ਵੱਡੇ, ਛੋਟੇ ਤੇ ਆਮ ਦੁਕਾਨਦਾਰ ਆਏ ਮੰਦੀ ਦੀ ਮਾਰ ਹੇਠ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਰੋਨਾ ਕਾਰਨ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਬਣੇ ਹੋਏ ਹਾਲਾਤਾਂ ਕਾਰਨ ਮਾਰਕੀਟ ਵਿੱਚ ਸੁੰਨ ਪਸਰ ਚੁੱਕੀ ਹੈ ਜਿਸ ਦੀ ਚੱਕੀ ਵਿੱਚ ਹਰੇਕ ਵਰਗ ਦਾ ਦੁਕਾਨਦਾਰ ਪੀਸਿਆ ਜਾ ਰਿਹਾ ਹੈ ‘ਸੱਚ ਕਹੂੰ’ ਵੱਲੋਂ ਮਾਰਕੀਟ ਦੀ ਮੌਜ਼ੂਦਾ ਸਥਿਤੀ ਜਾਨਣ ਲਈ ਸੰਗਰੂਰ ਦੀਆਂ ਵੱਖ-ਵੱਖ ਦੁਕਾਨਾਂ ਕਰਦੇ ਦੁਕਾਨਦਾਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਕੋਰੋਨਾ ਕਾਰਨ ਦੁਕਾਨਦਾਰਾਂ ਦਾ ਪੰਜਾਹ ਫੀਸਦੀ ਕੰਮ ਘਟ ਗਿਆ ਹੈ ਜਿਸ ਕਾਰਨ ਹੁਣ ਖਰਚੇ ਦੁਕਾਨਦਾਰਾਂ ਦੀ ਆਮਦਨ ਤੋਂ ਉੱਪਰ ਹੋ ਗਏ ਹਨ ਅਤੇ ਖਰਚਿਆਂ ਨੂੰ ਘਟਾਉਣ ਲਈ ਦੁਕਾਨਾਂ ‘ਤੇ ਕੰਮ ਕਰਨ ਵਾਲੇ ਸੇਲਜ਼ਮੈਨਾਂ ਦੀ ਗਿਣਤੀ ਘੱਟ ਕੀਤੀ ਜਾ ਰਹੀ ਹੈ ਤੇ ਸੇਲਜ਼ਮੈਨ ਹੁਣ ਉਸਾਰੀ ਆਦਿ ਦੇ ਕੰਮ ਕਰਨ ਲਈ ਮਜ਼ਬੂਰ ਹੋ ਰਹੇ ਹਨ
ਕਰੋਨਾ ਕਾਰਨ ਮਾਰਕੀਟ ‘ਤੇ ਬਹੁਤ ਹੀ ਜ਼ਿਆਦਾ ਮਾੜਾ ਅਸਰ ਹੋਇਆ ਹੈ ਸੰਗਰੂਰ ਦੇ ਬੱਸ ਸਟੈਂਡ ਨਜ਼ਦੀਕ ਪਿਛਲੇ ਲੰਮੇ ਸਮੇਂ ਤੋਂ ਬੂਟਾਂ, ਚੱਪਲਾਂ ਆਦਿ ਦੀ ਦੁਕਾਨ ਜੇ.ਕੇ.ਡੀ. ਬੂਟ ਹਾਊਸ ਦੇ ਮਾਲਕ ਦੇਸ ਰਾਜ ਕਾਲੜਾ ਨੇ ਦੱਸਿਆ ਕਿ 23 ਮਾਰਚ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਦੁਕਾਨਦਾਰੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਉਨ੍ਹਾਂ ਦੱਸਿਆ ਕਿ ਲਾਕਡਾਊਨ ਕਾਰਨ ਬਾਜ਼ਾਰ ਉੱਠ ਨਹੀਂ ਰਿਹਾ ਕਿਉਂਕਿ ਲੋਕਾਂ ਦਾ ਧਿਆਨ ਸਿਰਫ਼ ਆਪਣੀਆਂ ਲੋੜਾਂ ਪੂਰੀਆਂ ਹੋਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਗਾਹਕੀ ਪਹਿਲਾਂ ਨਾਲੋਂ ਘਟ ਗਈ ਪਹਿਲਾਂ ਆਮ ਦਿਨਾਂ ਵਿੱਚ ਵਿਆਹਾਂ ਸ਼ਾਦੀਆਂ ਦੇ ਕਾਰਨ ਬੂਟ, ਲੇਡੀਜ਼ ਚੱਪਲਾਂ ਆਦਿ ਦੀ ਵਿਕਰੀ ਹੋ ਜਾਂਦੀ ਸੀ ਪਰ ਹੁਣ ਵਿਆਹਾਂ ਦੀ ਲਾਈ ਪਾਬੰਦੀ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ‘ਤੇ ਪੈਂਦਾ ਨਜ਼ਰ ਆ ਰਿਹਾ ਹੈ
ਸੰਗਰੂਰ ਦੇ ਧੂਰੀ ਗੇਟ ਨਜ਼ਦੀਕ ਮੁਬਾਇਲ ਸ਼ੋਅਰੂਮ ਡੈਲਟਾ ਇੰਟਰਪ੍ਰਾਈਜ਼ਜ਼ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ 20 ਮਾਰਚ ਤੋਂ ਸ਼ੁਰੂ ਹੋਇਆ ਲਾਕਡਾਊਨ ਨੇ ਮਾਰਕੀਟ ‘ਤੇ ਬੁਰੀ ਤਰ੍ਹਾਂ ਨਾਲ ਅਸਰ ਪਾਇਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੰਮ ਵਿੱਚ ਹੁਣ 50 ਫੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਆ ਗਈ ਹੈ
