ਰਾਤ ਤੋਂ ਹੀ ਸ਼ੁਰੂ ਹੋ ਕੇ ਦੁਪਹਿਰ 12 ਵਜੇ ਤੱਕ ਜਾਰੀ ਰਹਿੰਦੀ ਹੈ ਧੁੰਦ
ਠੰਢ ਨੇ ਵੀ ਦਿਨ ਰਾਤ ਲੋਕਾਂ ਦੇ ਦੰਦ ਠਾਰੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇਸ ਵਾਰ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਧੁੰਦ ਕਾਰਨ ਜਿੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਉੱਥੇ ਹੀ ਠਰੂੰ ਠਰੂੰ ਕਰਦੇ ਪਾਲੇ ਨੇ ਆਮ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਠੰਢ ਦਾ ਆਲਮ ਇਹ ਹੈ ਕਿ ਲੋਕ ਧੁੱਪ ਦਾ ਨਿੱਘ ਮਾਨਣ ਲਈ ਸੂਰਜ ਅੱਗੇ ਬੱਦਲਾਂ ਚੋਂ ਬਾਹਰ ਨਿਕਲਣ ਦੀ ਪ੍ਰਾਰਥਨਾ ਕਰਨ ਲੱਗੇ ਹਨ ਤਾਂ ਜੋ ਠੰਢ ਦੇ ਕਹਿਰ ਤੋਂ ਥੋੜ੍ਹੀ ਨਿਜਾਤ ਮਿਲ ਸਕੇ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਕਹਿਰ ਜਾਰੀ ਰਹਿਣ ਕਾਰਨ ਆਉਣ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਕਾਰਨ ਪੂਰੀ ਰਫ਼ਤਾਰ ਨਾਲ ਚੱਲ ਰਹੀ ਆਵਾਜਾਈ ‘ਤੇ ਬਰੇਕਾਂ ਲੱਗ ਰਹੀਆਂ ਹਨ। ਧੁੰਦ ਦੇ ਕਹਿਰ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪਟਿਆਲਾ ਸਮੇਤ ਹੋਰਨਾਂ ਗੁਆਂਢੀ ਜ਼ਿਲ੍ਹਿਆਂ ਵਿੱਚ ਰਾਤ ਅੱਠ ਵਜੇ ਤੋਂ ਬਾਅਦ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਧੁੰਦ ਦੂਜੇ ਦਿਨ ਸਵੇਰੇ ਬਾਰਾਂ ਵਜੇ ਤੱਕ ਜਾਰੀ ਰਹਿੰਦੀ ਹੈ
ਕੰਮਾਂ ਕਾਰਾਂ ਸਮੇਤ ਇਧਰ ਉਧਰ ਜਾਣ ਵਾਲੇ ਲੋਕਾਂ ਨੂੰ ਮਜਬੂਰਨ ਧੁੰਦ ਵਿੱਚ ਹੀ ਜਾਣਾ ਪੈ ਰਿਹਾ
ਜਿਸ ਕਾਰਨ ਕੰਮਾਂ ਕਾਰਾਂ ਸਮੇਤ ਇਧਰ ਉਧਰ ਜਾਣ ਵਾਲੇ ਲੋਕਾਂ ਨੂੰ ਮਜਬੂਰਨ ਧੁੰਦ ਵਿੱਚ ਹੀ ਜਾਣਾ ਪੈ ਰਿਹਾ ਹੈ। ਰੋਜ਼ਾਨਾ ਸਫ਼ਰ ਕਰਨ ਵਾਲੇ ਗੁਰਚਰਨ ਸਿੰਘ ਅਤੇ ਵਪਾਰੀ ਜਗਜੀਵਨ ਰਾਮ ਦਾ ਕਹਿਣਾ ਸੀ ਕਿ ਉਹ ਸਵੇਰੇ ਪਟਿਆਲਾ ਤੋਂ ਬੱਸ ਰਾਹੀਂ ਚੱਲੇ ਪਰ ਚੰਡੀਗੜ੍ਹ ਦੇ ਸਫਰ ਦੌਰਾਨ ਹੀ ਕਾਫੀ ਸਮਾਂ ਲੱਗ ਗਿਆ ਅਤੇ ਬੱਸ ਦੀ ਰਫਤਾਰ ਹੌਲੀ ਰਹੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਧੁੰਦ ਕਾਰਨ ਲੇਟ ਹੀ ਅੱਪੜ ਰਹੇ ਹਨ। ਇਸ ਤੋਂ ਇਲਾਵਾ ਹਰਦੀਪ ਬੱਸ ਦੇ ਚਾਲਕ ਕੁਲਦੀਪ ਸਿੰਘ ਅਤੇ ਆਹਲੂਵਾਲੀਆ ਬੱਸ ਦੇ ਚਾਲਕ ਰਾਜੂ ਸਿੰਘ ਦਾ ਕਹਿਣਾ ਸੀ ਕਿ ਧੁੰਦ ਕਾਰਨ ਬੱਸਾਂ ਵੀ ਸਹੀ ਟਾਈਮ ‘ਤੇ ਬੱਸ ਅੱਡਿਆਂ ‘ਤੇ ਪਹੁੰਚਾਉਣੀਆਂ ਔਖੀਆਂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲਾਈਟਾਂ ਅਤੇ ਸੜਕ ਤੇ ਚਿੱਟੀ ਪੱਟੀ ਦੇ ਸਹਾਰੇ ਹੀ ਗੱਡੀਆਂ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