ਆਓ! ਸ਼ੁਕਰਗੁਜ਼ਾਰ ਬਣੀਏ

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ

ਗੁਰਬਾਣੀ ਦੀਆਂ ਇਹ ਤੁਕਾਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਅਸੀਂ ਆਪਣੇ ਬਚਪਨ ਤੋਂ ਸੁਣਦੇ ਆ ਰਹੇ ਹਾਂ। ਪਰ ਸ਼ਾਇਦ ਅਸੀਂ ਕਦੇ ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਕੁਦਰਤ ਦਾ ਇਹ ਨਿਯਮ ਹੈ ਕਿ ਅਸੀਂ ਉਸ ਤੋਂ ਜੋ ਮੰਗਦੇ ਹਾਂ ਉਹ ਸਾਨੂੰ ਦਿੰਦੀ ਹੈ। ਜੋ ਬੋਲ ਅਸੀਂ ਮੂੰਹੋਂ ਬੋਲਦੇ ਹਾਂ, ਉਹ ਕਦੇ ਨਾ ਕਦੇ ਸੱਚ ਹੋ ਜਾਂਦੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਅਸੀਂ ਜੋ ਸਾਡੇ ਕੋਲ ਹੈ ਉਸ ਲਈ ਸ਼ੁਕਰਗੁਜਾਰ ਨਾ ਹੋ ਕੇ, ਜੋ ਸਾਡੇ ਕੋਲ ਨਹੀਂ ਹੈ, ਹਮੇਸ਼ਾ ਉਸ ਲਈ ਸ਼ਿਕਾਇਤ ਕਰਦੇ ਰਹਿੰਦੇ ਹਾਂ।

ਅਸੀਂ ਅਕਸਰ ਕਿਸੇ ਨਾ ਕਿਸੇ ਦੇ ਮੂੰਹੋਂ ਇਹ ਸੁਣਦੇ ਹਾਂ ਕਿ ਇਹ ਤਾਂ ਮੇਰੇ ਮੂੰਹੋਂ ਨਿੱਕਲੀ ਗੱਲ ਸੱਚ ਹੋ ਗਈ ਲੱਗਦੈ, ਸਰਸਵਤੀ ਜ਼ੁਬਾਨ ’ਤੇ ਬੈਠੀ ਸੀ। ਅੱਜ ਤਾਂ ਜੇ ਕੁਝ ਹੋਰ ਵੀ ਮੰਗ ਲੈਂਦੇ ਤਾਂ ਉਹ ਵੀ ਮਿਲ ਜਾਣਾ ਸੀ। ਪਰ ਅਸੀਂ ਚੰਗਾ ਬਹੁਤ ਘੱਟ ਬੋਲਦੇ ਹਾਂ। ਜੇ ਕਦੇ ਥੋੜ੍ਹੀ ਜਿਹੀ ਸਰੀਰਕ ਜਾਂ ਮਾਨਸਿਕ ਪਰੇਸ਼ਾਨੀ ਹੋ ਜਾਵੇ ਤਾਂ ਅਸੀਂ ਸਾਰਾ ਦਿਨ ਉਸ ਪਰੇਸ਼ਾਨੀ ਦਾ ਰਾਗ ਅਲਾਪਦੇ ਰਹਿੰਦੇ ਹਾਂ। ਤਕਲੀਫ ਇੰਨੀ ਜ਼ਿਆਦਾ ਨਹੀਂ ਹੁੰਦੀ, ਜਿੰਨੀ ਅਸੀਂ ਸਾਰਾ ਦਿਨ ਉਸ ਬਾਰੇ ਬੋਲ-ਬੋਲ ਕੇ ਜਾਂ ਸੋਚ-ਸੋਚ ਕੇ ਵਧਾ ਲੈਂਦੇ ਹਾਂ। ਬਜਾਇ ਇਸ ਦੇ ਹੋਣਾ ਇਹ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਤੇ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਬਾਰੇ ਨਾ ਸੋਚ ਕੇ, ਜੋ ਸਾਡੀ ਜ਼ਿੰਦਗੀ ਵਿੱਚ ਚੰਗਾ ਹੋ ਰਿਹਾ ਹੈ, ਉਸ ’ਤੇ ਧਿਆਨ ਕੇਂਦਰਿਤ ਕਰੀਏ ਅਤੇ ਉਸਦੇ ਲਈ ਸ਼ੁਕਰਗੁਜ਼ਾਰ ਹੋਈਏ।

