ਅੰਮ੍ਰਿਤਸਰ ‘ਚ ਭਾਜਪਾ ਕਾਂਗਰਸ ਤੋਂ ਪੱਛੜੀ, ਖਡੂਰ ਸਾਹਿਬ ‘ਚ ਅਕਾਲੀ ਦਲ ਲਈ ਕਿਲ੍ਹਾ ਬਚਾਉਣਾ ਔਖਾ
ਅੰਮ੍ਰਿਤਸਰ, ਰਾਜਨ ਮਾਨ
ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਗਿਆ ਹੈ ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਗੁਰਦਾਸਪੁਰ ਵਿੱਚ ਮੁੱਖ ਮੁਕਾਬਲਾ ਪੰਜਾਬ ਦੀਆਂ ਸਿਆਸੀ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਹੈ ਅੰਮ੍ਰਿਤਸਰ ਹਲਕੇ ਵਿੱਚ ਭਾਜਪਾ ਆਖਰੀ ਪਲ ਤੱਕ ਚੋਣ ਪ੍ਰਚਾਰ ਵਿੱਚ ਪੱਛੜ ਕੇ ਰਹਿ ਗਈ ਹੈ ਉੱਧਰ ਗੁਰਦਾਸਪੁਰ ਵਿੱਚ ਮਾਇਆ ਨਗਰੀ ਦੇ ਸਿਤਾਰੇ ਲੋਕਾਂ ਦੇ ਪਿੰਡਾਂ ਵਿੱਚ ਹਾੜੇ ਕੱਢ ਰਹੇ ਹਨ ਖਡੂਰ ਸਾਹਿਬ ਤੋਂ ਅਕਾਲੀ ਦਲ ਲਈ ਆਪਣਾ ਕਿਲ੍ਹਾ ਬਚਾਉਣਾ ਔਖਾ ਹੋ ਗਿਆ ਹੈ ।
ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ ਗਿਆ ਹੈ ਉਮੀਦਵਾਰ ਹੁਣ ਆਪਣੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਯੋਜਨਾਵਾਂ ਵਿੱਚ ਰੁੱਝ ਗਏ ਹਨ ਲੋਕਾਂ ਦੇ ਘਰੀਂ ਜਾ ਕੇ ਉਹਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ।
ਮਾਝੇ ਦੀਆਂ ਤਿੰਨਾਂ ਸੀਟਾਂ ‘ਚੋਂ ਗੁਰਦਾਸਪੁਰ ਦੀ ਸੀਟ ਨੇ ਲੋਕਾਂ ਦਾ ਧਿਆਨ ਖਿੱਚਿਆ ਹੋਇਆ ਹੈ ਹਲਕੇ ਤੋਂ ਇੱਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਮੈਦਾਨ ਵਿੱਚ ਹਨ ਅਤੇ ਦੂਸਰੇ ਪਾਸੇ ਭਾਜਪਾ ਵੱਲੋਂ ਫਿਲਮੀ ਸਿਤਾਰੇ ਸੰਨੀ ਦਿਓਲ ਮੈਦਾਨ ਵਿੱਚ ਹਨ ਇਹਨਾਂ ਦੋਹਾਂ ਹੀ ਉਮੀਦਵਾਰਾਂ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ ਜਿੱਥੇ ਜਾਖੜ ਦੀ ਮੁਹਿੰਮ ਨੂੰ ਹਲਕੇ ਦੇ ਤਿੰਨ ਮੰਤਰੀ ਤੇ ਮੁੱਖ ਮੰਤਰੀ ਤੇ ਪਾਰਟੀ ਦੇ ਹੋਰ ਆਗੂ ਮਘਾ ਰਹੇ ਹਨ, ਉੱਥੇ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਚੋਣ ਮੁਹਿੰਮ ਨੂੰ ਅਕਾਲੀ ਭਾਜਪਾ ਦੇ ਕੁਝ ਆਗੂਆਂ ਤੋਂ ਇਲਾਵਾ ਉਹਨਾਂ ਦੇ ਪਿਤਾ ਧਰਮਿੰਦਰ ਮਘਾ ਰਹੇ ਹਨ ਅਸਲ ਵਿੱਚ ਸੰਨੀ ਲਈ ਧਰਮਿੰਦਰ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਰੈਲੀਆਂ ਕਰਕੇ ਆਪਣੇ ਪੁੱਤ ਲਈ ਵੋਟਾਂ ਮੰਗ ਰਹੇ ਹਨ ਧਰਮਿੰਦਰ ਵੱਲੋਂ ਬਿਨਾ ਕੋਈ ਸਿਆਸੀ ਭਾਸ਼ਣਬਾਜ਼ੀ ਕੀਤਿਆਂ ਸੰਨੀ ਲਈ ਸਾਦੇ ਢੰਗ ਨਾਲ ਹੀ ਵੋਟਾਂ ਮੰਗੀਆਂ ਜਾ ਰਹੀਆਂ ਹਨ ਇਸ ਹਲਕੇ ਅੰਦਰ ਭਾਜਪਾ ਨੂੰ ਪਠਾਨਕੋਟ ਦੇ ਚਾਰ ਹਲਕਿਆਂ ਪਠਾਨਕੋਟ, ਸੁਜਾਨਪੁਰ, ਭੋਆ ਤੇ ਦੀਨਾਨਗਰ ਵਿਧਾਨ ਸਭਾ ਹਲਕਿਆਂ ਤੋਂ ਭਾਰੀ ਆਸ ਹੈ ਅਤੇ ਇਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਹਲਕੇ ਉਹਨਾਂ ਦੀ ਜਿੱਤ ਦਾ ਕਾਰਨ ਬਣ ਸਕਦੇ ਹਨ ਇਹਨਾਂ ਹਲਕਿਆਂ ਵਿੱਚ ਭਾਜਪਾ ਦਾ ਦਬਦਬਾ ਹੈ ਇਹਨਾਂ ਚਾਰਾਂ ਹਲਕਿਆਂ ਵਿੱਚੋਂ ਤਿੰਨ ‘ਤੇ ਕਾਂਗਰਸ ਦਾ ਕਬਜ਼ਾ ਹੈ ਦੀਨਾਨਗਰ ਹਲਕੇ ਤੋਂ ਕਾਂਗਰਸ ਪਾਰਟੀ ਦੀ ਮੰਤਰੀ ਅਰੁਣਾ ਚੌਧਰੀ ਦਾ ਵੱਕਾਰ ਵੀ ਦਾਅ ‘ਤੇ ਲੱਗਾ ਹੈ ਉੱਧਰ ਗੁਰਦਾਸਪੁਰ ਜਿਲ੍ਹੇ ਵਿੱਚ ਆਉਂਦੇ ਦੂਸਰੇ ਪੰਜ ਹਲਕਿਆਂ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਬਟਾਲਾ, ਕਾਦੀਆਂ ਤੇ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਪਾਰਟੀ ਨੂੰ ਵੱਡੀ ਉਮੀਦ ਹੈ ਕਾਂਗਰਸ ਪਾਰਟੀ ਇਹਨਾਂ ਪੰਜਾਂ ਹਲਕਿਆਂ ਵਿੱਚੋਂ ਆਪਣੀ ਕਮੀ ਪੇਸ਼ੀ ਦੂਰ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ ਇਹਨਾਂ ਪੰਜਾ ਹਲਕਿਆਂ ਵਿੱਚ ਜੱਟ ਤੇ ਪੇਂਡੂ ਵੋਟ ਜ਼ਿਆਦਾ ਹੋਣ ਕਾਰਨ ਭਾਜਪਾ ਨੂੰ ਇੱਥੋਂ ਅਕਾਲੀ ਦਲ ‘ਤੇ ਨਿਰਭਰ ਕਰਨਾ ਪੈਂਦਾ ਹੈ ਤੇ ਇਹਨਾਂ ਹਲਕਿਆਂ ਵਿੱਚ ਕਾਂਗਰਸ ਦਾ ਚੰਗਾ ਦਬਦਬਾ ਹੈ ਇਹਨਾਂ ਹਲਕਿਆਂ ਵਿੱਚ ਕਾਂਗਰਸ ਦੇ ਦੋ ਧਨਾਢ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਹਨ ਇਹ ਸੀਟ ਇਹਨਾਂ ਦੋਹਾਂ ਦੀ ਇੱਜ਼ਤ ਦਾ ਵੀ ਸਵਾਲ ਬਣੀ ਹੈ ਇਹ ਹਲਕੇ ਕਾਂਗਰਸ ਦੀ ਝੋਲੀ ਜਿੱਤ ਪਾ ਸਕਦੇ ਹਨ ਹਾਲ ਦੀ ਘੜੀ ਦੋਹਾਂ ਹੀ ਧਿਰਾਂ ਵੱਲੋਂ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਈ ਗਈ ਹੈ ਇਸ ਸੀਟ ‘ਤੇ ਸੁਨੀਲ ਜਾਖੜ ਦਾ ਸਿਆਸੀ ਭਵਿੱਖ ਵੀ ਦਾਅ ‘ਤੇ ਲੱਗਾ ਹੈ।
ਉੱਧਰ ਹਲਕਾ ਅੰਮ੍ਰਿਤਸਰ ਤੋਂ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਭਾਜਪਾ ਦੇ ਹਰਦੀਪ ਸਿੰਘ ਪੁਰੀ ਵਿੱਚ ਹੈ ਦੋਹਾਂ ਹੀ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਇਆ ਜਾ ਰਿਹਾ ਹੈ ਜਿੱਥੇ ਔਜਲਾ ਲਈ ਕੁਝ ਮੰਤਰੀ ਕੰਮ ਕਰ ਰਹੇ ਹਨ, ਉੱਥੇ ਪੁਰੀ ਦੀ ਬੇੜੀ ਡਾਵਾਂਡੋਲ ਵੇਖ ਉਹਨਾਂ ਦੇ ਹੱਕ ਵਿੱਚ ਵੀ ਅਮਿਤ ਸ਼ਾਹ, ਸਮ੍ਰਿਤੀ ਇਰਾਨੀ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਸਮੇਤ ਕਈ ਹੋਰ ਆਗੂਆਂ ਨੇ ਆ ਕੇ ਆਖਰੀ ਹੱਲਾ ਮਾਰਿਆ ਹੈ ਅਮਿਤ ਸ਼ਾਹ ਦੀ ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਫਲਾਪ ਰਹੀ ਚੋਣ ਰੈਲੀ ਨੇ ਹੀ ਭਾਜਪਾ ਦੀਆਂ ਚੂਲ਼ਾਂ ਹਿਲਾ ਦਿੱਤੀਆਂ ਸਨ ਇੱਕ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਭਾਜਪਾ ਉਮੀਦਵਾਰ ਕਾਂਗਰਸ ਤੋਂ ਚੋਣ ਪ੍ਰਚਾਰ ਵਿੱਚ ਬੁਰੀ ਤਰ੍ਹਾਂ ਪੱਛੜ ਕੇ ਰਹਿ ਗਏ ਹਨ ਉਹ ਚੋਣ ਦੌਰਾਨ ਹਲਕੇ ਦਾ ਪੂਰਾ ਚੱਕਰ ਵੀ ਨਹੀਂ ਲਾ ਸਕੇ ਜਦਕਿ ਔਜਲਾ ਨੇ ਘਰ-ਘਰ ਤੱਕ ਪਹੁੰਚ ਕੀਤੀ ਹੈ ਭਾਜਪਾ ਉਮੀਦਵਾਰ ਨੂੰ ਅਕਾਲੀ ਦਲ ਵਾਲੇ ਪਾਸਿਓਂ ਵੀ ਕੋਈ ਠੰਢੀ ਹਵਾ ਨਹੀਂ ਆਈ, ਇੱਥੋਂ ਤੱਕ ਕੇ ਭਾਜਪਾ ਦੇ ਵੀ ਆਗੂਆਂ ਨੇ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਭਾਜਪਾ ਉਮੀਦਵਾਰ ਦਾ ਚੋਣ ਪ੍ਰਚਾਰ ਢਿੱਲਾ ਰਹਿਣਾ ਉਹਨਾਂ ਲਈ ਘਾਤਕ ਹੋ ਸਕਦਾ ਹੈ ਕਈ ਅਕਾਲੀ ਹਲਕਿਆਂ ਦੇ ਜਰਨੈਲ ਨਾ ਹੋਣਾ ਵੀ ਭਾਜਪਾ ਉਮੀਦਵਾਰ ਲਈ ਖਤਰੇ ਦੀ ਘੰਟੀ ਹੈ।
ਉੱਧਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਵੇਂ ਤਿਕੋਣੀ ਟੱਕਰ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਪਰ ਮੁਕਾਬਲਾ Àੁੱਥੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਵਿਚਕਾਰ ਨਜ਼ਰ ਆ ਰਿਹਾ ਹੈ ਇਹਨਾਂ ਦੋਹਾਂ ਵਿੱਚ ਕਾਂਟੇ ਦੀ ਟੱਕਰ ਬਣੀ ਹੋਈ ਹੈ ਪੰਥਕ ਮੰਨੇ ਜਾਂਦੇ ਰਹੇ ਇਸ ਹਲਕੇ ਤੋਂ ਇਸ ਵਾਰ ਪੰਥਕ ਵੋਟ ਦਾ ਵੰਡਿਆ ਜਾਣਾ ਕਾਂਗਰਸ ਲਈ ਲਾਭਦਾਇਕ ਹੋ ਸਕਦਾ ਹੈ ਇਸ ਹਲਕੇ ਤੋਂ ਖਹਿਰਾ ਫਰੰਟ ਵੱਲੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੀ ਪੰਥ ਦੇ ਨਾਂਅ ‘ਤੇ ਵੋਟ ਮੰਗ ਰਹੇ ਹਨ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਖਾਲੜਾ ਨੂੰ ਵੀ ਸਮੱਰਥਨ ਮਿਲ ਰਿਹਾ ਹੈ ਉਸ ਵੱਲੋਂ ਸਾਰੀ ਅਕਾਲੀ ਦਲ ਦੀ ਪੰਥਕ ਵੋਟ ਹੀ ਤੋੜੀ ਜਾਣੀ ਹੈ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੂੰ ਕਈ ਥਾਵਾਂ ‘ਤੇ ਲੋਕਾਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ Àੁੱਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਡਿੰਪਾ ਨੂੰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਮੰਤਰੀ ਰਘੁਬੀਰ ਸਿੰਘ ਦੇ ਆਉਣ ਨਾਲ ਲਾਹਾ ਮਿਲਿਆ ਹੈ ।
ਕਈ ਹਫਤੇ ਚੱਲੇ ਇਸ ਸਿਆਸੀ ਦੰਗਲ ਲਈ ਵੋਟਾਂ 19 ਮਈ ਨੂੰ ਪੈਣਗੀਆਂ ਤੇ 23 ਨੂੰ ਨਤੀਜਿਆਂ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਹਾਲ ਦੀ ਘੜੀ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।