Punjab Roadways: ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
Punjab Roadways: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪੀਆਰਟੀਸੀ ਦੀਆਂ ਖਟਾਰਾ ਤੇ ਕੰਡਮ ਬੱਸਾਂ ਲੋਕਾਂ ਦੀ ਜ਼ਿੰਦਗੀ ਜ਼ੋਖ਼ਮ ਵਿੱਚ ਪਾ ਕੇ ਸੜਕਾਂ ’ਤੇ ਆਮ ਘੁੰਮ ਰਹੀਆਂ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਜਾਣਕਾਰੀ ਅਨੁਸਾਰ ਬਹੁਤ ਹੀ ਕੰਡਮ ਹਾਲਤ ਦੀਆਂ ਬੱਸਾਂ ਵੱਡੀ ਗਿਣਤੀ ਵਿੱਚ ਸੈਂਕੜੇ ਸਵਾਰੀਆਂ ਨੂੰ ਲੈ ਕੇ ਸਫਰ ਤੈਅ ਕਰਦੀਆਂ ਹਨ, ਹਾਲਾਂਕਿ ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਇੱਕ ਮੰਦਭਾਗੇ ਹਾਦਸੇ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਸੀ ਪਰੰਤੂ ਇਹਨਾਂ ਵਿੱਚ ਸਫਰ ਕਰਨ ਵਾਲਿਆਂ ਦੀ ਸਫਰ ਕਰਨਾ ਇੱਕ ਮਜ਼ਬੂਰੀ ਹੈ, ਕਿਉਂਕਿ ਕਈ ਵਾਰ ਪ੍ਰਾਈਵੇਟ ਬੱਸਾਂ ਦਾ ਸਮਾਂ ਨਾ ਹੋਣ ਕਰਕੇ ਸਵਾਰੀਆਂ ਨੂੰ ਪੀਆਰਟੀਸੀ ਦੀਆਂ ਬੱਸਾਂ ਵਿੱਚ ਹੀ ਸਫਰ ਕਰਨਾ ਪੈਂਦਾ ਹੈ, ਭਾਵੇਂ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦੇ ਰੱਖੀ ਹੈ ਪਰ ਕਈ ਵਾਰੀ ਇਹ ਮੁਫਤ ਸਫਰ ਦਾ ਲਾਲਚ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਣ ਦੇ ਬਰਾਬਰ ਹੈ।
ਇਹਨਾਂ ਬੱਸਾਂ ਵਿੱਚ ਸਵਾਰੀ ਦੇ ਬੈਠਣ ਨੂੰ ਸਹੀ ਸੀਟ ਨਹੀਂ, ਇਨ੍ਹਾਂ ਦੀਆਂ ਬਾਡੀਆਂ ਬਹੁਤ ਕੰਡਮ ਹਨ। ਇਹ ਬੱਸਾਂ ਸੜਕਾਂ ’ਤੇ ਚੱਲਦੇ ਸਮੇਂ 100 ਸਾਲਾਂ ਦੇ ਲਾਠੀ ਲੈ ਕੇ ਚਲਦੇ ਬਜ਼ੁਰਗ ਦੀ ਤਰ੍ਹਾਂ ਚਲਦੀਆਂ ਹਨ, ਇੰਨ੍ਹਾਂ ਦਾ ਇਹ ਵੀ ਇਤਬਾਰ ਨਹੀਂ ਕਿ ਕਿਹੜੀ ਬੱਸ ਕਿਸ ਸਮੇਂ ਕਦੋਂ ਸੜਕ ’ਤੇ ਹੀ ਖਰਾਬ ਹੋ ਜਾਵੇ, ਜਿਸ ਨਾਲ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Punjab Roadways
