ਆਓ! ਸਮੇਂ ਦੀ ਨਜ਼ਾਕਤ ਨੂੰ ਸਮਝੀਏ
ਹੋ ! ਅਜੇ ਸੰਭਾਲ ਇਸ ‘ਸਮੇਂ’ ਨੂੰ,
ਕਰ ਸਫਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ।
ਭਾਈ ਵੀਰ ਸਿੰਘ ਦੀਆਂ ਇਹ ਕਾਵਿ ਸਤਰਾਂ ਸਮੇਂ ਦੀ ਪਰਿਭਾਸ਼ਾ ਨੂੰ ਬਿਹਤਰ ਢੰਗ ਨਾਲ ਬਿਆਨ ਕਰਦੀਆਂ ਹਨ ਕਿ ਸਮੇਂ ਦੀ ਸੁਚੱਜੀ ਵਰਤੋਂ ਜੀਵਨ ਨੂੰ ਸਹੀ ਮਾਰਗ ਵੱਲ ਲੈ ਜਾਂਦੀ ਹੈ ਅਤੇ ਸਮੇਂ ਦੀ ਦੁਰਵਰਤੋਂ ਜੀਵਨ ਨੂੰ ਤਬਾਹ ਕਰ ਦਿੰਦੀ ਹੈ। ਸਮਾਂ ਕਿਸੇ ਦੀ ਉਡੀਕ ਜਾਂ ਲਿਹਾਜ਼ ਨਹੀਂ ਕਰਦਾ, ਇਹ ਨਿਰੰਤਰ ਆਪਣੀ ਚਾਲ ਚੱਲਦਾ ਲੰਘਦਾ ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ, ਅੱਜ ਦਾ ਕੰਮ ਕੱਲ੍ਹ ’ਤੇ ਨਾ ਛੱਡੋ ਅਤੇ ਉਸ ਕੰਮ ਨੂੰ ਸਮੇਂ ਰਹਿੰਦੇ ਕਰਨ ਨਾਲ ਹੀ ਅਸੀਂ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ। ਸਾਡਾ ਕਰਤੱਵ ਹੈ ਕਿ ਸਮੇਂ ਦੀ ਪੂਰੀ ਤਰ੍ਹਾਂ ਸੁਚੱਜੀ ਵਰਤੋਂ ਕਰੀਏ। ਸਮੇਂ ਸਿਰ ਕੰਮ ਕਰਨ ਦੀ ਆਦਤ ਪਾਈਏ, ਆਦਤ ਪੈ ਜਾਣ ’ਤੇ ਹਰੇਕ ਕੰਮ ਨੂੰ ਰੀਝ ਨਾਲ ਕਰਨ ’ਚ ਆਨੰਦ ਆਉਂਦਾ ਹੈ। ਆਲਸ ਸਮੇਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਇਹ ਕਈ ਰੂਪਾਂ ਵਿਚ ਮਨੁੱਖ ’ਤੇ ਕਾਬੂ ਪਾਉਂਦਾ ਹੈ। ਕਈ ਵਾਰ ਕੁਝ ਕੰਮ ਕਰਨ ਤੋਂ ਬਾਅਦ ਅਰਾਮ ਦੇ ਬਹਾਨੇ ਅਸੀਂ ਆਪਣੇ ਸਮੇਂ ਨੂੰ ਬਰਬਾਦ ਕਰਨ ਲੱਗਦੇ ਹਾਂ।
ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਸਮੇਂ ਦੀ ਕਦਰ ਨਹੀਂ ਕਰਦੇ, ਸਮਾਂ ਉਨ੍ਹਾਂ ਦੀ ਕਦੇ ਕਦਰ ਨਹੀਂ ਕਰਦਾ। ਸਮਾਂ ਨਾ ਤਾਂ ਕਿਸੇ ਦੇ ਰੋਕਣ ’ਤੇ ਰੁਕਦਾ ਹੈ ਅਤੇ ਨਾ ਹੀ ਕਿਸੇ ਦੇ ਚਲਾਉਣ ’ਤੇ ਚੱਲਦਾ ਹੈ ਇਹ ਆਪਣੀ ਗਤੀ ਨਾਲ ਵਧਦਾ ਹੀ ਜਾਂਦਾ ਹੈ। ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ ਇਸ ਲਈ ਸਮੇਂ ਦੀ ਕਦਰ ਕਰੋ, ਸਮੇਂ ਨੂੰ ਬੇਕਾਰ ਨਾ ਕਰੋ ਸਮਾਂ ਅਨਮੋਲ ਤੇ ਕੀਮਤੀ ਹੈ। ਸਮਾਂ ਵਹਿੰਦੇ ਪਾਣੀ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਇੱਕ ਵਾਰ ਪੱਤਣ ਤੋਂ ਲੰਘਿਆ ਪਾਣੀ ਵਾਪਸ ਉਸ ਕਿਨਾਰੇ ’ਤੇ ਨਹੀਂ ਆਉਂਦਾ, ਉਸੇ ਤਰ੍ਹਾਂ ਇੱਕ ਵਾਰ ਲੰਘਿਆ ਸਮਾਂ ਵੀ ਕਦੇ ਵਾਪਸ ਮੁੜ ਕੇ ਨਹੀਂ ਆਉਂਦਾ।
ਜਿਨ੍ਹਾਂ ਨੇ ਸਮੇਂ ਦੀ ਚਾਲ ਨਾਲ ਚੱਲਣਾ ਨਾ ਸਿੱਖਿਆ ਜਾਂ ਫਿਰ ਕੋਈ ਵੀ ਵਿਅਕਤੀ ਸਮੇਂ ਦੀ ਰਫ਼ਤਾਰ ਤੋਂ ਪਿੱਛੜ ਕੇ ਚੱਲਦਾ ਹੈ ਤਾਂ ਉਸ ਦੀ ਕਾਮਯਾਬੀ ਨਿਰਾਰਥਕ ਰੂਪ ਧਾਰਨ ਕਰ ਲੈਂਦੀ ਹੈ। ਸਿੱਟੇ ਵਜੋਂ ਜਿਸ ਨਾਲ ਜਿੱਤ ਵੀ ਹਾਰ ’ਚ ਕਈ ਵਾਰ ਬਦਲ ਜਾਂਦੀ ਹੈ, ਉਸ ਸਮੇਂ ਆਸ਼ਾ ਦੀ ਥਾਂ ਨਿਰਾਸ਼ਾ ਹੀ ਹੱਥ ਲੱਗਦੀ ਹੈ। ਅਜਿਹੇ ਵਿਅਕਤੀ ਸਮੇਂ ਨੂੰ ਫਜ਼ੂਲ ਹੱਥੋਂ ਗ਼ੁਆ ਕੇ ਬਾਅਦ ’ਚ ਪਛਤਾਉਂਦੇ ਹਨ ਪਰ ਨਿੱਕਲਿਆ ਸਮਾਂ ਦੁਬਾਰਾ ਨਹੀਂ ਮਿਲਦਾ। ਇਸ ਤਰ੍ਹਾਂ ਜਿਨ੍ਹਾਂ ਨੇ ਸਮੇਂ ਦੀ ਕਦਰ ਤੇ ਨਜ਼ਾਕਤ ਨੂੰ ਸਮਝਿਆ, ਉਨ੍ਹਾਂ ਨੂੰ ਸਫਲਤਾ ਜ਼ਰੂਰ ਸਮੇਂ ਸਿਰ ਹਾਸਲ ਹੋਈ ਹੈ। ਸਮੇਂ ਦੀ ਮੰਗ ਰਹੀ ਹੈ ਕਿ ਜਿਹੜੇ ਵੀ ਵਿਅਕਤੀ ਸਮੇਂ ਦੀ ਕਦਰ ਕਰਦੇ ਹਨ ਕਾਮਯਾਬੀ ਉਨ੍ਹਾਂ ਦੇ ਪੈਰ ਹਮੇਸ਼ਾ ਚੁੰਮਦੀ ਹੈ। ਸਮੇਂ ਨੂੰ ਕਦੇ ਵੀ ਫਜ਼ੂਲ ਨਾ ਗਵਾਉ, ਇੱਕ ਵਾਰ ਲੰਘਿਆ ਸਮਾਂ ਕਦੇ ਵੀ ਵਾਪਸ ਹੱਥ ਨਹੀਂ ਆਉਂਦਾ।
ਹਰ ਦਿਨ ਸਾਡੇ ਸਾਹਮਣੇ ਇੱਕ ਨਵੀਂ ਚੁਣੌਤੀ ਲੈ ਕੇ ਆਉਂਦਾ ਹੈ, ਜਿਸ ਦਾ ਭੇਦ ਪਤਾ ਕਰਨ ਲਈ ਸਹੀ ਸਮੇਂ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਸਾਨੂੰ ਚੰਗੇ-ਮਾੜੇ ਸਮੇਂ ਦਾ ਅਨੁਭਵ ਹੁੰਦੈ।
ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹੀ ਦੁਨੀਆਂ ਦੀ ਕਦਰ ਦਾ ਪਾਤਰ ਬਣਦਾ ਹੈ। ਇਤਿਹਾਸ ’ਚ ਹਕੀਕਤ ਹੈ ਕਿ, ਸਿਕੰਦਰ ਸਾਰੀ ਉਮਰ ਦੁਨੀਆਂ ਜਿੱਤਣ ਲਈ ਤੇ ਧਨ ਇਕੱਠਾ ਕਰਨ ਲਈ ਜੰਗਾਂ ਲੜਦਾ ਰਿਹਾ, ਗਰੀਬਾਂ ਦਾ ਖੂਨ ਚੂਸਦਾ ਰਿਹਾ, ਪਰ ਪਾਪਾਂ ਨਾਲ ਇਸ ਇਕੱਠੇ ਕੀਤੇ ਧਨ ਦਾ ਕਦੀ ਸੁਖ ਨਾ ਮਾਣ ਸਕਿਆ।
ਜਦੋਂ ਅੰਤਲਾ ਸਮਾਂ ਆਇਆ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਆਪਣੇ ਧਨ ਦਾ ਸੁਖ ਤਾਂ ਮਾਣਿਆ ਹੀ ਨਹੀਂ ਅਤੇ ਨਾ ਹੀ ਮੈਂ ਸਾਰੀ ਉਮਰ ਕੋਈ ਭਲਾਈ ਦਾ ਕੰਮ ਕੀਤਾ ਹੈ ਜਿਸ ਨਾਲ ਮੇਰੀ ਆਤਮਾ ਨੂੰ ਸੰਤੁਸ਼ਟੀ ਮਿਲ ਸਕੇ। ਉਸਦੇ ਮਨ ਵਿਚ ਇੱਕ ਖਾਹਿਸ਼ ਪੈਦਾ ਹੋਈ ਕਿ ਜੇ ਮੈਨੂੰ ਕੁਝ ਸਮਾਂ ਹੋਰ ਮਿਲ ਜਾਵੇ ਤਾਂ ਮੈਂ ਇਹ ਧਨ-ਦੌਲਤ, ਲੋਕਾਂ ਦੀ ਭਲਾਈ ਵਿਚ ਲਾ ਦੇਵਾਂ ਤੇ ਆਪਣਾ ਜੀਵਨ ਸਫਲਾ ਕਰ ਲਵਾਂ, ਪਰ ਗੁਆਚਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ। ਸਮਾਂ ਨਿਰੰਤਰ ਆਪਣੇ ਵਹਿਣ ’ਚ ਚੱਲਦਾ ਹੀ ਰਹਿੰਦਾ ਹੈ ਇਸ ਨੂੰ ਕੋਈ ਵੱਡੇ ਤੋਂ ਵੱਡਾ ਮਹਾਂਬਲੀ ਸੂਰਮਾ ਨਹੀਂ ਰੋਕ ਸਕਿਆ। ਅਸੀਂ ਸਮੇਂ ਦਾ ਇੰਤਜਾਰ ਕਰ ਸਕਦੇ ਹਾਂ ਪਰ ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ। ਸਮਾਂ ਬਹੁਤ ਸ਼ਕਤੀਸ਼ਾਲੀ ਅਤੇ ਬਲਵਾਨ ਹੁੰਦਾ ਹੈ।
ਪਰ ਅੱਜ-ਕੱਲ੍ਹ ਨੌਜ਼ਵਾਨ ਪੀੜ੍ਹੀ ਆਪਣੇ ਸਮੇਂ ਦਾ ਸਦਉਪਯੋਗ ਕਰਨ ਦੀ ਥਾਂ ਉਸਨੂੰ ਵਿਅਰਥ ਕਰਨ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਵਿਹਲਾ ਸਮਾਂ ਸਮਾਰਟ ਫੋਨਾਂ ਦੀ ਵਰਤੋਂ ’ਚ ਜਿਆਦਾ ਲਿਆਂਦਾ ਜਾ ਰਿਹਾ ਹੈ, ਸਮਾਰਟ ਫੋਨਾਂ ਵਿੱਚ ਬਹੁਤ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਜਾਂਦੀਆਂ ਜੋ ਇੱਕ ਪਾਸੇ ਚੰਗੇ ਲਾਭ ਵੀ ਦੇ ਸਕਦੀਆਂ ਹਨ, ਪਰ ਲੋਕ ਇਸ ਦੇ ਵਿਅਰਥ ਸਮੇਂ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਲਗਾਤਾਰ ਗੇਮਾਂ ਖੇਡਣੀਆਂ, ਸੋਸ਼ਲ ਐਪ ਦੀ ਦੁਰਵਰਤੋਂ ਵੱਲ ਜਿਆਦਾ ਧਿਆਨ ਦੇਣਾ। ਜਿਸ ਕਾਰਨ ਉਹ ਕੋਈ ਵੀ ਹੋਰ ਕੰਮ ਕਰਨ ਵੱਲ ਧਿਆਨ ਨਹੀਂ ਦਿੰਦੇ, ਇੱਥੋਂ ਤੱਕ ਕਿ ਉਹ ਮਾਤਾ-ਪਿਤਾ ਦੇ ਰੋਕਣ-ਟੋਕਣ ’ਤੇ ਇਤਰਾਜ਼ ਕਰਦੇ ਹਨ। ਕਈ ਵਾਰ ਸਮੇਂ ਤੋਂ ਪਿੱਛਾ ਛੁਡਾਉਣ ਵਾਲਾ ਵਿਅਕਤੀ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦਾ ਹੈ। ਮਨੁੱਖ ਸਮੇਂ ਸਿਰ ਤਾਂ ਕੋਈ ਕੰਮ ਕਰਦਾ ਨਹੀਂ, ਸਗੋਂ ਸਮਾਂ ਲੰਘ ਜਾਣ ’ਤੇ ਕਾਹਲੀ ਬਹੁਤ ਕਰਦਾ ਹੈ। ਕਾਹਲੀ ਅੱਗੇ ਹਮੇਸ਼ਾ ਹੀ ਟੋਏ ਹੁੰਦੇ ਹਨ।
