ਨਿਗਮ ਦੀ ਨਵੀਂ ਵਾਰਡਬੰਦੀ ਨੇ ਪਟਿਆਲਵੀ ਉਲਝਾਏ, ਪਹਿਲੇ ਦਿਨ ਹੀ ਉੱਠੇ ਇਤਰਾਜ਼

Municipal Corporation elections

ਸਾਬਕਾ ਕੌਸਲਰਾਂ ਨੇ ਵਾਰਡਬੰਦੀ ’ਤੇ ਚੁੱਕੇ ਸੁਆਲ, ਆਪ ਨੇ ਆਪਣੇ ਚਹੇਤਿਆਂ ਮੁਤਾਬਿਕ ਕੀਤੀ ਵਾਰਡਬੰਦੀ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਦੀਆਂ ਚੋਣਾਂ ਸਬੰਧੀ ਪਟਿਆਲਾ ਅੰਦਰ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਅੱਜ ਨਿਗਰ ਨਿਗਮ ਅੰਦਰ ਵਾਰਡਬੰਦੀ ਦਾ ਨਕਸ਼ਾ ਵੀ ਲਾ ਦਿੱਤਾ ਗਿਆ ਹੈ। ਇੱਧਰ ਅੱਜ ਸਾਰਾ ਦਿਨ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਚੋਣ ਲੜਨ ਵਾਲੇ ਚਾਹਵਾਨ ਇਸ ਨਕਸ਼ੇ ਨੂੰ ਲੈਕੇ ਉਲਝਦੇ ਰਹੇ। ਇੱਧਰ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਸਰਕਾਰ ਦਾ ਨੋਟੀਫਿਕੇਸ਼ਨ ਕੁਝ ਹੋਰ ਦਰਸਾ ਰਿਹਾ ਹੈ ਜਦਕਿ ਜੋ ਲੱਠਾ ਲਾਇਆ ਗਿਆ ਹੈ, ਉਥੇ ਕੁਝ ਹੋਰ ਹੈ। (Patiala News)

ਅੱਜ ਪਹਿਲੇ ਦਿਨ ਹੀ ਵੱਡੀ ਗਿਣਤੀ ਆਗੂਆਂ ਵੱਲੋਂ ਸਰਕਾਰ ਦੀ ਇਸ ਵਾਰਡਬੰਦੀ ਤੇ ਇਤਰਾਜ਼ ਉਠਾਏ ਗਏ। ਜਾਣਕਾਰੀ ਅਨੁਸਾਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਟਿਆਲਾ ਨਿਗਮ ਅਧੀਨ ਆਉਦੀਆਂ 60 ਵਾਰਡਾਂ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਕੀਤੀ ਗਈ ਹੈ। ਪਹਿਲਾਂ ਤਾਂ ਇਹ ਵਾਰਡਬੰਦੀ ਨੂੰ ਹੀ ਕਾਫ਼ੀ ਸਮਾਂ ਲੱਗ ਗਿਆ ਤੇ ਜੇਕਰ ਹੁਣ ਵਾਰਡਬੰਦੀ ਹੋਈ ਤਾਂ ਇਸ ਨੇ ਪਟਿਆਲਵੀਆਂ ਨੂੰ ਚੱਕਰਾਂ ’ਚ ਪਾ ਦਿੱਤਾ ਹੈ। ਅੱਜ ਵੱਡੀ ਗਿਣਤੀ ਆਗੂ ਨਿਗਮ ’ਚ ਲੱਗੇ ਨਕਸ਼ੇ ਵਾਲੇ ਲੱਠੇ ਨੂੰ ਤੱਕਦੇ ਰਹੇ, ਪਰ ਉਨ੍ਹਾਂ ਨੂੰ ਆਪਣੇ ਵਾਰਡਾਂ ਦੀ ਸਮਝ ਹੀ ਨਹੀਂ ਲੱਗੀ ਕਿ ਕਿੱਥੋਂ ਵਾਰਡ ਸ਼ੁਰੂ ਹੋ ਰਿਹਾ ਹੈ ਤੇ ਕਿੱਥੋਂ ਖਤਮ ਹੋ ਰਿਹਾ ਹੈ। ਨਿਗਮ ਅਧਿਕਾਰੀਆਂ ਵੱਲੋਂ ਨਿਗਮ ਅੰਦਰ ਨਕਸ਼ਾ ਲਾ ਕੇ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਜੇਕਰ ਕੋਈ ਇਤਰਾਜ਼ ਹੈ ਤਾਂ ਉਹ ਦਰਜ਼ ਕਰਵਾ ਸਕਦਾ ਹੈ।

ਨੋਟੀਫਿਕੇਸ਼ਨ ’ਚ ਕੁਝ ਹੋਰ ਤੇ ਨਕਸ਼ੇ ’ਚ ਕੁਝ ਹੋਰ, ਵਿਰੋਧੀ ਧਿਰਾਂ ਦੇ ਜਿੱਤਣ ਵਾਲੇ ਵਾਰਡ ਲੇਡੀਜ਼ ਕੀਤੇ

ਨਕਸ਼ੇ ਦੇ ਫੇਰ ’ਚ ਫਸੇ ਕਈ ਕੌਂਸਲਰਾਂ ਨੇ ਆਖਿਆ ਕਿ ਉਨ੍ਹਾਂ ਦੇ ਵਾਰਡਾਂ ਦੀ ਇਸ ਤਰੀਕੇ ਨਾਲ ਭੰਨਤੋੜ ਕੀਤੀ ਗਈ ਹੈ ਤਾਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਫਾਇਦਾ ਮਿਲ ਸਕੇ। ਵਿਰੋਧੀ ਪਾਰਟੀਆਂ ਦੇ ਜਿੱਤਣ ਵਾਲੇ ਵਾਰਡਾਂ ਨੂੰ ਲੇਡੀਜ਼ ਵਾਰਡਾਂ ਵਿੱਚ ਬਦਲ ਦਿੱਤਾ ਗਿਆ ਹੈ। ਇਸ ਮੌਕੇ ਭਾਜਪਾ ਆਗੂ ਸੰਦੀਪ ਸਿੰਘ ਨੇ ਕਿਹਾ ਕਿ ਉਸਦੀ 40 ਨੰਬਰ ਵਾਰਡ ਸੀ, ਪਰ ਉਸ ਨੂੰ ਅੱਧਾ 33 ਨੰਬਰ ਵਾਰਡ ’ਚ ਕਰ ਦਿੱਤਾ ਗਿਆ ਹੈ ਤੇ ਅੱਧਾ 35 ਵਾਰਡ ਵਿੱਚ ਵੰਡ ਦਿੱਤਾ ਗਿਆ ਹੈ। ਇਸ ਤਰ੍ਹਾਂ ਸਬੰਧਿਤ ਵਿਧਾਇਕ ਤੇ ਇਸ਼ਾਰੇ ’ਤੇ ਵਾਰਡਬੰਦੀ ਨੂੰ ਆਪਣੇ ਚਾਹਵਾਨਾਂ ਅਨੁਸਾਰ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਵਾਰਡਬੰਦੀ ਤੇ ਇਤਰਾਜ਼ ਸਬੰਧੀ 30 ਸਤੰਬਰ ਨੂੰ ਨੋਟੀਫਿਕੇਸ਼ਨ ਕੀਤਾ ਗਿਆ ਹੈ, ਪਰ ਨਕਸ਼ਾ ਅੱਜ 1 ਸਤੰਬਰ ਨੂੰ ਲਗਾਇਆ ਗਿਆ ਹੈ ਜਦਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਆ ਗਈ ਹੈ। ਹੈਪੀ ਸ਼ਰਮਾ ਨੇ ਕਿਹਾ ਕਿ ਉਸਦੇ ਵਾਰਡ ਨੂੰ ਲੈਡੀਜ਼ ਵਾਰਡ ਕਰ ਦਿੱਤਾ ਗਿਆ ਹੈ ਅਤੇ ਉਸ ਵਿੱਚੋਂ ਕਸ਼ਮੀਰੀਆਂ ਮੁਹੱਲਾ ਚੱਕ ਦਿੱਤਾ ਗਿਆ ਹੈ। ਜਿਸ ਤਰੀਕੇ ਨਾਲ ਵਾਰਡਬੰਦੀ ਕੀਤੀ ਗਈ ਹੈ, ਉਸ ਤੋਂ ਵਿਸਵਾਸ ਹੋ ਗਿਆ ਹੈ ਕਿ ਚੋਣਾਂ ਵਿੱਚ ਰੱਜ ਕੇ ਧੱਕਾ ਕਰਨਗੇ। ਇਸ ਤੋਂ ਇਲਾਵਾ ਅਨੇਕਾ ਸਾਬਕਾ ਕੌਸਲਰਾਂ ਵੱਲੋਂ ਵਾਰਡਬੰਦੀ ਤੇ ਇਤਰਾਜ਼ ਠੋਕ ਦਿੱਤੇ ਗਏ ਹਨ ਅਤੇ ਵਾਰਡਾਂ ਦੀ ਟੁੱਟ ਭੱਜ ਨੂੰ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਇਸ ਮੌਕੇ ਹਰੀਸ਼ ਅਗਰਵਾਲ ਨੇ ਕਿਹਾ ਕਿ ਨੋਟੀਫਿਕੇਸ਼ਨ ’ਚ ਵਾਰਡਬੰਦੀ ਹੋਰ ਹੈ ਜਦਕਿ ਜੋਂ ਲੱਠਾ ਲਗਾਇਆ ਗਿਆ ਹੈ, ਉਸ ਵਿੱਚ ਹੋਰ ਹੈ। ਸਰਕਾਰ ਵੱਲੋਂ ਜਾਣ ਬੁੱਝ ਕੇ ਉਲਝਣ ਤਾਣੀ ਪਾਈ ਗਈ ਹੈ।