ਉਨ੍ਹਾਂ ਕਿਹਾ ਕਿ ਮੁਬਾਇਲਾਂ ਦੀ ਵਿੱਕਰੀ ਵਿੱਚ ਇਸ ਕਰਕੇ ਜ਼ਿਆਦਾ ਫਰਕ ਆਇਆ ਹੈ ਕਿਉਂਕਿ ਸਸਤੇ ਮੁਬਾਇਲ ਤਿਆਰ ਕਰਨ ਵਾਲੀਆਂ ਫੈਕਟਰੀਆਂ ਲਾਕਡਾਊਨ ਕਾਰਨ ਬੰਦ ਹੋ ਗਈਆਂ ਜਿਸ ਕਾਰਨ ਸਸਤੇ ਮੁਬਾਇਲ ਮਾਰਕੀਟ ਵਿੱਚ ਨਹੀਂ ਆ ਰਹੇ ਆਮ ਲੋਕ ਜ਼ਿਆਦਾਤਰ ਸਸਤੇ ਮੁਬਾਇਲ ਹੀ ਖਰੀਦਦੇ ਹਨ
ਉਨ੍ਹਾਂ ਇਹ ਵੀ ਦੱਸਿਆ ਕਿ ਮੁਬਾਇਲਾਂ ਤੇ ਜੀਐਸਟੀ ਦੀ ਦਰ ਵਧਣ ਕਾਰਨ ਵੀ ਲੋਕਾਂ ਦਾ ਧਿਆਨ ਇੱਧਰੋਂ ਹਟਿਆ ਹੈ ਉਨ੍ਹਾਂ ਦੱਸਿਆ ਕਿ ਪਹਿਲਾਂ ਮੁਬਾਇਲਾਂ ਤੇ 12 ਫੀਸਦੀ ਜੀਐਸਟੀ ਸੀ ਪਰ ਹੁਣ ਇਹ ਵਧ ਕੇ 18 ਫੀਸਦੀ ਹੋ ਰਹੀ ਹੈ ਜਿਸ ਕਾਰਨ ਮੋਬਾਇਲਾਂ ਦੇ ਰੇਟ ਵੀ ਵਧ ਗਏ ਹਨ ਉਨ੍ਹਾਂ ਕਿਹਾ ਕਿ ਅਸੀਂ ਤਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਜਿੰਨਾ ਚਿਰ ਕੋਰੋਨਾ ਵਰਗੀ ਮਹਾਂਮਾਰੀ ਦੀ ਕੋਈ ਵੈਕਸੀਨ ਨਹੀਂ ਬਣ ਜਾਂਦੀ ਮਾਰਕੀਟ ਦੇ ਹਾਲਾਤ ਇਹ ਹੀ ਰਹਿਣਗੇ
ਸੰਗਰੂਰ ਦੇ ਬੱਸ ਸਟੈਂਡ ਨਜ਼ਦੀਕ ਰੇਡੀਮੇਡ ਕੱਪੜਿਆਂ ਦੇ ਸ਼ੋਅਰੂਮ ਕੁਮਾਰ ਗਾਰਮੈਂਟਸ ਦੇ ਮਾਲਕ ਬਲਦੇਵ ਕੁਮਾਰ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਮਾਰ ਉਨ੍ਹਾਂ ਦੇ ਕਾਰੋਬਾਰ ਤੇ ਪਈ ਹੈ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਫੈਲਣ ਕਾਰਨ ਲੋਕ ਖੁਦ ਹੀ ਡਰ ਦੇ ਮਾਰੇ ਦੁਕਾਨਾਂ ਤੇ ਘੱਟ ਬਹੁੜਦੇ ਹਨ ਇਸ ਤੋਂ ਇਲਾਵਾ ਦਿੱਲੀ ਆਦਿ ਸ਼ਹਿਰਾਂ ਵਿੱਚ ਲੱਗੀਆਂ ਫੈਕਟਰੀਆਂ ਬੰਦ ਹੋਣ ਕਾਰਨ ਰੇਡੀਮੇਡ ਕੱਪੜੇ ਨਹੀਂ ਆ ਰਹੇ ਅਤੇ ਲੋਕ ਇਸ ਲਾਕਡਾਊਨ ਵਿੱਚ ਸਸਤੇ ਕੱਪੜੇ ਹੀ ਖਰੀਦ ਕੇ ਬੁੱਤਾ ਸਾਰ ਰਹੇ ਹਨ
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਵਿੱਦਿਅਕ ਅਦਾਰਿਆਂ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਮਹਿੰਗੇ ਕੱਪੜੇ, ਟੀਸ਼ਰਟਾਂ, ਬੂਟ, ਘੜੀਆਂ ਆਦਿ ਖਰੀਦਦੇ ਹਨ ਪਰ ਸਕੂਲ ਬੰਦ ਹੋਣ ਕਾਰਨ ਵਿਦਿਆਰਥੀ ਹਾਲੇ ਘਰਾਂ ਅੰਦਰ ਹੀ ਹਨ ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਦੁਕਾਨਦਾਰ ਅਜਿਹੇ ਹਨ ਜਿੰਨਾ ਨੇ ਕਰਜ਼ੇ ਚੁੱਕ ਕੇ ਦੁਕਾਨਾਂ ਵਿੱਚ ਮਾਲ ਪਾਇਆ ਹੋਇਆ ਸੀ ਪਰ ਹੁਣ ਉਨ੍ਹਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਵੀ ਮੁੜ ਨਹੀਂ ਰਹੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।