ਕਮਜ਼ੋਰ ਬੰਨ ਨੂੰ ਕਿਸਾਨਾਂ ਨੇ ਸਮਾਂ?ਰਹਿੰਦੇ ਪੂਰ ਵੱਡਾ ਹਾਦਸਾ ਟਾਲਿਆ
ਬਾਦਸ਼ਾਹਪੁਰ, ਘੱਗਾ/ਮਨੋਜ, ਜਗਸੀਰ
ਬਾਦਸ਼ਾਹਪੁਰ ਪਿੰਡ ਨੇੜਿਓਂ ਲੰਘਦੇ ਘੱਗਰ ਦਰਿਆ ਦਾ ਬੰਨ ਕੁਝ ਥਾਵਾਂ ਤੋਂ ਕਮਜ਼ੋਰ ਹੋਣ ਕਾਰਨ ਜਿਆਦਾ ਪਾਣੀ ਦੀ ਮਾਰ ਨਾ ਝੱਲਦਾ ਹੋਇਆ ਟੁੱਟਣਾ ਸ਼ੁਰੂ ਹੋ ਗਿਆ ਸੀ, ਜਿਸ ਨੂੰ ਲੋਕਾਂ ਨੇ ਸਮੇਂ ਸਿਰ ਪਤਾ ਲੱਗਣ ‘ਤੇ ਮਿੱਟੀ ਦੇ ਭਰੇ ਥੈਲੇ ਲਗਾਕੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਨੂੰ ਡੁੱਬਣ ਤੋਂ ਬਚਾ ਲਿਆ।
ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਅੱਜ ਤੜਕਸਾਰ ਕੁਝ ਕਮਜ਼ੋਰ ਥਾਵਾਂ ਤੋਂ ਘੱਗਰ ਦੇ ਬੰਨ ਦੀ ਮਿੱਟੀ ਖੁਰਨ ਕਾਰਨ ਪਾਣੀ ਖੇਤਾਂ ਵਿੱਚ ਭਰਨਾ ਸ਼ੁਰੂ ਹੋ ਗਿਆ ਸੀ, ਜਿਸ ਉਪਰੰਤ ਨੇੜਲੇ ਕਿਸਾਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਰਾਹੀਂ ਇਲਾਕੇ ਦੇ ਲੋਕਾਂ ਨੂੰ ਪਾਣੀ ਬੰਨ੍ਹਣ ਲਈ ਘੱਗਰ ਦਰਿਆ ‘ਤੇ ਪਹੁੰਚਣ ਦੀ ਬੇਨਤੀ ਕੀਤੀ। ਅਨਾਉੂਂਸਮੈਂਟ ਸੁਣਨ ਉਪਰੰਤ ਨੇੜਲੇ ਪਿੰਡ ਹਰਚੰਦਪੁਰਾ, ਡੇਰਾ ਕਲਵਾਨੂੰ, ਧੂੜੀਆਂ ਅਤੇ ਕਰਤਾਰਪੁਰ ਆਦਿ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚ ਕੇ ਤਕੜੀ ਜੱਦੋ-ਜਹਿਦ ਕਰਦਿਆਂ ਮਿੱਟੀ ਦੇ ਭਰੇ ਥੈਲਿਆਂ ਦੀ ਮਦਦ ਨਾਲ ਪਾੜ ਨੂੰ ਭਰਕੇ ਪਾਣੀ ਨੂੰ ਫੈਲਣ ਤੋਂ ਰੋਕਿਆ।
ਮੌਕੇ ‘ਤੇ ਹਾਜ਼ਰ ਕਿਸਾਨ ਯਾਦਵਿੰਦਰ ਸਿੰਘ ਅਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਪਾੜ ਪੈਣ ਦੀ ਸੂਚਨਾ ਮਿਲਣ ‘ਤੇ ਘੱਗਾ ਥਾਣਾ ਮੁਖੀ ਗੁਰਚਰਨ ਸਿੰਘ ਨੇ ਮੌਕੇ ‘ਤੇ ਪਹੁੰਚਕੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਦਿਆਂ ਕਿਸਾਨਾਂ ਨੂੰ ਖਾਲੀ ਥੈਲਿਆਂ ਦਾ ਪ੍ਰਬੰਧ ਕਰਕੇ ਦਿੱਤਾ ਅਤੇ ਕਿਸਾਨਾਂ ਦੀ ਹੌਸਲਾ ਅਫਜਾਈ ਲਈ ਖੁਦ ਵੀ ਹਾਜ਼ਰ ਰਹੇ। ਜਦੋਂ ਕਿ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨਾਇਬ ਤਹਿਸੀਲਦਾਰ ਕਾਫੀ ਦੇਰ ਨਾਲ ਬਾਅਦ ਦੁਪਹਿਰ ਮੌਕੇ ‘ਤੇ ਪਹੁੰਚੇ।
ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਗਿੱਲ,ਪੀਏ ਅਮਰਜੀਤ ਸਿੰਘ, ਧੰਨਾ ਸਿੰਘ ਤੋਂ ਇਲਾਵਾ ਡਰੇਨੇਜ਼ ਮਹਿਕਮੇ ਦੇ ਐਕਸੀਅਨ ਦਵਿੰਦਰ ਸਿੰਘ,ਐਸਡੀਓ ਨਿਰਮਲ ਸਿੰਘ ਅਤੇ ਸਹਾਇਕ ਇੰਜੀਨੀਅਰ ਨਿਰਮਲ ਸਿੰਘ ਵੀ ਮੌਕੇ ‘ਤੇ ਪਾੜ ਪੂਰਨ ਦੇ ਕੰਮ ਦੀ ਅਗਵਾਈ ਕਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।