ਮਾਮਲਾ ਜਾਅਲੀ ਰਜਿਸਟਰੀ ਕਰਵਾਕੇ ਜ਼ਮੀਨ ਵੇਚਣ ਦਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਮਾਣਯੋਗ ਅਦਾਲਤ ਨੇ ਜਾਅਲੀ ਕਾਗਜ ਪੱਤਰਾਂ ਰਾਹੀਂ ਜਾਅਲੀ ਰਜਿਸਟਰੀ ਤਿਆਰ ਕਰਕੇ ਲੱਖਾਂ ਰੁਪਏ ਦੀ ਜ਼ਮੀਨ ਵੇਚਣ ਦੇ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਇੱਕ ਪਟਵਾਰੀ, ਨੰਬਰਦਾਰ, ਸਾਬਕਾ ਸਰਪੰਚ ਸਮੇਤ ਅੱਠ ਵਿਅਕਤੀਆਂ ਨੂੰ ਤਿੰਨ-ਤਿੰਨ ਸਾਲਾਂ ਦੀ ਕੈਦ ਅਤੇ ਹਜਾਰਾਂ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਹ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ।
ਪਟਵਾਰੀ ਸੁਖਵਿੰਦਰ ਸਿੰਘ ਨੂੰ 13 ਹਜਾਰ ਰੁਪਏ ਜ਼ੁਰਮਾਨਾ, ਬਾਕੀਆਂ ਨੂੰ ਤਿੰਨ-ਤਿੰਨ ਹਜਾਰ ਰੁਪਏ ਜ਼ੁਰਮਾਨਾ
ਕੇਸ ਫਾਈਲ ਅਨੁਸਾਰ ਸਾਲ 2008 ‘ਚ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਸੁਖਵਿੰਦਰ ਸਿੰਘ ਪਟਵਾਰੀ ਹਲਕਾ ਸਮਾਣਾ, ਰਸ਼ਮਿੰਦਰ ਸਿੰਘ ਪੁੱਤਰ ਲੇਟ. ਜੰਗੀਰ ਸਿੰਘ ਵਾਸੀ ਖੇੜੀ ਫੱਤਣ, ਸੁਖਵਿੰਦਰ ਸਿੰਘ ਉਰਫ ਸੁੱਖਾ ਸਾਬਕਾ ਸਰਪੰਚ ਪਿੰਡ ਖੇੜੀ ਫੱਤਣ, ਨੰਬਰਦਾਰ ਜਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਖੇੜੀ ਫੱਤਣ, ਰਵਿੰਦਰ ਕੁਮਾਰ ਪੁੱਤਰ ਸਿਉਪਾਲ ਵਾਸੀ ਮੁਹੱਲਾ ਕ੍ਰਿਸ਼ਣਾ ਬਸਤੀ ਸਮਾਣਾ, ਸਤਵਿੰਦਰ ਕੌਰ ਉਰਫ ਬਿੰਦਰ ਵਿਧਵਾ ਕਰਨੈਲ ਸਿੰਘ ਵਾਸੀ ਦਿੜ੍ਹਬਾ ਜਿਲ੍ਹਾ ਸੰਗਰੂਰ ਦੇ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕਰਨ ਤੋਂ ਬਾਅਦ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।
1 ਕਰੋੜ 72 ਲੱਖ ਰੁਪਏ ਦੀ ਜ਼ਮੀਨ ਵੇਚ ਦਿੱਤੀ ਸੀ ਸਿਰਫ 48 ਲੱਖ ‘ਚ
ਜਾਂਚ ਦੌਰਾਨ ਪਾਇਆ ਗਿਆ ਕਿ ਪਟਵਾਰੀ ਸੁਖਵਿੰਦਰ ਸਿੰਘ ਨੇ ਸਰਕਾਰੀ ਕਰਮਚਾਰੀ ਹੁੰਦੇ ਹੋਏ ਮਹਿਕਮਾ ਮਾਲ ਦੇ ਨਿਯਮਾਂ ਨੂੰ ਜਾਣਦੇ ਹੋਏ ਜਾਅਲੀ ਫਰਦ ਤਿਆਰ ਕਰਕੇ ਉਕਤ ਦੋਸ਼ੀਆਂ ਨਾਲ ਮਿਲਕੇ 107 ਕਨਾਲ 10 ਮਰਲੇ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾ ਕੇ ਕੇਵਲ 48 ਲੱਖ ਰੁਪਏ ‘ਚ ਵੇਚ ਦਿੱਤੀ ਗਈ ਸੀ, ਜਦਕਿ ਉਕਤ ਜ਼ਮੀਨ ਦੀ ਅਸਲ ਕੀਮਤ 1 ਕਰੋੜ 72 ਲੱਖ ਰੁਪਏ ਸੀ।
ਇਹ ਮਾਮਲਾ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਦੀ ਅਦਾਲਤ ‘ਚ ਸੁਣਵਾਈ ਅਧੀਨ ਸੀ, ਜਿਸ ‘ਤੇ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਪਟਵਾਰੀ ਸੁਖਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ 13 ਹਜਾਰ ਰੁਪਏ ਜੁਰਮਾਨਾ, ਸਤਵਿੰਦਰ ਕੌਰ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਨੰਬਰਦਾਰ ਜਰਨੈਲ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਮਸ਼ਹੂਰ ਸਿੰਘ ਨੂੰ ਤਿੰਨ ਸਾਲ ਦੀ ਕੈਦ 5 ਹਜਾਰ ਰੁਪਏ ਜ਼ੁਰਮਾਨਾ, ਬੁੱਟਾ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜੁਰਮਾਨਾ, ਰਸਮਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਤਾਜਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ 3 ਹਜਾਰ ਰੁਪਏ ਜ਼ੁਰਮਾਨਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ ਤੇ 3 ਹਜਾਰ ਰੁਪਏ ਦਾ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜਦਕਿ ਇਸ ਮਾਮਲੇ ‘ਚ ਰਵਿੰਦਰ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।