13 ਅਰਬ ਤੋਂ ਵੱਧ ਰੁਪਏ ਦਾ ਕਰਜ਼ਾ ਨਹੀਂ ਮੋੜਿਆ
- ਯਕਮੁਸ਼ਤ ਅਦਾਇਗੀ ਦੀ ਸਕੀਮ ਲੈ ਕੇ ਆਏਗਾ ਸਹਿਕਾਰੀ ਖੇਤੀਬਾੜੀ ਬੈਂਕ, ਵਿਆਜ ਤੋਂ ਛੋਟ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ 71 ਹਜ਼ਾਰ 342 ਕਿਸਾਨਾਂ ਵੱਲ 13 ਅਰਬ 63 ਕਰੋੜ ਰੁਪਏ ਦਾ ਕਰਜਾ ਫਸਿਆ ਪਿਆ ਹੈ ਇਨ੍ਹਾਂ ਕਿਸਾਨਾਂ ਨੇ 10 ਸਾਲ ਜਾਂ ਫਿਰ ਇਸ ਤੋਂ ਪਹਿਲਾਂ ਵੀ ਇਸ ਬੈਂਕ ਤੋਂ ਕਰਜ਼ ਤਾਂ ਲਿਆ ਪਰ ਇਸ ਦੀ ਵਾਪਸੀ ਕਰਨ ਬਾਰੇ ਕੋਈ ਵੀ ਕਿਸ਼ਤ ਨਹੀਂ ਦਿੱਤੀ। ਜਿਸ ਕਾਰਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਇਨ੍ਹਾਂ ਸਾਰੇ 71 ਹਜ਼ਾਰ 342 ਕਿਸਾਨਾਂ ਨੂੰ ਡਿਫਾਲਟਰ ਕਰਾਰ ਦੇ ਦਿੱਤਾ ਹੈ। ਇਨ੍ਹਾਂ ਕਿਸਾਨਾਂ ਖ਼ਿਲਾਫ਼ ਸਰਕਾਰ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਇੱਕ ਮੌਕਾ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਯਕਮੁਸ਼ਤ ਸਕੀਮ ਦੇ ਜ਼ਰੀਏ ਇਹ ਕਿਸਾਨ ਸਿਰਫ਼ ਮੂਲ ਰਕਮ ਦੇ ਕੇ ਹੀ ਕਰਜ਼ ਮੁਕਤ ਹੋ ਸਕਦੇ ਹਨ, ਜੇਕਰ ਕਿਸੇ ਨੇ ਇਸ ਯਕਮੁਸ਼ਤ ਸਕੀਮ ਦਾ ਫਾਇਦਾ ਨਾ ਲਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਹੋ ਜਾਵੇਗੀ। (Agricultural Bank)
ਇਹ ਵੀ ਪੜ੍ਹੋ : ਅਗਲੇ ਦੋ ਦਿਨਾਂ ਦੌਰਾਨ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਣ ਦੇ ਸੰਕੇਤ
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਬੈਂਕ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੇ ਹੋਏ ਉਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੇ ਬੈਂਕ ਵੱਲੋਂ ਕੀਤੀ ਗਈ ਮੱਦਦ ਨੂੰ ਵਿਆਜ਼ ਸਣੇ ਵਾਪਸ ਤਾਂ ਕੀ ਕਰਨਾ ਸੀ, ਬੈਂਕ ਦਾ ਮੁੱਲ ਵੀ ਦੱਬ ਕੇ ਰੱਖ ਲਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਬੈਂਕ ਕੋਲ ਇਹੋ ਜਿਹੇ 10 ਲੱਖ ਤੋਂ ਜ਼ਿਆਦਾ ਲੋਨ ਲੈਣ ਵਾਲੇ ਕਿਸਾਨਾਂ ਦੀ ਸੂਚੀ ਹੈ, ਜਿਹੜੇ ਕਿ ਪਿਛਲੇ 8-10 ਸਾਲਾਂ ਤੋਂ ਲੋਨ ਦੀ ਅਦਾਇਗੀ ਹੀ ਨਹੀਂ ਕਰ ਰਹੇ । ਜਿਸ ਕਾਰਨ ਬੈਂਕ ਖ਼ੁਦ ਕਰਜ਼ਦਾਰ ਹੋ ਗਿਆ ਹੈ। ਉਨਾਂ ਦੱਸਿਆ ਕਿ ਇਸ ਸਮੇਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ 71 ਹਜ਼ਾਰ 342 ਕਿਸਾਨਾਂ ਤੋਂ 13 ਅਰਬ 63 ਕਰੋੜ ਰੁਪਏ ਲੈਣੇ ਹਨ, ਜਦੋਂ ਕਿ ਇਨਾਂ 71 ਹਜ਼ਾਰ ਤੋਂ ਜਿਆਦਾ ਕਿਸਾਨਾਂ ਵਲੋਂ ਇੱਕ ਵੀ ਪੈਸਾ ਵਾਪਸ ਨਹੀਂ ਕੀਤਾ ਜਾ ਰਿਹਾ ਹੈ। (Agricultural Bank)
ਇਸ ਲਈ ਉਨਾਂ ਵਲੋਂ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਸਾਰੇ ਕਿਸਾਨਾਂ ਨੂੰ ਇੱਕ ਵੰਨ ਟਾਈਮ ਸੈਟਲਮੈਂਟ (ਯਕਮੁਸ਼ਤ) ਦਿੱਤੀ ਜਾ ਰਹੀਂ ਹੈ। ਜੇਕਰ ਇਸ ਸਕੀਮ ਹੇਠ ਕਿਸਾਨਾਂ ਨੇ ਆਪਣਾ ਰਕਮ ਦਾ ਮੂਲ ਵਾਪਸ ਨਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਹਰ ਤਰਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਉਨਾਂ ਦੀ ਰਡਾਰ ‘ਤੇ 10 ਲੱਖ ਤੋਂ ਜਿਆਦਾ ਕਰਜ਼ ਲੈਣ ਵਾਲੇ ਕਿਸਾਨ ਹੀ ਹਨ, ਜਿਨਾਂ ਨੂੰ ਇਸ ਸਕੀਮ ਤੋਂ ਬਾਅਦ ਤੁਰੰਤ ਨੋਟਿਸ ਜਾਰੀ ਕਰ ਦਿੱਤੇ ਜਾਣਗੇ। ਰੰਧਾਵਾ ਨੇ ਕਿਹਾ ਕਿ ਇਹ ਯਕਮੁਸ਼ਤ ਸਕੀਮ ਅਗਲੇ ਕੁਝ ਦਿਨਾਂ ਵਿੱਚ ਐਲਾਨ ਦਿੱਤੀ ਜਾਏਗੀ।