ਪੰਜਾਬ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ | Daily Campaigns
ਰੱਬ ਜਾਣੇ ਪੰਜਾਬ ਨੇ ਕਿਸੇ ਦਾ ਕੀ ਵਿਗਾੜਿਆ ਏ, ਇੱਥੇ ਹਰ ਰੋਜ਼ ਕੋਈ ਨਾ ਕੋਈ ਨਵੀਂ ਮੁਹਿੰਮ ਇਸ ਦੇ ਸਿਰ ‘ਤੇ ਆ ਕੇ ਖੜ੍ਹੀ ਹੋ ਜਾਂਦੀ ਹੈ। ਜੇ ਪਹਿਲਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਬਾਹਰੀ ਹਮਲੇ ਹੋਏ ਹਨ ਉਨ੍ਹਾਂ ਸਾਰਿਆਂ ਨੂੰ ਪੰਜਾਬ ਨੇ ਆਪਣੇ ਸਿਰ ਝੱਲਿਆ ਏ। ਭਾਵੇਂ ਬਾਬਰ ਵਰਗੇ ਮੁਗਲ ਤੇ ਭਾਵੇਂ ਅਹਿਮਦਸ਼ਾਹ ਅਬਦਾਲੀ ਵਰਗੇ ਆਏ ਹੋਣ। ਉਹਨਾਂ ਸਾਰਿਆਂ ਨੇ ਪੰਜਾਬ ਨੂੰ ਹੀ ਲਤਾੜਿਆ ਏ। ਕਦੇ ਪੰਜਾਬ ਨੂੰ ਘੋੜਿਆਂ ਦੀਆਂ ਖੁਰੀਆਂ ਨਾਲ ਤੇ ਕਦੇ ਟੈਂਕਾਂ ਤੇ ਤੋਪਾਂ ਨਾਲ ਲਤਾੜਿਆ ਗਿਆ ਹੈ। ਕੋਈ ਹੀ ਸਾਲ ਸੁੱਖ-ਸਾਂਦ ਨਾਲ ਲੰਘਦਾ ਹੈ ਨਹੀਂ ਤਾਂ ਕੋਈ ਕੋਈ ਨਾ ਕੋਈ ਮੁਸੀਬਤ ਇਸ ਪੰਜਾਬ ‘ਤੇ ਆਈ ਹੀ ਰਹਿੰਦੀ ਹੈ। (Daily Campaigns)
ਇਹ ਵੀ ਪੜ੍ਹੋ : ਸਾਈਨ ਬੋਰਡ ਪੰਜਾਬੀ ‘ਚ ਲਿਖਣੇ ਜ਼ਰੂਰੀ, ਜੇਕਰ ਅੱਖਰ ਜੋੜ ‘ਚ ਆਉਂਦੀ ਹੈ ਦਿੱਕਤ ਤਾਂ ਕਰੋ ਇਹ ਕੰਮ
ਜੇ ਭਾਰਤ-ਪਾਕਿ ਦੀ ਵੰਡ ਹੋਈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ। ਲੱਖਾਂ ਬੇਕਸੂਰ ਲੋਕਾਂ ਦੇ ਕਤਲ ਇਸ ਧਰਤੀ ‘ਤੇ ਕੀਤੇ ਗਏ। ਜਿਨ੍ਹਾਂ ਦਾ ਦਰਦ ਅੱਜ ਵੀ ਲੋਕ ਹੰਢਾ ਰਹੇ ਹਨ। ਉਸ ਤੋਂ ਬਾਅਦ ਵੀ ਕਦੇ ਹੜ੍ਹਾਂ ਦੀ ਮਾਰ ਕਦੇ ਸੋਕੇ ਦੀ ਮਾਰ ਪੰਜਾਬ ਨੂੰ ਝੱਲਣੀ ਪਈ। ਫਿਰ ਵੀ ਇੱਥੋਂ ਦੇ ਮਿਹਨਤਕਸ਼ ਤੇ ਮਜ਼ਦੂਰ ਲੋਕਾਂ ਨੇ ਕਦੇ ਹਿੰਮਤ ਨਹੀਂ ਹਾਰੀ। ਚਿੱਟਾ ਇਨਕਲਾਬ ਤੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਆਏ। (Daily Campaigns)
ਬਾਕੀ ਸਾਰੀਆਂ ਗੱਲਾਂ ਛੱਡੋ ਜੇ ਹੁਣ ਥੋੜ੍ਹਾ ਜਿਹਾ ਪੰਜਾਬ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਸੀ। ਉਸ ਉੱਤੇ ਸਰਕਾਰ ਨੇ ਨਾਦਰਸ਼ਾਹੀ ਫੁਰਮਾਨ ਲਾਗੂ ਕਰ ਦਿੱਤੇ ਹਨ। ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਨੂੰ ਭੰਬਲਭੂਸੇ ਵਿਚ ਪਾ ਕੇ ਰੱਖ ਦਿੱਤਾ ਹੈ। ਸਮੁੱਚੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੜਕਾਂ ‘ਤੇ ਆਉਣ ਲਈ ਮਜ਼ਬੂਰ ਕਰ ਦਿੱਤਾ ਹੈ। ਜੇਕਰ ਇਸ ਦਾ ਹਲ ਸਰਕਾਰ ਨੇ ਕੋਈ ਨਾ ਕੱਢਿਆ ਤਾਂ ਇੱਥੋਂ ਦੇ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਜਿਸ ਨਾਲ ਫਿਰ ਪੰਜਾਬ ਵਾਸੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਅਜੇ ਵੀ ਸਮਾਂ ਸਰਕਾਰ ਦੇ ਹੱਥ ਵਿਚ ਹੈ।
ਚੱਲ ਰਹੀ ਕਿਸਾਨੀ ਲਹਿਰ ਨੂੰ ਮਜ਼ਾਕ ਵਿਚ ਨਾ ਲਿਆ ਜਾਵੇ। ਕਿਉਂਕਿ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਲੜਨ ਦੀ ਮਨ ਵਿੱਚ ਧਾਰ ਲਈ ਹੈ। ਲੜਾਈ ਭਾਵੇਂ ਹੱਕਾਂ ਲਈ ਹੋਵੇ ਤੇ ਭਾਵੇਂ ਕਿਸੇ ਦੂਸਰੇ ਦੇਸ਼ ਵਿਰੁੱਧ, ਲੜਾਈ ਦਾ ਨਾਂਅ ਹੀ ਮਾੜਾ ਹੁੰਦਾ ਹੈ ਇਸ ਤੋਂ ਟਾਲਾ ਕਰਨਾ ਹੀ ਚੰਗਾ ਹੋਵੇਗਾ। ਸਰਕਾਰ ਬੁੱਧੀਜੀਵੀਆਂ ਨਾਲ ਬੈਠ ਕੇ ਤਾਲ-ਮੇਲ ਕਰਕੇ ਇਸ ਦਾ ਹਲ ਜ਼ਰੂਰ ਲੱਭੇ। ਜਿਸ ਵਿੱਚ ਸਭ ਦਾ ਭਲਾ ਹੋ ਸਕਦਾ ਹੈ। ਸਰਕਾਰ ਨੂੰ ਜਿੱਦ ਨਹੀਂ ਕਰਨੀ ਚਾਹੀਦੀ। ਕਿਸਾਨਾਂ ਦੇ ਹਿੱਤ ਵਿਚ ਗੱਲ ਕਰੇ ਨਾ ਕਿ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਸੋਚੇ।