ਪਿੰਡ ਸੈਫਲਪੁਰ ਦੇ ਵਿਕਾਸ ਕਾਰਜਾ ਨੂੰ ਲੇ ਕੇ ਕਾਂਗਰਸੀ ਅਤੇ ਆਪ ਪਾਰਟੀ ਵਾਲੇ ਆਹਮੋ-ਸਾਹਮਣੇ 

Village Saifalpur Sachkahoon

ਸੈਫਲਪੁਰ ਦੇ ਸਰਪੰਚ ਨੇ ਡੀਡੀਪੀਓ ਨੂੰ ਮੰਗ ਪੱਤਰ ਦਿੱਤਾ

ਪਿੰਡ ਦੀ ਚੁਣੀ ਹੋਈ ਪੰਚਾਇਤ ਦੇ ਕੰਮਾ ਵਿਚ ਦਖਲਅੰਦਾਜੀ ਕਰਨਾ ਗਲਤ: ਲਖਵੀਰ ਰਾਏ

ਅਨਿਲ ਲੁਟਾਵਾ ਫਤਿਹਗੜ੍ਹ ਸਾਹਿਬ। ਪਿੰਡ ਸੈਫਲਪੁਰ ਦੇ ਵਿਕਾਸ ਕਾਰਜਾ ਨੂੰ ਲੇ ਕੇ ਕਾਂਗਰਸੀ ਅਤੇ ਆਪ ਪਾਰਟੀ ਵਾਲੇ ਆਹਮੋ-ਸਾਹਮਣੇ ਹੋ ਗਏ ਹਨ ਅਤੇ ਇਕ-ਦੂਸਰੇ ’ਤੇ ਦੋਸ਼ ਲਗਾ ਰਹੇ ਹਨ। ਪਿੰਡ ਸੈਫਲਪੁਰ ਦੇ ਸਰਪੰਚ ਜਸਪਾਲ ਸਿੰਘ ਅਤੇ ਆਪ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਪਿੰਡ ਸੈਫਲਪੁਰ ਦੇ ਕੁਝ ਵਿਅਕਤੀਆਂ ਸਮੇਤ ਡੀ. ਡੀ. ਪੀ. ਓ. ਦਫਤਰ ਪਹੁੰਚੇ ਅਤੇ ਮੰਗ ਪੱਤਰ ਦਿੱਤਾ। ਪਿੰਡ ਦੇ ਸਰਪੰਚ ਜਸਪਾਲ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਸੈਫਲਪੁਰ ਦਾ ਪੰਚ ਗੁਰਵਿੰਦਰ ਸਿੰਘ ਅਤੇ ਉਸਦਾ ਭਰਾ ਨਰਿੰਦਰ ਸਿੰਘ ਸਿਆਸੀ ਸ਼ਹਿ ਤੇ ਪਿੰਡ ਵਿਚ ਵਿਕਾਸ ਕੰਮ ਪੰਚਾਇਤ ਦੀ ਸਹਿਮਤੀ ਤੋਂ ਵਗੈਰ ਗੈਰਕਾਨੂੰਨੀ ਢੰਗ ਨਾਲ ਕਰਵਾ ਰਹੇ ਹਨ। ਸਰਪੰਚ ਜਸਪਾਲ ਸਿੰਘ ਨੇ ਕਿਹਾ ਕਿ ਉਸਦੀ ਪੰਚਾਇਤ ਦਾ ਕੌਰਮ ਪੁਰਾ ਹੈ ਅਤੇ ਪਿੰਡ ਤੇ ਕੋਈ ਪ੍ਰਬੰਧਕ ਵੀ ਨਹੀ ਲੱਗਾ ਹੋਇਆ। ਫਿਰ ਪੰਚਾਇਤ ਦੀ ਮੰਨਜੂਰੀ ਤੋਂ ਬਿਨਾ ਪਿੰਡ ਵਿਚ ਵਿਕਾਸ ਕੰਮ ਕੌਣ ਕਰਵਾ ਰਿਹਾ ਹੈ? ਇੰਨ੍ਹਾ ਹੀ ਨਹੀ ਪਿੰਡ ਵਿਚ ਨਰੇਗਾ ਦਾ ਵੀ ਕੰਮ ਪੰਚਾਇਤ ਦੀ ਸਹਿਮਤੀ ਤੋਂ ਬਿਨਾ ਹੀ ਚੱਲ ਰਿਹਾ ਹੈ।

ਉਨ੍ਹਾ ਕਿਹਾ ਕਿ ਪਿੰਡ ਦਾ ਵਿਕਾਸ ਹੋਣਾ ਚੰਗੀ ਗੱਲ ਹੈ, ਪਰ ਪੰਚਾਇਤ ਨੂੰ ਕੁਝ ਪਤਾ ਨਾ ਹੋਵੇ ਇਹ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਸਰਪੰਚ ਜਸਪਾਲ ਸਿੰਘ ਨੇ ਕਿਹਾ ਕਿ ਇਸ ਬਾਰੇ ਉਹ ਪਹਿਲਾ ਕਈ ਵਾਰ ਜਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ ਹੈ। ਜਸਪਾਲ ਸਿੰਘ ਸਰਪੰਚ ਨੇ ਕਿਹਾ ਕਿ ਜੇਕਰ ਕੋਈ ਸਰਕਾਰੀ ਕੰਮ ਵਿਚ ਵਿਘਨ ਪਾਵੇ ਤਾਂ ਤੁਰੰਤ ਮਾਮਲਾ ਦਰਜ ਕੀਤਾ ਜਾਦਾਂ ਹੈ, ਪਰ ਪਿੰਡ ਸੈਫਲਪੁਰ ਵਿਚ ਪੰਚਾਇਤ ਦੇ ਕੰਮ ਵਿਚ ਕੀਤੀ ਜਾ ਰਹੀ ਦਖਲਅੰਦਾਜੀ ਬਾਰੇ ਕਈ ਵਾਰ ਮੰਗ ਪੱਤਰ ਦਿੱਤੇ ਜਾਣ ਤੋਂ ਬਾਦ ਵੀ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ। ਇਹ ਵਿਕਾਸ ਕੰਮ 26 ਨਵੰਬਰ 2021 ਤੋਂ ਚੱਲ ਰਹੇ ਹਨ ਅਤੇ ਮੋਜੂਦਾ ਸਮੇਂ ਚੋਣ ਜਾਬਤਾ ਲਗਾਏ ਜਾਣ ਤੋਂ ਬਾਦ ਵੀ ਵਿਕਾਸ ਕੰਮਾ ਲਈ ਟਾਈਲਾ ਅਤੇ ਹੋਰ ਸਮਾਨ ਪਿੰਡ ਵਿਚ ਆ ਰਿਹਾ ਹੈ। ਉਨ੍ਹਾ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਪੰਚਾਇਤ ਦੇ ਕੰਮ ਵਿਚ ਦਖਲਅੰਦਾਜੀ ਕਰਨ ਵਾਲੇ ਅਤੇ ਖਲਲ ਪਾਉਣ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਐਡਵੋਕੇਟ ਲਖਵੀਰ ਸਿੰਘ ਰਾਏ

ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕੁਲਜੀਤ ਸਿੰਘ ਨਾਗਰਾ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਾਂਗਰਸੀ ਵਿਧਾਇਕ ਵੱਲੋਂ ਪੰਚਾਇਤ ਦੇ ਕੰਮ ਵਿਚ ਦਖਲਅੰਦਾਜੀ ਕਰਨਾ ਗਲਤ ਹੈ। ਇਹ ਲੋਕਤੰਤਰ ਨਾਲ ਧੱਕਾ ਹੈ, ਜਿਸ ਪੰਚਾਇਤ ਨੂੰ ਲੋਕਾਂ ਨੇ ਚੁਣਿਆ ਹੈ ਉਸਦੀ ਸਹਿਮਤੀ ਤੋਂ ਬਿਨਾ ਕੁਝ ਕਰਨਾ ਗਲਤ ਹੈ। ਉਹ ਵਿਕਾਸ ਕੰਮਾਂ ਵਿਚ ਰੁਕਾਵਟਾ ਨਹੀਂ ਪਾਉਣਾ ਚਾਹੁੰਦੇ ਪਰ ਉਹ ਚੁਣੇ ਹੋਏ ਪੰਚਾਇਤ ਦੇ ਨੁਮਾਇੰਦਿਆਂ ਨਾਲ ਵੀ ਧੱਕਾ ਸਹਿਣ ਨਹੀ ਕਰਨਗੇ। ਉਨ੍ਹਾ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਮੂਕ ਦਰਸ਼ਕ ਬਣਕੇ ਦੇਖ ਰਿਹਾ ਹੈ। ਉਨ੍ਹਾ ਕਿਹਾ ਕਿ ਡੀਡੀਪੀਓ ਨੂੰ ਨਹੀ ਪਤਾ ਕਿ ਪਿੰਡ ਸੈਫਲਪੁਰ ਵਿਚ ਵਿਕਾਸ ਕੰਮ ਕੋਣ ਕਰਵਾ ਰਿਹਾ ਹੈ, ਇਹ ਹੈਰਾਨੀ ਦੀ ਗੱਲ ਹੈ। ਪਿੰਡ ਸੈਫਲਪੁਰ ਦੇ ਸਰਪੰਚ ਜਸਪਾਲ ਸਿੰਘ ਨਾਲ ਆਏ ਅਮਰੀਕ ਸਿੰਘ, ਕੁਲਦੀਪ ਸਿੰਘ ਅਤੇ ਜਗਰੂਪ ਸਿੰਘ ਨੇ ਨਰਿੰਦਰ ਸਿੰਘ ਸੈਫਲਪੁਰ ਵੱਲੋਂ ਲਗਾਏ ਦੋਸ਼ਾ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾ ਨੇ ਕੋਈ ਵੀ ਸ਼ਾਮਲਾਤ ਜਮੀਨ ’ਤੇ ਕਬਜਾ ਨਹੀਂ ਕੀਤਾ ਹੈ।Village Saifalpur Sachkahoon

