China Door News: ਅੱਜ ਦੇ ਸਮੇਂ ਵਿੱਚ ਜੇ ਗੱਲ ਕਰਨੀ ਹੋਵੇ ਭਖਦੇ ਮੁੱਦਿਆਂ ਦੀ ਤਾਂ ਸੂਚੀ ਬਹੁਤ ਲੰਮੀ ਹੈ। ਇਨ੍ਹਾਂ ਮੁੱਦਿਆਂ ਦੇ ਨਤੀਜੇ ਵੀ ਬਹੁਤ ਹੀ ਦੁਖਦਾਈ ਅਤੇ ਨਿਰਾਸ਼ਾਵਾਦੀ ਹਨ। ਇਨ੍ਹਾਂ ਮੁੱਦਿਆਂ ਦੇ ਹੱਲ ਅਤੇ ਅੰਤ ਵੀ ਰਹੱਸਮਈ ਹਨ। ਕਿਸੇ ਵੀ ਸਰਕਾਰ ਲਈ ਭਾਵੇਂ ਉਹ ਬੀਤੇ ਸਮੇਂ ਦੀਆਂ ਸਰਕਾਰਾਂ ਹੋਣ ਜਾਂ ਫਿਰ ਮੌਜੂਦਾ ਸਰਕਾਰ ਹੋਵੇ, ਹਰ ਕਿਸੇ ਲਈ ਇਨ੍ਹਾਂ ਮੁੱਦਿਆਂ ਨਾਲ ਨਜਿੱਠਣਾ ਬੜਾ ਔਖਾ ਹੈ। ਇਹ ਮੁੱਦੇ ਹਮੇਸ਼ਾ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣੇ ਰਹਿੰਦੇ ਹਨ। ਜੇ ਗੱਲ ਕਰੀਏ ਇਨ੍ਹਾਂ ਚੋਣਵੇਂ ਮੁੱਦਿਆਂ ਦੀ ਜਿਵੇਂ ਕਿ ਨਸ਼ਾ ਖਾਸਕਰ ਚਿੱਟਾ, ਨਜ਼ਾਇਜ ਮਾਈਨਿੰਗ, ਗੈਂਗਸਟਰਵਾਦ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਜ਼ਾਇਜ ਹਥਿਆਰ, ਨਜ਼ਾਇਜ ਕਬਜੇ, ਫਿਰੌਤੀਆਂ, ਪ੍ਰਵਾਸ, ਦੂਸ਼ਿਤ ਹੋ ਰਿਹਾ ਵਾਤਾਵਰਨ, ਖਤਮ ਹੁੰਦਾ ਜਾ ਰਿਹਾ ਪਾਣੀ, ਗਰੀਬੀ ਆਦਿ ਅਨੇਕਾਂ ਹੀ ਮੁੱਦੇ ਹਨ।
ਇਹ ਖਬਰ ਵੀ ਪੜ੍ਹੋ : Dera Sacha Sauda: ਸੇਵਾ ਦੇ ਮਹਾਂਕੁੰਭ ਦਾ 7ਵਾਂ ਦਿਨ- ਪੂਜਨੀਕ ਗੁਰੂ ਜੀ ਵੱਲੋਂ ਆਤਮ-ਨਿਰਭਰ, ਸੇਫ ਤੇ ਸਾਥੀ ਮੁਹਿੰਮ ਤ…
ਜੋ ਕਿ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਮੂੰਹ ਚਿੜਾਉਂਦੇ ਰਹਿੰਦੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਚਾਹ ਕੇ ਵੀ ਇਨ੍ਹਾਂ ਨੂੰ ਖਤਮ ਨਹੀਂ ਕਰ ਸਕੇ। ਕਾਰਨ ਇਨ੍ਹਾਂ ਸਭ ਦੇ ਪਿੱਛੇ ਮਨੁੱਖੀ ਸੁਭਾਅ ਦਾ ਸਵਾਰਥਪੁਣਾ ਤੇ ਲਾਲਚ ਹੈ। ਅੱਜ ਦਾ ਮਨੁੱਖ ਏਨਾ ਲਾਲਚੀ ਅਤੇ ਸਵਾਰਥੀ ਹੋ ਗਿਐ ਕਿ ਉਹ ਆਪਣੇ ਤੋਂ ਸਿਵਾਏ ਕਿਸੇ ਹੋਰ ਬਾਰੇ ਸੋਚਦਾ ਹੀ ਨਹੀਂ। ਇੱਥੋਂ ਤੱਕ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਨਹੀਂ ਸੋਚਦਾ, ਜਿਨ੍ਹਾਂ ਲਈ ਹਰ ਹੀਲਾ ਵਰਤ ਕੇ ਧਨ-ਦੌਲਤ, ਜ਼ਮੀਨਾਂ-ਜਾਇਦਾਦਾਂ ਇਕੱਠੀਆਂ ਕਰਦਾ ਹੈ, ਪਰੰਤੂ ਵਾਤਾਵਰਨ, ਪਾਣੀ, ਧਰਤੀ ਵਗੈਰਾ ਦੇ ਮੁੱਦਿਆਂ ’ਤੇ ਤਾਂ ਉਹ ਉਨ੍ਹਾਂ ਬਾਰੇ ਵੀ ਚਿੰਤਤ ਨਹੀਂ ਲੱਗਦਾ। China Door News
ਇਨਸਾਨ ਵੱਧ ਤੋਂ ਵੱਧ ਧਨ-ਦੌਲਤ , ਸ਼ੋਹਰਤ ਅਤੇ ਤਾਕਤ ਹਾਸਲ ਕਰਨ ਲਈ ਕਿਸੇ ਦੀ ਜਾਨ ਵੀ ਕੀਮਤ ’ਤੇ ਲਾ ਸਕਦਾ ਹੈ। ਅੱਜ ਦਾ ਮਨੁੱਖ ਆਪਣਾ ਪੇਟ ਅਤੇ ਘਰ ਭਰਨ ਲਈ ਕਿਸੇ ਦਾ ਵੀ ਘਰ ਉਜਾੜ ਸਕਦਾ ਹੈ। ਜੇ ਭਖਦਿਆਂ ਮੁੱਦਿਆਂ ’ਚੋਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਮੁੱਦਾ ਹੈ ਨਸ਼ੇ ਦਾ ਜਾਂ ਫਿਰ ਚਿੱਟੇ ਦਾ ਕਹਿ ਲਵੋ। ਚਿੱਟਾ ਅੱਜ ਪਿੰਡ-ਪਿੰਡ ਜਾ ਪਹੁੰਚਿਆ ਹੈ। ਇਸ ਚਿੱਟੇ ਬਾਰੇ ਇਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਸਰਹੱਦ ਪਾਰੋਂ ਗੁਆਂਢੀ ਮੁਲਕਾਂ ਵਿੱਚੋਂ ਸਾਨੂੰ ਬਰਬਾਦ ਕਰਨ ਲਈ ਡਰੋਨ ਵਗੈਰਾ ਦੀ ਸਹਾਇਤਾ ਨਾਲ ਅਤੇ ਹੋਰ ਵੱਖ-ਵੱਖ ਢੰਗਾਂ ਰਾਹੀਂ ਸਾਡੇ ਦੇਸ਼ ਵਿੱਚ ਦਖਲ ਕੀਤਾ ਜਾ ਰਿਹਾ ਹੈ। China Door News
ਨਿੱਤ ਦਿਨ ਸਾਡੇ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਇਸ ਨੂੰ ਸਰਹੱਦ ਨੇੜਿਓਂ ਵੱਡੀ ਮਾਤਰਾ ਵਿੱਚ ਫੜਦੀਆਂ ਹਨ। ਸਰਹੱਦ ਨੇੜਿਓਂ ਇਸ ਦੀ ਬਰਾਮਦਗੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਬੇਗਾਨੇ ਮੁਲਕ ਇਸ ਸਾਜਿਸ਼ ਵਿੱਚ ਸ਼ਾਮਿਲ ਹਨ। ਭਾਰੀ ਮਾਤਰਾ ਵਿੱਚ ਸਰਹੱਦ ਨੇੜਿਓਂ ਫੜੇ ਜਾਣ ਦੇ ਬਾਵਜੂਦ ਇਹ ਸਾਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਧੜੱਲੇ ਨਾਲ ਵਿਕ ਰਿਹਾ ਹੈ। ਜਿੰਨੀਆਂ ਖਬਰਾਂ ਇਸਦੇ ਫੜੇ ਜਾਣ ਦੀਆਂ ਹੁੰਦੀਆਂ ਹਨ, ਉਸ ਤੋਂ ਕਈ ਗੁਣਾ ਜਿਆਦਾ ਇਸਦੇ ਸੇਵਨ ਨਾਲ ਮਾਵਾਂ ਦੇ ਜਵਾਨ ਪੁੱਤ ਮਰਨ ਦੀਆਂ ਹੁੰਦੀਆਂ ਹਨ। ਪਰੰਤੂ ਅੱਜ ਮੈਂ ਗੱਲ ਕਰਨੀ ਚਾਹੁੰਦਾ ਹਾਂ ਆਉਣ ਵਾਲੇ ਦਿਨਾਂ ਵਿੱਚ ਆ ਰਹੇ ਬਸੰਤ ਦੇ ਤਿਉਹਾਰ ’ਤੇ ਵਰਤੀ ਜਾਣ ਵਾਲੀ ਚਾਈਨਾ ਡੋਰ ਦੀ।
ਕੀ ਚਾਇਨਾ ਡੋਰ ਦੀ ਵਰਤੋਂ ਜਾਇਜ਼ ਹੈ? ਜੇ ਜਾਇਜ ਹੈ ਤਾਂ ਇਸ ਨੂੰ ਰੋਕਣ ਲਈ ਵੱਡੀਆਂ–ਵੱਡੀਆਂ ਬਿਆਨਬਾਜੀਆਂ ਕਿਉਂ ਕੀਤੀਆਂ ਜਾਂਦੀਆਂ ਹਨ? ਹਰ ਸਾਲ ਬਸੰਤ ਦਾ ਤਿਉਹਾਰ ਆਉਣ ਤੋਂ ਪਹਿਲਾਂ ਸਰਕਾਰ ਅਤੇ ਪ੍ਰਸ਼ਾਸਨ ਚਾਈਨਾ ਡੋਰ ’ਤੇ ਪਾਬੰਦੀ ਲਾਉਣ ਸਬੰਧੀ ਵੱਡੇ-ਵੱਡੇ ਦਾਅਵੇ, ਚਿਤਾਵਨੀਆਂ ਤੇ ਐਡਵਾਇਜ਼ਰੀਆਂ ਜਾਰੀ ਕਰਦੇ ਹਨ, ਜਿੰਨ੍ਹਾਂ ਨੂੰ ਪੜ੍ਹਕੇ-ਸੁਣਕੇ ਲੱਗਦਾ ਹੈ ਕਿ ਇਸ ਵਾਰ ਤਾਂ ਚਾਈਨਾ ਡੋਰ ਦੇ ਦਰਸ਼ਨ ਹੀ ਨਹੀਂ ਹੋਣਗੇ। ਪਰੰਤੂ ਬਸੰਤ ਦੇ ਤਿਉਹਾਰ ਤੋਂ ਮਹੀਨਾ-ਵੀਹ ਦਿਨ ਪਹਿਲਾਂ ਤੋਂ ਲੈ ਕੇ ਏਨੇ ਦਿਨ ਪਿੱਛੇ ਤੱਕ ਆਮ ਵਾਂਗ ਹਰ ਥਾਂ ਗਲੀਆਂ, ਮੁਹੱਲਿਆਂ, ਸੜਕਾਂ, ਦਰਖੱਤਾਂ ’ਤੇ ਹਰ ਥਾਂ ਚਾਈਨਾ ਡੋਰ ਦਾ ਜਾਲ ਵਿਛਿਆ ਹੁੰਦਾ ਹੈ।
ਏਨੇ ਸਮੇਂ ਤੱਕ ਇਹ ਡੋਰ ਸੈਂਕੜੇ ਮਨੁੱਖਾਂ ਤੇ ਹਜ਼ਾਰਾਂ ਪੰਛੀਆਂ ਨੂੰ ਅਪਣੀ ਲਪੇਟ ਵਿੱਚ ਲੈ ਚੁੱਕੀ ਹੁੰਦੀ ਹੈ। ਇਨ੍ਹਾਂ ਵਿੱਚੋਂ ਕਈ ਤਾਂ ਵਿਚਾਰੇ ਅਪਣੀ ਜਾਨ ਤੋਂ ਹੀ ਹੱਥ ਧੋ ਬਹਿੰਦੇ ਹਨ ਤੇ ਬਾਕੀ ਜ਼ਖ਼ਮੀ ਜਾਂ ਅੰਗਹੀਣ ਹੋ ਚੁੱਕੇ ਹੁੰਦੇ ਹਨ। ਕੀ ਚਾਈਨਾ ਡੋਰ ਦਾ ਕਹਿਰ ਚਿੱਟੇ ਦੇ ਨਸ਼ੇ ਦੇ ਕਹਿਰ ਨਾਲੋਂ ਘੱਟ ਹੈ? ਇਹ ਤਾਂ ਪੀੜਤ ਜਾਂ ਉਸਦੇ ਪਿਛਲੇ ਪਰਿਵਾਰ ਵਾਲੇ ਹੀ ਦੱਸ ਤੇ ਮਹਿਸੂਸ ਕਰ ਸਕਦੇ ਹਨ। ਸਰਕਾਰ ਅਤੇ ਪ੍ਰਸ਼ਾਸਨ ਦੀਆਂ ਪਾਬੰਦੀਆਂ ਦੇ ਬਾਵਜ਼ੂਦ ਚਾਈਨਾ ਡੋਰ ਕਿਵੇਂ ਵਿਕ ਜਾਂਦੀ ਹੈ? ਪਾਬੰਦੀਆਂ ਦੇ ਬਾਵਜ਼ੂਦ ਇਹ ਕਿੱਥੋਂ ਆ ਜਾਂਦੀ ਹੈ? ਕੀ ਇਸਨੂੰ ਰੋਕਣ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਨਾਕਾਮ ਰਹਿੰਦੀ ਹੈ? China Door News
