ਵਕੀਲ ਦੇਣਗੇ ਧਰਨਾ, ਕੁੰਢੀਆਂ ਦੇ ਸਿੰਙ ਫਸਣ ਦੇ ਅਸਾਰ ਬਣੇ | Bathinda News
ਬਠਿੰਡਾ (ਅਸ਼ੋਕ ਵਰਮਾ)। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਟਰੈਫਿਕ ਪੁਲਿਸ ਦੇ ਹੌਲਦਾਰ ਰਣਜੀਤ ਸਿੰਘ ਦੇ ਆਪਸ ‘ਚ ਥੱਪੜੋ-ਥੱਪੜੀ ਹੋਣ ਦੇ ਮਾਮਲੇ ਸਬੰਧੀ ਵਕੀਲ ਭਾਈਚਾਰੇ ਅਤੇ ਪੁਲਿਸ ਦੇ ਸਿੰਙ ਫਸ ਗਏ ਹਨ ਜਿਲ੍ਹਾ ਪੁਲਿਸ ਪੂਰੀ ਤਰ੍ਹਾਂ ਹੌਲਦਾਰ ਦੀ ਪਿੱਠ ‘ਤੇ ਆ ਗਈ ਹੈ ਅਤੇ ਐਡਵੋਕੇਟ ਜੀਦਾ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ ਐਡਵੋਕੇਟ ਨਵਦੀਪ ਸਿੰਘ ਜੀਦਾ ਆਮ ਆਦਮੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਵੀ ਹੈ, ਜਿਸ ਦੇ ਝੜਪਾਂ ਦੌਰਾਨ ਕਾਫੀ ਸੱਟਾਂ ਵੀ ਵੱਜੀਆਂ ਹਨ।
ਵੇਰਵਿਆਂ ਅਨੁਸਾਰ ਮਾਮਲਾ ਬਠਿੰਡਾ ਦੇ ਘੋੜਾ ਚੌਂਕ ਦਾ ਹੈ ਜਿੱਥੇ ਐਡਵੋਕੇਟ ਜੀਦਾ ਅੱਜ ਸਵੇਰ ਵਕਤ ਕਿਸੇ ਡਾਕਟਰ ਕੋਲ ਜਾ ਰਹੇ ਸਨ ਵਨ ਵੇਅ ਹੋਣ ਕਰਕੇ ਟਰੈਫਿਕ ਪੁਲਿਸ ਦੇ ਹੌਲਦਾਰ ਰਣਜੀਤ ਸਿੰਘ ਨੇ ਵਕੀਲ ਆਗੂ ਨੂੰ ਜਾਣ ਤੋਂ ਰੋਕਿਆ ਜਿਸ ਨੂੰ ਲੈਕੇ ਤਕਰਾਰ ਹੱਥਪਾਈ ਤੱਕ ਪੁੱਜ ਗਿਆ ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਫੁਟੇਜ ‘ਚ ਜੀਦਾ ਵੱਲੋਂ ਹੌਲਦਾਰ ਦੇ ਥੱਪੜ ਮਾਰਨ ਦੀ ਘਟਨਾ ਨਜ਼ਰ ਆ ਰਹੀ ਹੈ ਦੋਵਾਂ ਧਿਰਾਂ ਨੇ ਇੱਕ ਦੂਸਰੇ ‘ਤੇ ਪਹਿਲ ਕਰਨ ਦੇ ਦੋਸ਼ ਲਾਏ ਹਨ ਵਕੀਲ ਆਗੂ ਦੀ ਕੁੱਟਮਾਰ ਤੋਂ ਭੜਕੇ ਵਕੀਲਾਂ ਨੇ ਅਦਾਲਤੀ ਕੰਮ ਕਾਜ ਠੱਪ ਕਰਕੇ ਐਸਐਸਪੀ ਦਫਤਰ ਸਾਹਮਣੇ ਧਰਨਾ ਲਾ ਦਿੱਤਾ ਵਕੀਲ ਹੌਲਦਾਰ ਖਿਲਾਫ ਪੁਲਿਸ ਕੇਸ ਦਰਜ ਕਰਕੇ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ। (Bathinda News)
ਸਿਵਲ ਹਸਪਤਾਲ ‘ਚ ਦਾਖਲ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਉਹ ਅੱਜ ਅਜੀਤ ਰੋਡ ‘ਤੇ ਇੱਕ ਡਾਕਟਰ ਕੋਲ ਆਏ ਸਨ ਤਾਂ ਡਿਊਟੀ ‘ਤੇ ਤਾਇਨਾਤ ਹੌਲਦਾਰ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਵਜ੍ਹਾ ਪੁੱਛਣ ‘ਤੇ ਉਸ ਨੇ ਸੜਕ ਦੇ ਵਨ ਵੇਅ ਹੋਣ ਦੀ ਗੱਲ ਆਖੀ ਉਨ੍ਹਾਂ ਦੱਸਿਆ ਕਿ ਇਸ ਮੌਕੇ ਹੌਲਦਾਰ ਨੇ ਬਦਸਲੂਕੀ ਕੀਤੀ ਤਾਂ ਇਤਰਾਜ ਜਤਾਉਣ ਤੇ ਗੱਲ ਸੁਣਨ ਦੀ ਥਾਂ ਉਨ੍ਹਾਂ ਨੂੰ ਨਾਲ ਝਗੜਾ ਕਰਨ ਲੱਗ ਪਿਆ ਘੋੜਾ ਚੌਂਕ ਦੇ ਨਜ਼ਦੀਕ ਕੁਝ ਲੋਕਾਂ ਨੇ ਦੱਸਿਆ ਕਿ ਦੋਵਾਂ ਦੀ ਆਪਸ ‘ਚ ਜੰਮ ਕੇ ਲੜਾਈ ਹੋਈ ਹੈ ਉਨ੍ਹਾਂ ਦੱਸਿਆ ਕਿ ਆਪਸ ‘ਚ ਹੱਥੋਪਾਈ ਕਿਓਂ ਹੋਏ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