ਕੀ ਕਹਿੰਦੇ ਹਨ ਵਿਧਾਇਕ ਨਾਗਰਾ ਅਤੇ ਨਰਿੰਦਰ ਸਿੰਘ ਸੈਫਲਪੁਰ

ਇਸ ਸਬੰਧੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਨਰਿੰਦਰ ਸਿੰਘ ਸੈਫਲਪੁਰ ਨਾਲ ਗੱਲ ਕਰਨ ’ਤੇ ਉਨ੍ਹਾ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਫਤਿਹਗੜ੍ਹ ਸਾਹਿਬ ਦਾ ਵਿਕਾਸ ਵੱਡੇ ਪੱਧਰ ’ਤੇ ਹੋਇਆ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਵਾਲੇ ਵਿਕਾਸ ਕੰਮਾ ਵਿਚ ਰੁਕਾਵਟਾ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਸੈਫਲਪੁਰ ਦਾ ਸਰਪੰਚ ਵਿਕਾਸ ਕੰਮਾ ਵਿਚ ਪ੍ਰਸਾਸ਼ਨ ਦਾ ਸਹਿਯੋਗ ਨਹੀ ਕਰਦਾ ਸੀ। ਜਦੋਂ ਕੁਲਜੀਤ ਨਾਗਰਾ ਨੂੰ ਪੁਛਿਆ ਕਿ ਪਿੰਡ ਸੈਫਲਪੁਰ ਵਿਚ ਜੇਕਰ ਪੰਚਾਇਤ ਵਿਕਾਸ ਨਹੀ ਕਰਵਾ ਰਹੀ ਤਾਂ ਕੋਣ ਕਰਵਾ ਰਿਹੈ, ਤਾਂ ਉਨ੍ਹਾਂ ਕਿਹਾ ਕਿ ਜੋ ਵੀ ਵਿਕਾਸ ਕੰਮ ਸੈਫਲਪੁਰ ਵਿਚ ਚੱਲ ਰਹੇ ਹਨ ਉਨ੍ਹਾ ਬਾਰੇ ਜਿਲ੍ਹਾ ਪ੍ਰਸਾਸ਼ਨ ਕੋਲੋ ਪੁੱਛੋ। ਜਦਕਿ ਨਰਿੰਦਰ ਸਿੰਘ ਸੈਫਲਪੁਰ ਨੇ ਕਿਹਾ ਕਿ ਉਸ ਕੋਲ ਵਿਕਾਸ ਕੰਮ ਕਰਵਾਉਣ ਦੀ ਕੋਈ ਪਾਵਰ ਨਹੀ ਹੈ। ਨਰਿੰਦਰ ਸਿੰਘ ਸੈਫਲਪੁਰ ਨੇ ਸਰਪੰਚ ਜਸਪਾਲ ਸਿੰਘ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੇਕਸ ਪਹੁੰਚੇ 2 ਵਿਅਕਤੀਆਂ ਤੇ ਸ਼ਾਮਲਾਤ ਜਮੀਨ ’ਤੇ ਕਬਜਾ ਕੀਤੇ ਜਾਣ ਦੇ ਦੋਸ਼ ਵੀ ਲਗਾਏ। ਕੁਲਜੀਤ ਸਿੰਘ ਨਾਗਰਾ ਨੇ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਵੀ ਦੋਸ਼ ਲਗਾਏ ਕਿ ਉਸਦੇ ਪਰਿਵਾਰ ਨੇ ਵੀ ਪਿੰਡ ਦੀ ਸ਼ਾਮਲਾਤ ਜਮੀਨ ਦੱਬੀ ਸੀ, ਜਿਸਨੂੰ ਮਾਨਯੋਗ ਸੁਪਰੀਮਕੋਰਟ ਨੇ ਖਾਲੀ ਕਰਵਾਇਆ ਸੀ, ਜਿਸਦੇ ਕਬਜੇ ਵਿਚ ਰੱਖਣ ਦੇ ਮੁਆਵਜਾ ਹਾਲੇ ਤੱਕ ਲਖਵੀਰ ਸਿੰਘ ਦੇ ਪਰਿਵਾਰ ਨੇ ਨਹੀਂ ਭਰਿਆ।

ਕੀ ਕਹਿੰਦੇ ਹਨ ਜਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ

ਇਸ ਸਬੰਧੀ ਡੀਡੀਪੀਓ ਨਿਰਭਿੰਦਰ ਸਿੰਘ ਗਰੇਵਾਲ ਨਾਲ ਗੱਲ ਕਰਨ ’ਤੇ ਉਨ੍ਹਾ ਕਿਹਾ ਕਿ ਪਿੰਡ ਵਿਚ ਚੁਣੀ ਹੋਈ ਪੰਚਾਇਤ ਹੈ ਅਤੇ ਪਿੰਡ ਤੇ ਕੋਈ ਪ੍ਰਬੰਧਕ ਵੀ ਨਹੀਂ ਲਗਾਇਆ ਗਿਆ ਹੈ, ਪਿੰਡ ਵਿਚ ਚੱਲ ਰਹੇ ਵਿਕਾਸ ਕੰਮਾ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਬਨਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