Bਨਵੀਂ ਵਾਰਡ ਬੰਦੀ ਪਟਿਆਲਾ ਸ਼ਹਿਰ ਦੇ ਵਿਕਾਸ ’ਤੇ ਹੋਵੇਗੀ ਗ੍ਰਹਿਣ: ਕੇ. ਕੇ. ਮਲਹੋਤਰਾ

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਜੋ ਵਾਰਡਬੰਦੀ ਕੀਤੀ ਗਈ ਹੈ ਉਹ ਸਹਿਰ ਦੇ ਵਿਕਾਸ ਨੂੰ ਗ੍ਰਹਿਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਵਾਰਡਾਂ ਦੀ ਤਰਤੀਬ ਬਹੁਤ ਹੀ ਗਲਤ ਢੰਗ ਨਾਲ ਕੀਤੀ ਗਈ ਹੈ, ਜਿਸ ਨਾਲ ਕਿ ਵਾਰਡਾਂ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਆਖਿਆ ਕਿ ਐਸਸੀ ਵਾਰਡ ਅਜਿਹੇ ਬਣਾਏ ਗਏ ਹਨ ਜਿਥੇ ਕਿ ਅਜਿਹੀ ਵੋਟ ਹੀ ਨਹੀਂ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਇਸ ਦਾ ਜਵਾਬ ਵੋਟਾਂ ’ਚ ਦੇਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰਡਬੰਦੀ ਨੂੰ ਸਿਰੇ ਤੋਂ ਨਕਾਰਿਆ ਜਾਂਦਾ ਹੈ।

ਇੰਝ ਹੈ ਨਵੀਂ ਵਾਰਡਬੰਦੀ

ਪਟਿਆਲਾ ਅੰਦਰ ਕੁੱਲ 60 ਵਾਰਡਾਂ ’ਚ ਪਟਿਆਲਾ ਸ਼ਹਿਰੀ ਅੰਦਰ 32 ਵਾਰਡ ਹਨ ਜਦਕਿ ਪਟਿਆਲਾ ਦਿਹਾਤੀ ਅੰਦਰ 26 ਵਾਰਡ ਹਨ। ਇਸ ਤੋਂ ਇਲਾਵਾ 2 ਵਾਰਡ ਹਲਕਾ ਸਨੌਰ ਅਧੀਨ ਆਉਂਦੇ ਹਨ। ਨਵੀਂ ਵਾਰਡਬੰਦੀ ਅਨੁਸਾਰ ਲੇਡੀਜ਼ ਵਾਰਡਾਂ ਦੀ ਗਿਣਤੀ 24 ਹੈ। ਐੱਸਸੀ ਵਾਰਡਾਂ ਦੀ ਗਿਣਤੀ 5 ਹੈ। ਐੱਸਸੀ ਲੇਡੀਜ਼ ਵਾਰਡ 5, ਬੀਸੀ ਵਾਰਡ 2 ਜਦਕਿ ਜਨਰਲ ਵਾਰਡਾਂ ਦੀ ਗਿਣਤੀ 24 ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਆਪਣੇ ਉਮੀਦਾਵਰਾਂ ਦੇ ਹਿਸਾਬ ਨਾਲ ਵਾਰਡਬੰਦੀ ਕੀਤੀ ਗਈ ਹੈ ਤੇ ਪਹਿਲਾ ਵਾਲੇ ਐੱਸਸੀ ਵਾਰਡ ਖਤਮ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਸਰਦੂਲਗੜ੍ਹ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਚੋਰ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