ਮੁਸ਼ਕਲਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹਨ। ਉਨ੍ਹਾਂ ਦਾ ਸਾਹਮਣਾ ਕਰਨਾ ਜਾਂ ਫਿਰ ਉਨ੍ਹਾਂ ਤੋਂ ਡਰ ਕੇ ਢੇਰੀ ਢਾਹ ਦੇਣਾ ਦੋਵੇਂ ਹੀ ਸਾਡੇ ਹੱਥ ਵਿੱਚ ਹੁੰਦੇ ਹਨ। ਪਰ ਜ਼ਿਆਦਾਤਰ ਅਸੀਂ ਉਨ੍ਹਾਂ ਦਾ ਸਾਹਮਣਾ ਕਰਨ ਦੀ ਬਜਾਇ ਢੇਰੀ ਢਾਹ ਦੇਣਾ, ਸੌਖਾ ਕੰਮ ਸਮਝਦੇ ਹਾਂ, ਜੋ ਸਾਡੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੰਦਾ ਹੈ। ਕੋਈ ਵੀ ਮੁਸ਼ਕਲ ਦੂਰੋਂ ਹੀ ਵੱਡੀ ਲੱਗਦੀ ਹੈ। ਜਦੋਂ ਅਸੀਂ ਉਸ ਦਾ ਸਾਹਮਣਾ ਕਰਨ ਦੀ ਹਿੰਮਤ ਕਰ ਲੈਂਦੇ ਹਾਂ ਤਾਂ ਉਹ ਛੋਟੀ ਲੱਗਣ ਲੱਗ ਜਾਂਦੀ ਹੈ। ਕਿਉਂਕਿ ਉਸ ਨੂੰ ਹੱਲ ਕਰਨ ਦੇ ਰਸਤੇ ਵੀ ਆਪਣੇ-ਆਪ ਸਾਹਮਣੇ ਆਉਣ ਲੱਗ ਜਾਂਦੇ ਹਨ। ਵੱਡੀ ਤੋਂ ਵੱਡੀ ਮੁਸ਼ਕਲ ਆਉਣ ’ਤੇ ਵੀ ਜਦੋਂ ਅਸੀਂ ਵਾਰ-ਵਾਰ ਇਹ ਬੋਲਦੇ ਹਾਂ ਕਿ ਮੈਂ ਇਸ ਨੂੰ ਹੱਲ ਕਰ ਸਕਦਾ ਹਾਂ ਤਾਂ ਕੁਦਰਤ ਆਪਣੇ-ਆਪ ਸਾਨੂੰ ਰਸਤੇ ਦਿਖਾਉਣ ਲੱਗ ਜਾਂਦੀ ਹੈ।

ਆਓ! ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਖਾਮੀਆਂ ਨੂੰ ਇੱਕ ਪਾਸੇ ਕਰਕੇ ਖੁਸ਼ੀਆਂ ਅਤੇ ਜ਼ਿੰਦਗੀ ਦੇ ਦਿੱਤੇ ਤੋਹਫ਼ਿਆਂ ’ਤੇ ਧਿਆਨ ਕੇਂਦਰਿਤ ਕਰੀਏ। ਹਮੇਸ਼ਾ ਮੂੰਹੋਂ ਚੰਗੇ ਬੋਲ ਬੋਲੀਏ। ਆਪਣੇ ਅੰਦਰ ਦੀਆਂ ਖੂਬੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਹੋਰ ਸ਼ਿੰਗਾਰੀਏ। ਇੱਕ ਖੁਸ਼ਤਬੀਅਤ ਤੇ ਸਕਾਰਾਤਮਕ ਸੋਚ ਵਾਲੇ ਇਨਸਾਨ ਬਣ ਕੇ ਜ਼ਿੰਦਗੀ ਦੀਆਂ ਕਾਮਯਾਬੀਆਂ ਨੂੰ ਛੋਹੀਏ।
ਅੰਗਰੇਜ਼ੀ ਅਧਿਆਪਕਾ,
ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੀਆਂ),
ਫਫੜੇ ਭਾਈਕੇ (ਮਾਨਸਾ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