ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਕਰ ਰਹੀ ਹੈ ਵਿਚਾਰ
- ਕਾਂਗਰਸੀ ਆਗੂਆਂ ਨੇ ਬਸਪਾ ਮੁਖੀ ਮਾਇਆਵਤੀ ਨਾਲ ਕੀਤੀ ਗੱਲ
ਨਵੀਂ ਦਿੱਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਹਾਲ ਦੀਆਂ ਉਪ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ਼ ਸਾਂਝੀ ਵਿਰੋਧੀ ਧਿਰ ਦੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਕਾਂਗਰਸ ਅਗਾਮੀ 2019 ਦੀਆਂ ਆਮ ਚੋਣਾਂ ‘ਚ ਕੇਂਦਰ ‘ਚ ਸੱਤਾਧਾਰੀ ਭਾਜਪਾ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਰਣਨੀਤੀ ‘ਤੇ ਵਿਚਾਰ ਕਰ ਰਹੀ ਹੈ।
ਵੱਖ-ਵੱਖ ਸੂਬਿਆਂ ‘ਚ ਖੇਤਰੀ ਪਾਰਟੀਆਂ ਨਾਲ ਗਠਜੋੜ ਸਬੰਧੀ ਕਾਂਗਰਸ ਦੀ ਉਤਸੁਕਤਾ ਨੂੰ ਉਸ ਦੀ ਪਹਿਲਾਂ ਦੀ ‘ਇਕੱਲਾ ਚਲੋ’ ਦੀ ਨੀਤੀ ‘ਚ ਬਦਲਾਅ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕੈਰਾਨਾ ਲੋਕ ਸਭਾ ਅਤੇ ਨੂਰਪੁਰ ਵਿਧਾਨ ਸਭਾ ਸੀਟਾਂ ‘ਤੇ ਸੰਯੁਕਤ ਵਿਰੋਧੀ ਉਮੀਦਵਾਰ ਖੜ੍ਹਾ ਕਰਨ ਦੀ ਰਣਨੀਤੀ ਦੀ ਜ਼ਬਰਦਸਤ ਸਫਲਤਾ ਦੇ ਮੱਦੇਨਜ਼ਰ ਕਾਂਗਰਸ ਪੂਰੇ ਦੇਸ਼ ‘ਚ ਵੱਖ-ਵੱਖ ਸੀਟਾਂ ‘ਤੇ ਖੇਤੀ ਵਿਰੋਧੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ‘ਤੇ ਧਿਆਨ ਦੇ ਰਹੀ ਹੈ। ਇਸ ਹਫਤੇ ਕਾਂਗਰਸ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕਾਨਫਰੰਸ ‘ਚ ਕਿਹਾ ਸੀ ਕਿ ਸਾਰੇ ਸੂਬਿਆਂ ਲਈ ਇੱਕ ਸਮਾਨ ਰਣਨੀਤੀ ਨਹੀਂ ਹੋ ਸਕਦੀ।
ਫਿਲਹਾਲ ਪਾਰਟੀ 2019 ਲੋਕ ਸਭਾ ਚੋਣਾਂ ‘ਚ ਭਾਜਪਾ ਵਿਰੋਧੀ ਵੋਟਾਂ ਨੂੰ ਆਪਣੇ ਵੱਲ ਮਿਲਾਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਕਾਂਗਰਸ ਲਗਭਗ 400 ਲੋਕ ਸਭਾ ਸੀਟਾਂ ‘ਤੇ ਖੇਤਰੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ‘ਤੇ ਨਜ਼ਰ ਟਿਕਾ ਰੱਖੀ ਹੋਈ ਹੈ। ਇਸ ਤੋਂ ਇਲਾਵਾ ਉਹ ਇਸੇ ਸਾਲ ਦੇ ਆਖਰ ‘ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਵਿਚਾਰ ਕਰ ਰਹੀ ਹੈ। ਇਨ੍ਹਾਂ ਦੋਵਾਂ ਸੂਬਿਆਂ ‘ਚ ਵਰਤਮਾਨ ‘ਚ ਭਾਜਪਾ ਦੀ ਹੀ ਸਰਕਾਰ ਹੈ।