ਪੀਆਰਟੀਸੀ ਦੇ ਇੱਕ ਡਰਾਈਵਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਬੰਧਤ ਮਹਿਕਮੇ ਵੱਲੋਂ ਸਾਨੂੰ ਇਹਨਾਂ ਦੀ ਮੁਰੰਮਤ ਕਰਾਉਣ ਲਈ ਸਪੇਅਰ ਪਾਰਟਸ ਲਈ ਪੈਸੇ ਵੀ ਨਹੀਂ ਦਿੱਤੇ ਜਾਂਦੇ ਜੋ ਕਿ ਡਰਾਈਵਰ ਕੰਡਕਟਰ ਆਪਣੀਆਂ ਜੇਬਾਂ ਵਿੱਚੋਂ ਭੁਗਤਦੇ ਹਨ। ਕੁਝ ਸਮਾਂ ਪਾ ਕੇ ਇੰਨ੍ਹਾਂ ਦੇ ਬਿੱਲ ਪਾਸ ਹੋਣ ਉਪਰੰਤ ਹੀ ਪੈਸੇ ਆਉਂਦੇ ਹਨ। ਕਈ ਵਾਰ ਸੇਵਾ ਸਮਝ ਕੇ ਹੀ ਇੰਨ੍ਹਾਂ ਦੀ ਮੁਰੰਮਤ ਕਰਾਉਣੀਂ ਪੈਂਦੀ ਹੈ।ਉਨ੍ਹਾਂ ਦੱਸਿਆ ਕਿ ਤਨਖਾਹ ਲੈਣ ਦੇ ਸਮੇਂ ਵੀ ਧਰਨਿਆਂ ਦਾ ਸਹਾਰਾ ਲੈਣਾ ਪੈਂਦਾ ਹੈ।
Punjab Roadways
ਉਨ੍ਹਾਂ ਦੱਸਿਆ ਕਿ ਇਹ 2013 ਮਾਡਲ ਬੱਸਾਂ ਹਨ ਜੋ 2028 ਤੱਕ ਸੜਕਾਂ ’ਤੇ ਦੌੜਨਗੀਆਂ, ਹਾਲਾਂਕਿ ਪੰਜਾਬ ਪੁਲਿਸ ਵੱਲੋਂ ਹੋਰ ਆਵਾਜਾਈ ਦੇ ਵਾਹਨਾਂ ਦੇ ਨਾਕੇ ਲਾ ਕੇ ਚੈਕਿੰਗ ਦੌਰਾਨ ਚਲਾਨ ਕੱਟੇ ਜਾਂਦੇ ਹਨ, ਪਰ ਇਹ ਕੰਡਮ ਹਾਲਤ ਦੀਆਂ ਬੱਸਾਂ ਵੱਲ ਕੋਈ ਵੀ ਨਹੀਂ ਵੇਖਦਾ, ਇਹ ਸ਼ਰੇਆਮ ਸਵਾਰੀਆਂ ਦੀ ਜਾਨ ਜੋਖਮ ’ਚ ਪਾ ਕੇ ਸੜਕਾਂ ’ਤੇ ਘੁੰਮ ਰਹੀਆਂ ਹਨ, ਹਾਲਾਂਕਿ ਪੀਆਰਟੀਸੀ ਦਾ ਮੁੱਖ ਮੰਤਵ ਆਮ ਜਨਤਾ ਨੂੰ ਵਧੀਆ ਅਤੇ ਕਿਫਾਇਤੀ ਆਵਾਜਾਈ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹ ਜ਼ਿਆਦਾਤਰ ਬੱਸਾਂ ਲਹਿਰਾਗਾਗਾ ਤੋਂ ਸੰਗਰੂਰ, ਪਾਤੜਾਂ, ਬਰੇਟਾ ਬੁਢਲਾਡਾ ਰੂਟਾਂ ’ਤੇ ਹੀ ਚਲਦੀਆਂ ਹਨ।
ਜਦੋਂ ਇਸ ਸਬੰਧੀ ਸੰਗਰੂਰ ਡਿੱਪੂ ਦੇ ਜਨਰਲ ਮੈਨੇਜਰ ਮਨਿੰਦਰ ਪਾਲ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੱਸਾਂ ਬੁਢਲਾਡਾ ਡਿੱਪੂ ਦੀਆਂ ਹਨ, ਬਾਕੀ ਉਹ ਬੱਸਾਂ ਹੁਣੇ ਚੈੱਕ ਕਰਵਾ ਦਿੰਦੇ ਹਨ।













