ਬੱਸ ਵਿੱਚ ਢੈਪਈ ਪਿੰਡ ਦੇ 45 ਵਿਦਿਆਰਥੀ ਸਵਾਰ | Kotkapura News
ਕੋਟਕਪੂਰਾ (ਅਜੈ ਮਨਚੰਦਾ)- ਬੀਤੇ ਦਿਨੀਂ ਸਾਡੇ ਉੱਕਤ ਪ੍ਰਤੀਨਿਧੀ ਨੇ ਅਨੰਦ ਨਗਰ ਮੁਹੱਲੇ ਦੀ ਖ਼ਬਰ ਪ੍ਰਮੁੱਖਤਾ ਨਾਲ ਲਾਈ ਸੀ ਕਿ ਗੁਜਰਾਤ ਗੈਸ ਕੰਪਨੀ ਜੋ ਕਿ ਕਰੀਬ ਪਿਛਲੇ ਤਿੰਨ ਮਹੀਨਿਆਂ ਤੋਂ ਅਨੰਦ ਨਗਰ ਵਿੱਚ ਗੈਸ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪ੍ਰੰਤੂ ਇਹ ਕੰਪਨੀ ” ਅੱਗਾ ਦੌੜ ਪਿੱਛਾ ਚੌੜ ” ਵਾਲੀ ਕਹਾਵਤ ਅਨੁਸਾਰ ਅਧੂਰਾ ਕੰਮ ਛੱਡ ਰਹੀ ਹੈ ਜਿਸ ਨਾਲ ਮੁਹੱਲਾ ਨਿਵਾਸੀ ਹੱਦੋਂ ਵੱਧ ਪ੍ਰੇਸ਼ਾਨ ਹਨ। ਮੁਹੱਲਾ ਨਿਵਾਸੀਆਂ ਨੇ ਇਸ ਸੰਬੰਧੀ ਅਨੇਕਾਂ ਖਬਰਾਂ ਵੀ ਅਖ਼ਬਾਰਾਂ ਵਿੱਚ ਲਗਵਾਈਆਂ ਪਤਾ ਨਹੀਂ ਕਿਉਂ ਪ੍ਰਸ਼ਾਸ਼ਨ ਲੰਮੀਂ ਤਾਨ ਕੇ ਸੁੱਤਾ ਹੋਇਆ ਹੈ ਅਤੇ ਉਸਦੇ ਕੰਨਾਂ ‘ਤੇ ਜੂੰ ਨਹੀਂ ਸਰਕੀ। (Kotkapura News)
ਅੱਜ ਸਵੇਰੇ ਕਰੀਬ ਪੌਣੇ ਅੱਠ ਵਜੇ ਦਸ਼ਮੇਸ਼ ਗਲੋਬਲ ਸਕੂਲ ਦੀ ਬੱਸ ਪੀ. ਬੀ. 11 – 7711 ਜਿਸ ਨੂੰ ਪੰਮਾ ਡਰਾਇਵਰ ਚਲਾ ਰਿਹਾ ਸੀ ਵਿੱਚ ਪਿੰਡ ਢੈਪਈ ਦੇ ਕਰੀਬ 40 – 45 ਵਿਦਿਆਰਥੀ ਸਵਾਰ ਸਨ ਨੂੰ ਲੈ ਕੇ ਸਕੂਲ ਜਾ ਰਹੀ ਤਾਂ 12 ਨੰਬਰ ਗਲੀ ਦੇ ਅੱਗੇ ਪੁੱਟੇ ਗਏ ਤੋਂ ਬਚਦੀ ਹੋਈ ਖੱਡ ਵਿੱਚ ਡਿਗਦੀ-ਡਿਗਦੀ ਬਚੀ। ਸਾਰੇ ਬੱਚੇ ਮੌਕੇ ‘ਤੇ ਘਬਰਾ ਗਏ ਤਾਂ ਦੂਸਰੀਆਂ ਬੱਸਾਂ ਦੇ ਡਰਾਈਵਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਇਸ ਪ੍ਰਕਾਰ ਇੱਕ ਬਹੁਤ ਵੱਡੀ ਦੁਰ ਘਟਨਾ ਹੋਣ ਤੋਂ ਬਚ ਗਈ। ਇਸ ਤੋਂ ਬਾਅਦ ਜਿਵੇਂ – ਜਿਵੇਂ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਘਬਰਾਏ ਹੋਏ ਸਕੂਲ ਵੱਲ ਭੱਜੇ ਅਤੇ ਕੁੱਝ ਬੱਚਿਆਂ ਨੂੰ ਵਾਪਸ ਘਰਾਂ ਨੂੰ ਲੈ ਗਏ। ਇਸ ਬੱਸ ਦੇ ਪਿੱਛੇ ਬੱਸਾਂ ਦੀ ਲੰਬੀ ਲਾਈਨ ਲੱਗ ਗਈ ਜਿਸ ਨਾਲ ਰਾਸਤਾ ਜਾਮ ਹੋ ਗਿਆ।