ਫਸਟ ਏਡ ਦੀ ਥਾਂ ਥਾਣੇ ਲਿਆਂਦਾ | Bathinda News
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਸੀ ਕਿ ਗੰਭੀਰ ਜਖਮੀ ਹੋਏ ਵਕੀਲ ਨੂੰ ਹਸਪਤਾਲ ‘ਚ ਲਿਜਾਣ ਦੀ ਥਾਂ ਅਪਰਾਧੀ ਦੀ ਤਰ੍ਹਾਂ ਧੱਕੇ ਨਾਲ ਥਾਣੇ ਸਿਵਲ ਲਿਜਾਇਆ ਗਿਆ ਜਦੋਂਕਿ ਬਦਨੀਅਤੀ ਤਹਿਤ ਹੌਲਦਾਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਉਨ੍ਹਾਂ ਹੌਲਦਾਰ ਖਿਲਾਫ ਪੁਲਿਸ ਕੇਸ ਦਰਜ ਕਰਕੇ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਮੇਰੀ ਕੁੱਟਮਾਰ ਕਰਕੇ ਵਰਦੀ ਪਾੜੀ : ਹੌਲਦਾਰ
ਸਿਵਲ ਹਸਪਤਾਲ ‘ਚ ਦਾਖਲ ਹੌਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤਹਿਤ ਅਜੀਤ ਰੋਡ ‘ਤੇ ਲੋਕਾਂ ਨੂੰ ਇਸ ਪਾਸਿਓਂ ਦਾਖਲ ਹੋਣ ਤੋਂ ਰੋਕ ਰਿਹਾ ਸੀ ਇਸੇ ਦੌਰਾਨ ਇੱਕ ਆਦਮੀ ਆਇਆ ਜਿਸ ਨੂੰ ਮੈਂ ਜਾਣਦਾ ਨਹੀਂ ਸੀ ਉਸ ਨੇ ਆਪਣੇ ਆਪ ਨੂੰ ਜਿਲ੍ਹਾ ਪ੍ਰਧਾਨ ਹੋਣ ਦੀ ਗੱਲ ਕਹਿਕੇ ਗਰਮੀ ਦਿਖਾਈ ਮੈਂ ਉਸ ਦੀ ਵੀਡੀਓ ਬਨਾਉਣ ਲੱਗਿਆ ਤਾਂ ਉਸ ਨੇ ਮੇਰੇ ਥੱਪੜ ਮਾਰੇ , ਕੁੱਟਮਾਰ ਕੀਤੀ ਅਤੇ ਮੇਰੀ ਵਰਦੀ ਵੀ ਪਾੜੀ ਹੈ।
ਵਕੀਲਾਂ ਵੱਲੋਂ ਸੂਬਾ ਪੱਧਰੀ ਸੰਘਰਸ਼ ਦੀ ਧਮਕੀ | Bathinda News
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਜਲਾਲ ਨੇ ਦੱਸਿਆ ਕਿ ਹੌਲਦਾਰ ਰਣਜੀਤ ਸਿੰਘ ਨੇ ਇੱਕ ਸੀਨੀਅਰ ਵਕੀਲ ਦੀ ਬਿਨਾਂ ਗੱਲੋਂ ਕੁੱਟਮਾਰ ਕੀਤੀ ਹੈ ਜਿਸ ਨੂੰ ਵਕੀਲ ਭਾਈਚਾਰਾ ਹਰਗਿਜ਼ ਸਹਿਣ ਨਹੀਂ ਕਰੇਗਾ ਉਨ੍ਹਾਂ ਕਿਹਾ ਕਿ ਜਦੋਂ ਸਮੁੱਚਾ ਪੁਲਿਸ ਪ੍ਰਸ਼ਾਸ਼ਨ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਇਆ ਤਾਂ ਮਜਬੂਰੀ ਵੱਸ ਕੰਮ ਠੱਪ ਕਰਕੇ ਧਰਨਾ ਲਾਉਣਾ ਪਿਆ ਹੈ ਉਨ੍ਹਾਂ ਆਖਿਆ ਕਿ ਸੋਮਵਾਰ ਨੂੰ ਬਠਿੰਡਾ ਜਿਲ੍ਹੇ ‘ਚ ਹੜਤਾਲ ਰੱਖੀ ਜਾਏਗੀ ਤੇ ਜੇ ਪੁਲਿਸ ਨੇ ਸਬੰਧਤ ਹੌਲਦਾਰ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਸੂਬਾ ਪੱਧਰ ‘ਤੇ ਲਿਜਾਇਆ ਜਾਏਗਾ।
ਪੁਲਿਸ ਕੇਸ ਦਰਜ | Bathinda News
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਐਡਵੋਕੇਟ ਨਵਦੀਪ ਸਿੰਘ ਜੀਦਾ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੌਲਦਾਰ ਨੂੰ ਕੁੱਟਣ ਦੇ ਮਾਮਲੇ ‘ਚ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਜਾਏਗੀ।