ਕਿਹਾ ਸਰਕਾਰ ‘ਚ ਹੋ ਰਿਹਾ ਐ ਦਲਿਤਾ ਨਾਲ ਵਿਤਕਰਾ, ਵਾਅਦੇ ਵੀ ਪੂਰੇ ਕਰਨ ‘ਚ ਸਰਕਾਰ ਫੇਲ੍ਹ
ਹੁਣ ਤਾਂ ਲੋਕਾਂ ਨੇ ਵਿਸ਼ਵਾਸ ਹੀ ਕਰਨਾ ਛੱਡ ‘ਤਾਂ, ਅਸੀਂ ਕਿਹੜਾ ਵਾਅਦੇ ਪੂਰੇ ਕਰ ਰਹੇ ਹਾਂ
ਚੰਡੀਗੜ (ਅਸ਼ਵਨੀ ਚਾਵਲਾ)। ਕਾਂਗਰਸ ਦੇ ਵਿਧਾਇਕ ਆਪਣੀ ਹੀ ਸਰਕਾਰ ਤੋਂ ਕਾਫ਼ੀ ਜਿਆਦਾ ਔਖੇ ਨਜ਼ਰ ਆ ਰਹੇ ਹਨ, ਜਿਸ ਕਾਰਨ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਪਹਿਲੀ ਮੀਟਿੰਗ ਵਿੱਚ ਹੀ ਕਾਂਗਰਸੀ ਵਿਧਾਇਕਾਂ ਨੇ ਆਪਣਾ ਰੱਜ ਕੇ ਦੁੱਖੜਾ ਰੋਇਆ। ਕਾਂਗਰਸ ਵਿਧਾਇਕਾਂ ਨੇ ਇਥੇ ਤੱਕ ਕਹਿ ਦਿੱਤਾ ਹੈ ਕਿ ਜੇਕਰ ਹੁਣ ਵੀ ਕੁਝ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਨੇ ਕਾਂਗਰਸ ਦੇ ਕਿਸੇ ਵੀ ਉਮੀਦਵਾਰ ‘ਤੇ ਵਿਸ਼ਵਾਸ ਤੱਕ ਨਹੀਂ ਕਰਨਾ ਹੈ।
ਕਈ ਵਿਧਾਇਕਾਂ ਨੇ ਅਫ਼ਸਰਸ਼ਾਹੀ ਨੂੰ ਲੈ ਕੇ ਨਿਸ਼ਾਨਾ ਬਣਾਇਆ ਅਤੇ ਅਧਿਕਾਰੀਆਂ ਵਲੋਂ ਪੁੱਛ ਪੜਤਾਲ ਨੂੰ ਲੈ ਕੇ ਕਾਫ਼ੀ ਜਿਆਦਾ ਸੁਆਲ ਚੁੱਕੇ। ਇਸ ਮੀਟਿੰਗ ਵਿੱਚ ਸ਼ਾਮਲ ਅਮਰਿੰਦਰ ਸਿੰਘ ਕੁਝ ਵੀ ਜਿਆਦਾ ਬੋਲਣ ਦੀ ਥਾਂ ‘ਤੇ ਵਿਧਾਇਕਾਂ ਵਲੋਂ ਸੁਣਾਏ ਜਾ ਰਹੇ ਦੁਖੜੇ ਨੂੰ ਹੀ ਸੁਣਦੇ ਰਹੇ, ਜਦੋਂ ਕਿ ਹਰੀਸ਼ ਰਾਵਤ ਵਲੋਂ ਵਿਧਾਇਕਾਂ ਨੂੰ ਸੁਣਨ ਤੋਂ ਬਾਅਦ ਉਨਾਂ ਦੇ ਮਸਲੇ ਹਲ਼ ਕਰਨ ਦਾ ਭਰੋਸਾ ਜਰੂਰ ਦਿੱਤਾ ਗਿਆ ਹੈ।
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਇਹ ਰੌਲਾ ਪਹਿਲੀ ਵਾਰ ਨਹੀਂ ਪਿਆ ਹੈ ਪਰ ਇਸ ਵਾਰ ਕਾਂਗਰਸ ਇੰਚਾਰਜ ਮੀਟਿੰਗ ਵਿੱਚ ਸ਼ਾਮਲ ਹੋਣ ਕਰਕੇ ਇਹ ਮੀਟਿੰਗ ਕਾਫ਼ੀ ਜਿਆਦਾ ਅਹਿਮ ਮੰਨੀ ਜਾ ਰਹੀ ਸੀ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਮੀਟਿੰਗ ਦੌਰਾਨ ਜਿਥੇ ਵਿਧਾਇਕਾਂ ਵਲੋਂ ਦੁਖੜੇ ਸੁਣਾਏ ਜਾ ਰਹੇ ਸਨ ਤਾਂ ਉਥੇ ਹੀ ਕੈਬਨਿਟ ਮੰਤਰੀ ਵੀ ਪਿੱਛੇ ਨਹੀਂ ਰਹੇ।
ਕੈਬਨਿਟ ਮੰਤਰੀਆਂ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸੁਆਲ ਚੁਕਦੇ ਹੋਏ ਕਈ ਤਰਾਂ ਦੇ ਦੋਸ਼ ਤੱਕ ਲਗਾ ਦਿੱਤੇ। ਜਿਸ ਨੂੰ ਲੈ ਕੇ ਹਰ ਕੋਈ ਹੈਰਾਨ ਸੀ ਕਿ ਕੈਬਨਿਟ ਮੰਤਰੀ ਵਲੋਂ ਹੀ ਸਰਕਾਰ ਤੋਂ ਨਾਖੁਸ਼ੀ ਜ਼ਾਹਿਰ ਕੀਤੀ ਜਾ ਰਹੀਂ ਹੈ। ਮੀਟਿੰਗ ਦੌਰਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਗਰੀਬਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਗਰੀਬਾਂ ਨੂੰ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ।
ਕੁਲਜੀਤ ਨਾਗਰਾ ਨੇ ਅੱਗੇ ਕਿਹਾ ਕਿ ਅਸੀਂ ਵੱਡੇ ਪੱਧਰ ‘ਤੇ ਵਾਅਦੇ ਕੀਤੇ ਸਨ ਪਰ ਕੀ ਸਾਡੇ ਵਾਅਦੇ ਪੂਰੇ ਹੋ ਗਏ ਹਨ, ਇਸ ਵੱਲ ਝਾਤ ਮਾਰਨ ਦੀ ਲੋੜ ਹੈ। ਕੁਲਜੀਤ ਨਾਗਰਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਕਈ ਵਾਅਦਿਆਂ ਤੋਂ ਲੈ ਕੇ ਆਮ ਜਨਤਾ ਦੇ ਵਾਅਦੇ ਲਟਕ ਰਹੇ ਹਨ, ਜਿਨਾਂ ਨੂੰ ਜਲਦ ਹੀ ਪੂਰਾ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦੀ ਜਨਤਾ ਨੇ ਮੁੜ ਕੇ ਉਨਾਂ ‘ਤੇ ਵਿਸ਼ਵਾਸ ਨਹੀਂ ਕਰਨਾ ਹੈ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਲਿਤਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਵਾਅਦੇ ਕੀਤੇ ਗਏ ਸਨ ਪਰ ਬਹੁਤ ਸਾਰੇ ਵਾਅਦੇ ਅੱਜ ਵੀ ਲਟਕ ਰਹੇ ਹਨ ਅਤੇ ਉਨਾਂ ਨੂੰ ਮੁਕੰਮਲ ਕਰਨ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ। ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਸਰਕਾਰ ਵਿੱਚ ਦਲਿਤਾਂ ਨਾਲ ਵਿਤਕਰਾ ਕਰਨ ਦੀ ਅਸਿੱਧੇ ਢੰਗ ਨਾਲ ਦੋਸ਼ ਵੀ ਲਾ ਦਿੱਤਾ ਗਿਆ ਹੈ।
ਇਥੇ ਹੀ ਕੁਝ ਵਿਧਾਇਕਾਂ ਨੇ ਕਿਹਾ ਕਿ ਅਫ਼ਸਰਸ਼ਾਹੀ ਕਾਫ਼ੀ ਜਿਆਦਾ ਭਾਰੂ ਹੋਈ ਪਈ ਹੈ, ਇਥੇ ਤੱਕ ਕਾਂਗਰਸ ਦੇ ਵਿਧਾਇਕਾਂ ਨੂੰ ਵੀ ਕੋਈ ਨਹੀਂ ਪੁੱਛਦਾ ਹੈ। ਇਥੇ ਹੀ ਇੱਕ ਦੋ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਦੇ ਮੰਤਰੀਆਂ ਪ੍ਰਤੀ ਵੀ ਰੋਸ ਜ਼ਾਹਿਰ ਕੀਤਾ ਕਿ ਮੰਤਰੀ ਉਨਾਂ ਦੀ ਵੀ ਸੁਣਵਾਈ ਨਹੀਂ ਕਰਦੇ ਹਨ ਅਤੇ ਉਨਾਂ ਵਲੋਂ ਦਿੱਤੇ ਕੰਮ ਹੀ ਨਹੀਂ ਕੀਤੇ ਜਾਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.