ਐੱਸਸੀ ਕਮਿਸ਼ਨ ਵੱਲੋਂ ਪਾਵਰਕੌਮ ਨੂੰ ਪੀੜਤ ਅਧਿਕਾਰੀ ਦੀ ਪਦਉੱਨਤੀ ਕਰਨ ਦੇ ਹੁਕਮ ਜਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ )। ਪਾਵਰਕੌਮ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤੀ ਹੁਕਮਾਂ ਦੀ ਆੜ ‘ਚ ਰਿਵਰਟ ਕੀਤੇ ਜਾਣ ਤੋਂ ਬਾਅਦ ਐਸਸੀ ਕਮਿਸ਼ਨ ਪਾਵਰਕੌਮ ਖਿਲਾਫ ਸਖਤੀ ਦੇ ਮੂਡ ਵਿਚ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੀਤੀ ਗਈ ਜਾਂਚ ਪੜਤਾਲ ਅਤੇ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਪਾਵਰਕੌਮ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਮੰਨਦਿਆਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤੀ ਮਿਤੀ ਤੋਂ ਰਿਵਰਸ਼ਨ ਆਦੇਸ਼ ਵਾਪਸ ਲੈ ਕੇ ਇੰਜਨੀਅਰ ਹਰਮੇਸ਼ ਕੁਮਾਰ ਨੂੰ ਉਸੇ ਤਾਰੀਖ ਤੋਂ ਪਦਉਨਤ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।
ਇੰਜਨੀਅਰ ਹਰਮੇਸ਼ ਕੁਮਾਰ ਨਾਲ ਹੋਈ ਧੱਕੇਸ਼ਾਹੀ ਖਿਲਾਫ ਸੰਘਰਸ਼ ਲੜ ਰਹੀ ਪੀ.ਐਸ.ਈ.ਬੀ. ਐੱਸਸੀ ਪਾਵਰ ਇੰਜਨੀਅਰ ਐਸੋਸੀਏਸ਼ਨ, ਪੰਜਾਬ ਵਲੋਂ ਇਸੇ ਸਬੰਧੀ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਅੰਬੇਡਕਰ ਊਰਜਾ ਭਵਨ ਵਿਖੇ ਕੀਤੀ ਗਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜਨੀਅਰ ਐਫ. ਸੀ. ਜੱਸਲ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਇੱਕ ਸਾਜਿਸ਼ ਦੇ ਤਹਿਤ ਅਦਾਲਤੀ ਹੁਕਮਾਂ ਦੀ ਆੜ ‘ਚ ਜਾਣਬੁੱਝ ਕੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਐੱਸਸੀ ਕਮਿਸ਼ਨ ਨੇ ਆਪਣੇ ਹੁਕਮਾਂ ‘ਚ ਸਪੱਸ਼ਟ ਕੀਤਾ ਹੈ ਕਿ ਪੀੜਤ ਇੰਜਨੀਅਰ ਨੂੰ ਪਾਵਰਕੌਮ ਵੱਲੋਂ ਉਨ੍ਹਾਂ ਇੰਜਨੀਅਰਾਂ ਤੋਂ ਵੀ ਸੀਨੀਆਰਤਾ ਸੂਚੀ ‘ਚ ਹੇਠਾਂ ਦਰਸਾ ਦਿੱਤਾ ਹੈ ਜੋ ਕਿ ਸ਼ਿਕਾਇਤਕਰਤਾ ਤੋਂ ਕਈ ਬੈਚ ਨਿਯੁਕਤੀ ‘ਚ ਬਾਅਦ ‘ਚ ਆਏ ਹਨ।
ਕਮਿਸ਼ਨ ਨੇ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਨੂੰ ਤੋੜ ਮਰੋੜ ਕੇ ਕਿਸੇ ਅਨੁਸੂਚਿਤ ਜਾਤੀ ਦੇ ਕਰਮਚਾਰੀ ਨੂੰ ਉਸ ਹੁਕਮ ਦੀ ਆੜ ‘ਚ ਰਿਵਰਟ ਕਰਨਾ ਕੇਂਦਰੀ ਅਤੇ ਰਾਜ ਸਰਕਾਰ ਦੇ ਐਕਟ ਤੇ ਹਦਾਇਤਾਂ ਮਿਤੀ 17-06-1983 ਦੀ ਘੋਰ ਉਲੰਘਣਾ ਹੈ। ਇਸ ਲਈ ਇੰਜਨੀਅਰ ਹਰਮੇਸ਼ ਕੁਮਾਰ ਦੀ ਰਿਵਰਸ਼ਨ ਦੇ ਹੁਕਮ ਤੁਰੰਤ ਵਾਪਸ ਲਏ ਜਾਣ ਅਤੇ ਤਰੱਕੀ ਦਾ ਲਾਭ ਪਟੀਸ਼ਨਰਾਂ ਅਤੇ ਰਿਸਪੋਡੈਂਟ ਇੰਜਨੀਅਰਾਂ ਦੀ ਸੀਨੀਆਰਤਾ ਨੂੰ ਉਨ੍ਹਾਂ ਦੀ ਸਹਾਇਕ ਕਾਰਜਕਾਰੀ ਇੰਜਨੀਅਰ ਦੀ ਨਿਰਧਾਰਿਤ ਤਾਰੀਖ ਤੋਂ ਪਦਉੱਨਤੀ ਦਿੱਤੀ ਜਾਵੇ। ਇੰਜ. ਐੱਫ. ਸੀ. ਜੱਸਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਜਾਤੀ ਵਿਤਕਰਾ ਕਰਨ ਵਾਲੇ ਤੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਚੱਲਣ ਵਾਲੇ ਅਧਿਕਾਰੀਆਂ ਨੂੰ ਤੁਰੰਤ ਚੱਲਦਾ ਕਰੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਡੇ ਸਮਾਜ ਦੇ ਅਧਿਕਾਰੀ ਨੂੰ ਜਾਤੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਹੈ। ਐੱਸਸੀ ਕਮਿਸ਼ਨ ਦੀ ਜਾਂਚ ‘ਚ ਸਾਰਾ ਮਾਮਲਾ ਸਾਫ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪਾਵਰਕੌਮ ਨੂੰ 27 ਮਾਰਚ 2019 ਤੱਕ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਤਾਕੀਦ ਕੀਤੀ ਗਈ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਪਾਵਰਕੌਮ ਨੇ ਇਨ੍ਹਾਂ ਹੁਕਮਾਂ ਨੂੰ ਲਾਗੂ ਨਾ ਕੀਤਾ ਤਾਂ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਐਟਰੋਸਿਟੀ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਜਾਵੇਗਾ।
ਇਸ ਮੌਕੇ ਇੰਜ. ਕੁਲਰਾਜ ਸਿੰਘ, ਇੰਜ. ਹਰਮੇਸ਼ ਕੁਮਾਰ, ਇੰਜ. ਸਮਸ਼ੇਰ ਸਿੰਘ, ਇੰਜ. ਕਰਮ ਸਿੰਘ, ਇੰਜ. ਹਰਪਾਲ ਸਿੰਘ, ਸੋਹਣ ਸਿੰਘ, ਇੰਜ. ਰਾਮ ਸਿੰਘ, ਇੰਜ. ਪਰਮਜੀਤ ਸਿੰਘ, ਇੰਜ. ਮੋਹਿਤ ਵਾਲੀਆ, ਇੰਜ. ਬੀ. ਐੱਸ. ਬਾਗੀ, ਓਮ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।