ਅਜਿਹੇ ਵਿਅਕਤੀ ਦੇ ਸਿਰ ਉੱਪਰ ਕੰਮ ਦਾ ਭਾਰੀ ਬੋਝ ਹੋਣ ਕਰਕੇ ਉਹ ਤਣਾਅ ’ਚ ਚਲਾ ਜਾਂਦਾ ਹੈ ਤੇ ਸਮੇਂ ਦੀ ਅਣਗਹਿਲੀ ਕਰਨ ਦਾ ਨਤੀਜਾ ਭੁਗਤਦਾ ਹੈ। ਜੀਵਨ ਦੇ ਹਰੇਕ ਖੇਤਰ ਵਿਚ ਹੀ ਸਮੇਂ ਨੂੰ ਵਿਅਰਥ ਤੇ ਅਜਾਈਂ ਗੁਆਉਣ ਦੀ ਮਾਨਸਿਕਤਾ ਲੋਕਾਂ ’ਤੇ ਭਾਰੂ ਹੋ ਰਹੀ ਹੈ। ਕਿਸੇ ਵੀ ਤਰ੍ਹਾਂ ਦੇ ਖ਼ੁਸ਼ੀ ਜਾਂ ਗਮੀ ਦੇ ਸਮਾਗਮ ’ਚ ਲੋਕ ਅਕਸਰ ਹੀ ਲੇਟ ਆਉਣ ’ਚ ਮਾਣ ਮਹਿਸੂਸ ਕਰਦੇ ਹਨ।
ਸਮੇਂ ਦਾ ਗੇੜ ਵੀ ਅਜੀਬ ਹੈ ਕਿਸੇ ਨੂੰ ਇਹ ਅਰਸ਼ੋਂ ਫ਼ਰਸ਼ ਤੇ ਪਹੁੰਚਾ ਦਿੰਦਾ ਹੈ ਤੇ ਕਿਸੇ ਦੀਆਂ ਗੁੱਡੀਆਂ ਅੰਬਰੀਂ ਚਾੜ੍ਹ ਦਿੰਦਾ ਹੈ। ਚੰਗਾ-ਮਾੜਾ ਸਮਾਂ ਸਭ ’ਤੇ ਆਉਂਦਾ ਹੈ ਪਰ ਜੋ ਸਮੇਂ ਨੂੰ ਸਹੀ ਸਮੇਂ ’ਤੇ ਪਕੜ ਲੈਂਦੇ ਹਨ ਉਨ੍ਹਾਂ ਦੇ ਖ਼ੁਸ਼ੀਆਂ ਆਪ ਚੱਲ ਕੇ ਘਰ ਆਉਂਦੀਆਂ ਹਨ ਅਤੇ ਜੋ ਸਮੇਂ ਦੀ ਨਬਜ਼ ਨੂੰ ਸਹੀ ਸਮੇਂ ’ਤੇ ਪਛਾਣ ਨਾ ਸਕੇ ਅਤੇ ਪੱਛੜ ਜਾਂਦੇ ਹਨ, ਉਹ ਸਾਰੀ ਉਮਰ ਜ਼ਿੰਦਗੀ ਦੀ ਦੌੜ ਵਿੱਚ ਭਟਕਦੇ ਹੀ ਰਹਿੰਦੇ ਹਨ। ਸਿਆਣੇ ਕਿਹਾ ਕਰਦੇ ਸਨ ਕਿ ਕਿਸੇ ਨੂੰ ਸਮੇਂ ਦੀ ਮਾਰ ਨਾ ਪਏ, ਉਂਜ ਬੰਦਾ ਨਹੀਂ ਮਰਦਾ। ਸੋ ਲੋੜ ਹੈ, ਸਮੇਂ ਦੀ ਨਜ਼ਾਕਤ ਨੂੰ ਸਮਝੀਏ ਅਤੇ ਜ਼ਿੰਦਗੀ ਦਾ ਅਨੰਦ ਮਾਣੀਏ।
ਪਟਿਆਲਾ।
ਮੋ. 94636-80877
ਗੁਰਸੇਵਕ ਰੰਧਾਵਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