਟੀ ਗਲਤੀ ਤ’ੇ ਵੀ ਡਾਂਟ ਖਾਧੀ, ਕਈਆਂ ਨੇ ਸ਼ਰਾਬੀ ਪਤੀ ਤੋਂ ਕੁੱਟ ਵੀ ਖਾਧੀ! ਉਸ ਘਰ ਵਿਚੋਂ ਉਸ ਨੂੰ ਅੰਤਿਮ ਵੇਲੇ ਗਿੱਠ ਕੱਪੜਾ ਵੀ ਨਸੀਬ ਨਹੀਂ ਹੁੰਦਾ.
ਵਾਹ ਓ ਪੰਜਾਬੀਓ! ਨਹੀਂ ਰੀਸਾਂ ਤੁਹਾਡੀਆਂ ਪਰ ਯਾਦ ਰੱਖਿਓ ਬੇਟੀਆਂ, ਬੇਟੀਆਂ ਹੀ ਹਨ ਜੋ ਸਾਰੀ ਉਮਰ ਲਈ ਤੁਹਾਡੀਆਂ ਬੇਟੀਆਂ ਹਨ ਜਦ ਤੱਕ ਤੁਹਾਡੀ ਜਿੰਦਗੀ ਰਹੇਗੀ ਇਹ ਤੁਹਾਡੀ ਖੈਰ ਮੰਗਣਗੀਆਂ ਇਹ ਬੇਟੀਆਂ ਤਾਂ ਬਾਬੁਲ ਦੀਆਂ ਰਾਣੀਆਂ ਨੇ…!
ਭਵਦੀਪ ਸਿੰਘ ਪੁਰਬਾ
ਮੋ. 99889-29988
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।