ਬਚਪਨ ਨੂੰ ਖਾਧੀ ਜਾ ਰਿਹੈ ਮੋਬਾਇਲ

Childhood, Mobile

ਰੇਣੂਕਾ

ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦੇ ਤੇਜੀ ਨਾਲ ਵਧਦੇ ਇਸਤੇਮਾਲ ‘ਚ ਬਚਪਨ ਗੁਆਚਦਾ ਜਾ ਰਿਹਾ ਹੈ। ਜਿਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ ਨਾ ਹੀ ਸਮਾਜ ਇਸ ਬਾਰੇ ਚਿੰਤਤ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੈਰ-ਮੁੱਦੇ ਸਾਡੇ ‘ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਹਿਮ ਸਮੱਸਿਆਵਾਂ ਤੋਂ ਅਸੀਂ ਮੂੰਹ ਮੋੜਦੇ ਜਾ ਰਹੇ ਹਾਂ। ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਬੱਚਿਆਂ ਦੇ ਬਚਪਨ ਨੂੰ ਬਰਬਾਦੀ ਦੇ ਨੇੜੇ ਪਹੁੰਚਾ ਦੇਵਾਂਗੇ। ਦੇਸ਼ ਤੇ ਸਮਾਜ ਦੇ ਨਾਲ ਇਹ ਇੱਕ ਵੱਡੀ ਬੇਇਨਸਾਫੀ ਹੋਵੇਗੀ ਜਿਸ ਦੀ ਸਾਨੂੰ ਖਬਰ ਵੀ ਨਹੀਂ।

ਖੇਡ ਕੁੱਦ ਵਾਲਾ ਬਚਪਨ:?ਜਦੋਂ ਤੋਂ ਇੰਟਰਨੈੱਟ ਸਾਡੀ ਜਿੰਦਗੀ ਵਿੱਚ ਆਇਆ ਹੈ ਉਦੋਂ ਤੋਂ ਹੀ ਬਜੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰੇ ਇੱਕ ਖੁਆਬੀ ਦੁਨੀਆਂ ਵਿੱਚ ਗੁਆਚ ਗਏ ਹਨ । ਅੱਜ ਦੇ ਸਮੇਂ ਵਿੱਚ ਦੇਖਿਆ ਜਾਂਦਾ ਹੈ ਕਿ 4-5 ਸਾਲ ਦਾ ਬੱਚਾ ਵੀ ਅੱਖਾਂ ਖੋਲ੍ਹਣ ਸਾਰ ਮੋਬਾਇਲ ਆਪਣੇ ਹੱਥਾਂ ਵਿੱਚ ਲੈਂਦਾ ਹੈ । ਪਹਿਲਾਂ ਵੱਡੇ ਮੋਬਾਇਲਾਂ ਨੂੰ ਸਿਰਫ ਆਪਣੇ ਕੰਮ ਲਈ ਇਸਤੇਮਾਲ ਕਰਦੇ ਸਨ ਪਰ ਹੁਣ ਬੱਚੇ ਵੀ ਇੰਟਰਨੈੱਟ ਦੇ ਸ਼ੌਕੀਨ ਹੁੰਦੇ ਜਾ ਰਹੇ ਹਨ । ਬਜਾਰਾਂ ਨੇ ਉਹਨਾਂ ਲਈ ਇੰਟਰਨੈੱਟ ‘ਤੇ ਏਨਾ ਕੁਝ ਦੇ ਦਿੱਤਾ ਹੈ ਕਿ ਉਹ ਪੜ੍ਹਨ ਤੋਂ ਬਿਨਾ ਬਹੁਤ ਕੁਝ ਇੰਟਰਨੈੱਟ ‘ਤੇ ਕਰਦੇ ਰਹਿੰਦੇ ਹਨ ਤੇ ਦੇਖਦੇ ਰਹਿੰਦੇ ਹਨ । ਅੱਜ-ਕੱਲ੍ਹ ਦੇ ਬੱਚੇ ਇੰਟਰਨੈੱਟ ਦੇ ਪ੍ਰੇਮੀ ਬਣ ਗਏ ਹਨ। ਜਿੱਥੇ ਬੱਚਿਆਂ ਦਾ ਬਚਪਨ ਖੇਡਦਾ ਹੁੰਦਾ ਸੀ ਉੱਥੇ ਉਹ ਇਸ ਸਮੇਂ ਰਚਨਾਤਮਕ ਕੰਮਾਂ ਦੀ ਥਾਂ ਇੰਟਰਨੈੱਟ ਡਾਟੇ ਦੇ ਜੰਗਲ ਵਿੱਚ ਗੁੰਮ ਹੋ ਗਏ ਹਨ। ਪਿਛਲੇ ਕਈ ਸਾਲਾਂ ਵਿੱਚ ਸੂਚਨਾ ਤਕਨੀਕ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਇਸ ਨੇ ਮਨੁੱਖੀ ਜੀਵਨ ‘ਤੇ ਨਾ ਸਿਰਫ ਡੂੰਘਾ ਅਸਰ ਪਾਇਆ ਹੈ ਸਗੋਂ ਇੱਕ ਤਰ੍ਹਾਂ ਆਮ ਇਨਸਾਨ ਦੇ ਜੀਵਨ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ।

