ਦਿੱਲੀ ਸਰਕਾਰ ਨੇ ਜਾਰੀ ਕੀਤਾ ‘ਯੈਲੋ ਅਲਰਟ’
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਰੋਜ਼ਾਨਾ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਜਿਸ ਦੇ ਤਹਿਤ ਬੁੱਧਵਾਰ ਤੋਂ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਥੇ ਰਾਜਧਾਨੀ ਵਿੱਚ ਯੈਲੋ ਅਲਰਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸ਼ਹਿਰ ਵਿੱਚ ਕਰੋਨਾ ਇਨਫੈਕਸ਼ਨ ਦੇ 331 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਨਾਲ ਇਨਫੈਕਸ਼ਨ ਦੀ ਦਰ 0.5 ਫੀਸਦੀ ਤੋਂ ਉਪਰ ਹੋ ਗਈ ਹੈ, ਜਿਸ ਕਾਰਨ ਸਰਕਾਰ ਨੂੰ ਯੈਲੋ ਅਲਰਟ ਜਾਰੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਇਹ ਫੈਸਲਾ ਅੱਜ ਮੁੱਖ ਮੰਤਰੀ ਕੇਜਰੀਵਾਲ ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਦਰਮਿਆਨ ਹੋਈ ਉੱਚ ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਵਿੱਚ ਹਲਕੇ ਲੱਛਣ ਦਿਖਾਈ ਦਿੱਤੇ ਹਨ। ਦਿੱਲੀ ਸਰਕਾਰ ਨੇ ਬਾਅਦ ਵਿੱਚ ਪਾਬੰਦੀਆਂ ਦੀ ਇੱਕ ਸੂਚੀ ਜਾਰੀ ਕੀਤੀ ਜਿਸ ਦੇ ਤਹਿਤ ਸਕੂਲ, ਕਾਲਜ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।
ਇਹ ਵੀ ਰਹਿਣਗੇ ਬੰਦ
ਇਸ ਦੇ ਨਾਲ ਹੀ ਮਲਟੀਪਲੈਕਸ, ਸਿਨੇਮਾ ਹਾਲ, ਸਪਾ, ਜਿੰਮ, ਬੈਂਕੁਏਟ ਹਾਲ, ਆਡੀਟੋਰੀਅਮ ਅਤੇ ਸਪੋਰਟਸ ਕੰਪਲੈਕਸ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਜਾਣਗੇ। ਹਾਲਾਂਕਿ, ਮਾਲਾਂ ਨੂੰ ਔਡ-ਈਵਨ ਤਰੀਕੇ ਨਾਲ ਚਲਾਉਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਹੋਟਲਾਂ ਨੂੰ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਜਾ ਗਈ ਹੈ, ਪਰ ਉਨ੍ਹਾਂ ਦੇ ਕੰਪਲੈਕਸ ਦੇ ਅੰਦਰ ਕਾਨਫਰੰਸ ਅਤੇ ਬੈਂਕੁਏਟ ਹਾਲ ਬੰਦ ਰਹਿਣਗੇ।
ਦਫ਼ਤਰਾਂ ’ਚ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ
ਨਵੇਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦਫ਼ਤਰਾਂ ਨੂੰ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਦਿੱਲੀ ਮੈਟਰੋ, ਰੈਸਟੋਰੈਂਟ ਅਤੇ ਬਾਰ ਵੀ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ। ਇਸ ਦੌਰਾਨ, ਐਤਵਾਰ ਸ਼ਾਮ ਤੋਂ ਰਾਜਧਾਨੀ ਵਿੱਚ ਲਗਾਇਆ ਗਿਆ ਰਾਤ ਦਾ ਕਰਫਿਊ ਹੋਰ ਵਧਾ ਦਿੱਤਾ ਗਿਆ। ਰਾਤ ਦੇ ਕਰਫਿਊ ਦਾ ਸਮਾਂ ਬਦਲ ਕੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