ਜਾਂ ਫਿਰ ਇਹ ਸਭ ਰਲੀ-ਮਿਲੀ ਗੱਲ ਹੈ? ਨਸ਼ੇ ਤੇ ਹਥਿਆਰ ਤਾਂ ਸਰਹੱਦ ਪਾਰੋਂ ਆਉਂਦੇ ਹਨ, ਕੀ ਚਾਈਨਾ ਡੋਰ ਵੀ ਸਰਹੱਦ ਪਾਰੋਂ ਆਉਂਦੀ ਹੈ? ਕੀ ਚਾਈਨਾ ਡੋਰ ਵਿੱਚ ਵੀ ਬੇਗਾਨੇ ਮੁਲਕਾਂ ਦਾ ਹੱਥ ਹੈ? ਕੀ ਚਾਈਨਾ ਡੋਰ ਵੀ ਹਥਿਆਰਾਂ ਤੇ ਨਸ਼ੇ ਵਾਂਗ ਗੁਆਂਢੀ ਮੁਲਕਾਂ ਵੱਲੋਂ ਡਰੋਨਾਂ ਜਾਂ ਹੋਰ ਢੰਗਾਂ ਰਾਹੀਂ ਸਰਹੱਦ ਟਪਾਈ ਜਾਂਦੀ ਹੈ? ਜੇਕਰ ਜਵਾਬ ਹਾਂ ਵਿੱਚ ਹੈ ਤਾਂ ਨਸ਼ੇ ਤੇ ਹਥਿਆਰਾਂ ਵਾਂਗ ਚਾਈਨਾ ਡੋਰ ਦੀ ਖੇਪ ਕਦੇ ਸਰਹੱਦ ਨੇੜਿਓਂ ਫੜੀ ਕਿਉਂ ਨਹੀਂ ਗਈ? ਚਾਈਨਾ ਡੋਰ ਦਾ ਅਸਲ ਸੱਚ ਇਹ ਹੈ ਕਿ ਇਹ ਨਸ਼ੇ ਤੇ ਹਥਿਆਰਾਂ ਵਾਂਗ ਚੋਰੀ ਖਰੀਦੀ ਜਾਂ ਵੇਚੀ ਨਹੀਂ ਜਾਂਦੀ ਬਲਕਿ ਇਸ ਦੀ ਖਰੀਦੋ-ਫਰੋਖਤ ਧੜੱਲੇ ਨਾਲ ਸ਼ਰੇਆਮ ਕੀਤੀ ਜਾਂਦੀ ਹੈ।
ਚਾਈਨਾ ਡੋਰ ਦੀ ਹੋ ਰਹੀ ਖੁੱਲ੍ਹ ਕੇ ਵਰਤੋਂ ਸਰਕਾਰ ਅਤੇ ਪ੍ਰਸ਼ਾਸਨ ਦਾ ਮੂੰਹ ਚਿੜਾ ਰਹੀ ਹੈ। ਨਿੱਤ ਦਿਨ ਇਸ ਨਾਲ ਹੋ ਰਹੇ ਨੁਕਸਾਨ ਦੀਆਂ ਖਬਰਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਮੱਥੇ ਦਾ ਕਲੰਕ ਹਨ। ਜਿੱਥੇ ਚਾਈਨਾ ਡੋਰ ਸਰਕਾਰ ਤੇ ਪ੍ਰਸ਼ਾਸਨ ਦੀਆਂ ਨਾਕਾਮੀ ਨੂੰ ਜਾਹਿਰ ਕਰਦੀ ਹੈ, ਉੱਥੇ ਹੀ ਨਸ਼ਿਆਂ ਤੇ ਹੋਰ ਮੁੱਦਿਆਂ ’ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰਨ ਵਾਲੇ ਲੋਕਾਂ ਤੇ ਆਮ ਲੋਕਾਂ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ ਕਿ ਨਸ਼ੇ ਵਗੈਰਾ ਤਾਂ ਚੋਰੀਓਂ ਵਿਕਦੇ ਹਨ ਜੋ ਕਿ ਘਰਾਂ ਦੇ ਚਿਰਾਗ ਬੁਝਾ ਰਹੇ ਹਨ ਪਰੰਤੂ ਡੋਰ ਤਾਂ ਅਸੀਂ ਖੁਦ ਆਪਣੇ ਬੱਚਿਆਂ ਨੂੰ ਖਰੀਦ ਕੇ ਜਾਂ ਫਿਰ ਖਰੀਦਣ ਲਈ ਪੈਸੇ ਦੇ ਕੇ ਜਿੱਥੇ ਹੋਰ ਘਰਾਂ ਦੇ ਚਿਰਾਗ ਬੁਝਾਉਣ ਲਈ ਹੱਲਾਸ਼ੇਰੀ ਦਿੰਦੇ ਹਾਂ। China Door News
ਉੱਥੇ ਹੀ ਆਪਣੇ ਚਿਰਾਗ ਵੀ ਦਾਅ ’ਤੇ ਲਾ ਰਹੇ ਹਾਂ, ਕਿਉਂਕਿ ਇਹ ਡੋਰ ਸਿਰਫ ਕਿਸੇ ਵਿਅਕਤੀ ਜਾਂ ਪਸ਼ੂ-ਪੰਛੀ ਦਾ ਗਲਾ ਹੀ ਨਹੀਂ ਕੱਟਦੀ ਬਲਕਿ ਬਿਜਲੀ ਦੀਆਂ ਤਾਰਾਂ ਨਾਲ ਛੂਹ ਜਾਣ ’ਤੇ ਇਹ ਕਰੰਟ ਨਾਲ ਵੀ ਮੌਕੇ ’ਤੇ ਮਾਰ ਮੁਕਾਉਂਦੀ ਹੈ। ਕੀ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸ-ਕੋਸ ਕੇ ਆਪਣੀ ਜਿਮੇਵਾਰੀ ਤੋਂ ਨਹੀਂ ਭੱਜ ਰਹੇ? ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਦੀ ਵਰਤੋਂ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ, ਉੱਥੇ ਹੀ ਸਾਨੂੰ ਸਭ ਨੂੰ ਰਲ ਕੇ ਵੀ ਇਸ ਨੂੰ ਖਤਮ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਸਿਰਫ ਚਾਈਨਾ ਡੋਰ ਦੇ ਕਾਰਨ ਹੀ ਸਾਡਾ ਪਤੰਗ ਦਾ ਰੌਚਕ ਤਿਉਹਾਰ, ਤਿਉਹਾਰ ਤੋਂ ਸਰਾਪ ਬਣਦਾ ਜਾ ਰਿਹਾ ਹੈ। ਆਓ! ਅਸੀਂ ਸਾਰੇ ਰਲ ਕੇ ਇਸ ਬਸੰਤ ’ਤੇ ਪ੍ਰਣ ਕਰੀਏ ਕਿ ਅਸੀਂ ਕਿਸੇ ਵੀ ਘਰ ਵਿੱਚ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਾਂਗੇ। ਜਿਸ ਦਿਨ ਅਸੀਂ ਇਸ ਨੂੰ ਖਰੀਦਣਾ ਬੰਦ ਕਰ ਦੇਵਾਂਗੇ, ਉਸੇ ਦਿਨ ਇਹ ਵਿਕਣੀ ਤੇ ਆਉਣੀ ਵੀ ਬੰਦ ਹੋ ਜਾਵੇਗੀ। ਆਓ! ਅਸੀਂ ਸਾਰੇ ਰਲ ਕੇ ਪਸ਼ੂ–ਪੰਛੀਆਂ ਅਤੇ ਮਨੁੱਖਾਂ ਦੀਆਂ ਕੀਮਤੀ ਜਾਨਾਂ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਈਏ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਮਾ. ਜਗਜੀਤਪਾਲ ਸਿੰਘ ਚਹਿਲ