ਸਾਰੇ ਬੱਚੇ ਵਾਲ ਵਾਲ ਬਚੇ
ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਚੌਧਰੀ ਨੇ ਸਾਡੇ ਪ੍ਰਤੀਨਿਧੀ ਨੂੰ ਦੱਸਿਆ ਕਿ ਸਕੂਲ ਖੁੱਲਣ ਤੋਂ ਪਹਿਲਾਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਰਾਸਤਾ ਠੀਕ ਕਰਨ ਲਈ ਕਿਹਾ ਸੀ ਪ੍ਰੰਤੂ ੳਨਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਇਸ ਘਟਨਾ ਲਈ ਕੰਪਨੀ ਨੂੰ ਜਿੰਮੇਵਾਰ ਠਹਿਰਾਇਆ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਇੱਕ ਅਣਹੋਣੀ ਟਲ ਗਈ, ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸ਼ਨੀਵਾਰ ਨੂੰ ਸਕੂਲ ਵਿੱਚ ਛੁੱਟੀ ਕਰ ਦਿੱਤੀ ਹੈ ਅਤੇ ਦੋ ਦਿਨਾਂ ਵਿੱਚ ਅਨੰਦ ਨਗਰ ਮੁੱਖ ਸੜਕ ਨੂੰ ਅਪਣੇ ਤੌਰ ‘ਤੇ ਰਿਪੇਅਰ ਕਰਕੇ ਵਹੀਕਲਾਂ ਦੇ ਚੱਲਣਯੋਗ ਬਣਾਵਾਂਗੇ।
ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤਾਂ ਸਬ ਇੰਸਪੈਕਟਰ ਸੰਤੋਸ਼ ਸਿੰਘ ਅਪਣੀ ਪੁਲਿਸ ਟੀਮ ਨਾਲ ਮੌਕੇ ‘ਤੇ ਪੁੱਜੇ। ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਡਾ.ਸੁਰਿੰਦਰ ਕੁਮਾਰ ਦਿਵੇਦੀ ਨੇ ਕਿਹਾ ਕਿ ਕੰਪਨੀ ਵਿਰੁੱਧ ਬਣਦੀ ਲਾ ਪਰਵਾਹੀ ਲਈ ਐਫ. ਆਈ. ਆਰ.ਦਰਜ ਕੀਤੀ ਜਾਵੇ ਅਤੇ ਭਾਰੀ ਜੁਰਮਾਨਾ ਲਾਇਆ ਜਾਵੇ ਤਾਂ ਗੁਜਰਾਤ ਗੈਸ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਰਾਮ ਸਾਗਰ ਨੂੰ ਪੁਲਿਸ ਗੱਡੀ ਵਿੱਚ ਬਿਠਾ ਲਿਆ ਗਿਆ ਤਾਂ ਉਸਨੇ ਅਪਣੀ ਗਲਤੀ ਮੰਨੀ ਅਤੇ ਸ਼ੁੱਕਰਵਾਰ ਰਾਤ ਤੱਕ ਅਨੰਦ ਨਗਰ ਮੁਹੱਲੇ ਦੀ ਮੁੱਖ ਸੜਕ ‘ਤੇ ਬਣੇ ਸਾਰੇ ਟੋਏ ਬੰਦ ਕਰਨ ਦਾ ਵਾਅਦਾ ਕੀਤਾ ਤਾਂ ਸਬ ਇੰਸਪੈਕਟਰ ਨੇ ਉਸ ਨੂੰ ਅਧੂਰਾ ਕੰਮ ਕਰਨ ਪੂਰਾ ਕਰਨ ਲਈ ਛੱਡ ਦਿੱਤਾ।