ਮਾਪੇ ਬੱਚਿਆਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਮੋਬਾਇਲ ਫੜ੍ਹਾ ਦਿੰਦੇ ਹਨ ਜਿਸ ਕਾਰਨ ਬੱਚੇ ਚਿੜਚਿੜੇ ਹੋ ਰਹੇ ਹਨ। ਉਹ ਕਿਸੇ ਦੀ ਵੀ ਕੋਈ ਗੱਲ ਸੁਣਨਾ ਪੰਸਦ ਨਹੀਂ ਕਰਦੇ । ਘਰ ਦੇ ਕੰਮਾਂ ਤੋਂ ਵੀ ਮੂੰਹ ਮੋੜਨ ਲੱਗ ਗਏ ਹਨ। ਪਰਿਵਾਰਕ ਫੰਕਸ਼ਨ ਜਾਂ ਸਮਾਜਿਕ ਕੰਮਾਂ ਵਿੱਚ ਤੇ ਪਰਿਵਾਰ ਨਾਲ ਕਿਤੇ ਵੀ ਜਾਣਾ ਉਹਨਾਂ ਨੂੰ ਪੰਸਦ ਨਹੀਂ। ਪਰਿਵਾਰਕ ਦਬਾਅ ਕਾਰਨ ਜੇਕਰ ਕਿਸੇ ਪਾਰਟੀ, ਸਮਾਗਮ ਆਦਿ ‘ਤੇ ਚਲੇ ਵੀ ਜਾਣ ਤਾਂ ਉੱਥੇ ਵੀ ਆਪਣੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਇੰਟਰਨੈੱਟ ਨੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੋਕ ਦਿੱਤਾ ਹੈ। ਪੜਤਾਲ ਕਰਨ ‘ਤੇ ਇਹ ਸਾਹਮਣੇ ਆਇਆ ਹੈ ਕਿ ਕੱਚੀ ਉਮਰ ਵਿੱਚ ਬੱਚੇ ਸਹੀ ਤੇ ਗਲਤ ਦਾ ਫਰਕ ਨਹੀਂ ਕਰ ਪਾਉਂਦੇ । ਉਹ ਗਲਤ ਸਾਈਟਾਂ ‘ਤੇ ਗਲਤ ਚੱਕਰ ਵਿੱਚ ਫਸ ਜਾਂਦੇ ਹਨ । ਪੜ੍ਹਨ–ਲਿਖਣ ਰਚਨਾਤਮਕ ਕੰਮਾਂ ਵਿੱਚ ਆਪਣਾ ਸਮਾਂ ਦੇਣ ਦੀ ਬਜਾਏ ਉਹ ਅਸ਼ਲੀਲਤਾ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਤੇ ਆਪਣਾ ਬੇਸ਼ਕੀਮਤੀ ਸਮਾਂ ਮੌਬਾਇਲ ਵਿੱਚ ਖਰਚ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੇ ਆਪਣਾ ਬਹੁਤਾ ਸਮਾਂ ਆਨਲਾਈਨ ਗੇਮਾਂ ਖੇਡਣ ਤੇ ਇੰਟਰਨੈੱਟ ‘ਤੇ ਕਈ ਸਾਈਟਾਂ ਖੋਲ੍ਹਣ ਵਿੱਚ ਵਿਅਸਤ ਰਹਿੰਦੇ ਹਨ। ਅਜਿਹੇ ਬੱਚੇ ਕਈ ਵਾਰ ਅਣਚਾਹੇ ਤੇ ਦੁਖਦਾਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।

ਪਿਛਲੇ ਸਮੇਂ ਫਰਾਂਸ ਨੇ ਕਾਨੂੰਨ ਬਣਾ ਦਿੱਤਾ ਕਿ ਬੱਚੇ ਦੇ ਮੋਬਾਇਲ ਫੋਨ ਇਸਤੇਮਾਲ ‘ਤੇ ਮਨਾਹੀ ਹੈ । ਹਾਲਾਂਕਿ ਸਾਡੇ ਦੇਸ਼ ਵਿੱਚ ਸੀਬੀਐੱਸਈ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਤੇ ਬੱਚਿਆਂ ਦੇ ਮੋਬਾਇਲ ਫੌਨ ਦੇ ਇਸਤੇਮਾਲ ‘ਤੇ ਲਿਖਤ ਵਿੱਚ ਸਖ਼ਤ ਮਨਾਹੀ ਹੈ ਪਰ ਸਾਡੇ ਦੇਸ਼ ਵਿੱਚ ਇਨ੍ਹਾਂ ਨਿਯਮਾਂ ਤੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ । ਪ੍ਰਾਈਵੇਟ ਸਕੂਲਾਂ ਦਾ ਇਹ ਕਹਿਣਾ ਮਜ਼ਬੂਰੀ ਬਣ ਗਈ ਹੈ ਕਿ ਉਹ ਲੋੜ ਤੋਂ ਵੱਧ ਕੇ ਬੱਚਿਆਂ ਨੂੰ ਰੋਕ-ਟੋਕ ਨਹੀਂ ਸਕਦੇ ।

ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਇੰਟਰਨੈੱਟ ਦੇ ਗੁਲਾਮ ਬਣਦੇ ਜਾ ਰਹੇ ਹਨ। ਗਲਤ ਸਾਈਟਾਂ ਕਾਰਨ ਬੱਚਿਆਂ ਦੇ ਵਿਗੜਨ ਦੀ ਦਰ ਦਿਨੋ-ਦਿਨ ਵਧਦੀ ਜਾ ਰਹੀ ਹੈ । ਇਸ ਬਾਰੇ ਜੇਕਰ ਕੋਈ ਕਾਨੂੰਨ ਬਣੇ ਤੇ ਸਖਤੀ ਨਾਲ ਪੇਸ਼ ਕੀਤਾ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣ ਦੀ ਆਸ ਪੈਦਾ ਹੋ ਸਕਦੀ ਹੈ। ਵੱਡੇ ਸ਼ਹਿਰਾਂ ਵਿੱਚ ਤਾਂ ਮੋਬਾਇਲ ਦੀ ਬਿਮਾਰੀ ਇਸ ਹੱਦ ਤੱਕ ਵਧ ਗਈ ਹੈ ਕਿ ਕਈ ਨੌਜਵਾਨਾਂ ਨੂੰ ਸਿਹਤ ਸੁਧਾਰ ਕੇਂਦਰ ਵਿੱਚ ਦਾਖਿਲ ਕਰਵਾਉਣ ਦੀ ਨੌਬਤ ਆ ਗਈ ਹੈ । ਬੱਚੇ ਹੋਣ ਜਾਂ ਨੌਜਵਾਨ ਇੱਕ ਮਿੰਟ ਵੀ ਸਮਾਰਟਫੋਨ ਪਾਸੇ ਰੱਖਣਾ ਪਸੰਦ ਨਹੀਂ ਕਰਦੇ। ਹੱਥ ਵਿੱਚ ਸਮਾਰਟਫੋਨ ਫੜਨ ਦਾ ਨਸ਼ਾ ਛਾਇਆ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਮੋਬਾਇਲ ਕੰਪਨੀਆਂ ਨੇ ਇੰਟਰਨੈੱਟ ਡਾਟੇ ਦੇ ਖੇਤਰ ਵਿੱਚ ਜਿਸ ਤਰ੍ਹਾਂ ਦੀ ਜੰਗ ਛੇੜੀ ਹੈ ਉਸ ਨੇ ਇਸ ਸਮੱਸਿਆ ਨੂੰ ਹੋਰ ਵੀ ਵੱਡਾ ਕਰ ਦਿੱਤਾ ਹੈ। ਲਗਭਰ ਸਾਰੀਆਂ ਕੰਪਨੀਆਂ ਇੱਕ-ਦੂਜੇ ਵੱਲ ਵੇਖ ਕੇ ਬਹੁਤ ਘੱਟ ਖ਼ਰਚੇ ਵਿੱਚ ਅਨਲਿਮਟਿਡ ਡਾਟਾ ਪੇਸ਼ ਕਰ ਰਹੀਆਂ ਹਨ, ਜਿਸ ਦਾ ਬੱਚੇ-ਨੌਜਵਾਨ ਪੂਰਾ ਲੁਤਫ ਉਠਾ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਮੋਬਾਇਲ ਦਾ ਇਸਤੇਮਾਲ ਉਹ ਆਪਣੇ ਲਈ ਰਚਨਾਤਮਕ ਕੰਮਾਂ ਵਿੱਚ ਨਾ ਦੇ ਬਰਾਬਰ ਕਰ ਰਹੇ ਹਨ । ਅੱਜ-ਕੱਲ੍ਹ ਦਾ ਇਨਸਾਨ ਸਾਰਾ ਦਿਨ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤੇ ਨਵੇਂ ਚੱਲੇ ਟਿਕਟੌਕ ਆਦਿ ਸਭ ਤੋਂ ਗੰਭੀਰ ਸਾਈਟਾਂ ‘ਤੇ ਸਰਚ ਕਰਨ ਲੱਗ ਗਿਆ ਹੈ। ਅੱਜ ਦੇ ਸਮੇਂ ਵਿਚ ਖੇਡ ਮੈਦਾਨ ਵੀ ਸੁੰਨੇ ਹੋ ਕੇ ਨਸ਼ੇੜੀਆਂ ਲਈ ਸੁਰੱਖਿਅਤ ਥਾਵਾਂ ਸਾਬਤ ਹੋ ਰਹੇ ਹਨ । ਖੇਡਣ ਦੇ ਦਿਨਾਂ ਵਿੱਚ ਬੱਚਿਆਂ ਦੇ ਹੱਥਾਂ ‘ਚ ਮੋਬਾਇਲ ਲੱਗ ਗਿਆ ਹੈ, ਜਿਸ ਦੇ ਅਸਰ ਨਾਲ ਬੱਚਿਆਂ ਦੀਆਂ ਹੋਰ ਗਤੀਵਿਧੀਆਂ ‘ਤੇ ਬ੍ਰੇਕ ਲੱਗ ਗਈ ਹੈ।

ਅਹਿਮਦਗੜ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here