ਅੰਤਰਰਾਸ਼ਟਰੀ ਬਾਲ ਮਜ਼ਦੂਰੀ ਰੋਕ ਦਿਵਸ | Child Labor
ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਤੋਂ ਵਾਂਝਾ ਕਰਨਾ ਅਤੇ ਉਨ੍ਹਾਂ ਨੂੰ ਮਜ਼ਬੂਰੀ (Child Labor) ਵਿਚ ਕੰਮ ਕਰਨ ਲਈ ਮਜ਼ਬੂਰ ਕਰਨ ਨੂੰ ਬਾਲ ਮਜ਼ਦੂਰੀ ਕਿਹਾ ਜਾਂਦਾ ਹੈ। ਬਾਲ ਮਜ਼ਦੂਰੀ ਵਿੱਚ ਬੱਚੇ ਦੇ ਬਚਪਨ ਨੂੰ ਉਸ ਤੋਂ ਖੋਹ ਕੇ ਪੈਸੇ ਦੇ ਬਦਲੇ ਜਾਂ ਕਿਸੇ ਹੋਰ ਲਾਲਚ ਵਿੱਚ ਦੱਬ ਕੇ ਕੰਮ ਲਿਆ ਜਾਂਦਾ ਹੈ। ਬਾਲ ਮਜਦੂਰੀ ਵਿੱਚ ਸ਼ਾਮਲ ਬੱਚੇ ਅਕਸਰ 14 ਸਾਲ ਤੋਂ ਘੱਟ ਉਮਰ ਦੇ ਹਨ।
World Day Against Child Labour
ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ, ਖੇਡਾਂ, ਪੜ੍ਹਾਈ ਦਾ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ’ਤੇ ਕੰਮ ਦਿਵਾਉਣਾ, ਘੱਟ ਪੈਸਿਆਂ ’ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨਾ, ਉਨ੍ਹਾਂ ਦੇ ਬਚਪਨ ਨੂੰ ਮਜ਼ਦੂਰੀ ਵਿਚ ਬਦਲ ਦੇਣਾ ਇਹ ਸਭ ਬਾਲ ਮਜ਼ਦੂਰੀ ਅਧੀਨ ਆਉਂਦਾ ਹੈ।
ਬਾਲ ਮਜ਼ਦੂਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਭਾਰਤੀ ਸੰਵਿਧਾਨ 1950 ਦੇ 24ਵੇਂ ਅਨੁਛੇਦ ਅਨੁਸਾਰ, 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਜਦੂਰਾਂ, ਫੈਕਟਰੀਆਂ, ਹੋਟਲਾਂ, ਢਾਬਿਆਂ, ਘਰੇਲੂ ਨੌਕਰਾਂ ਆਦਿ ਵਜੋਂ ਕੰਮ ਕਰਵਾਉਣਾ ਬਾਲ ਮਜਦੂਰੀ ਦੇ ਅਧੀਨ ਆਉਂਦਾ ਹੈ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਲਈ ਢੱੁਕਵੀਂ ਸਜ਼ਾ ਦਾ ਪ੍ਰਬੰਧ ਹੈ।
ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਸਖਤ ਮਿਹਨਤ | Child Labor
ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 35 ਮਿਲੀਅਨ ਤੋਂ ਵੱਧ ਬੱਚੇ ਬਾਲ ਮਜਦੂਰੀ ਵਿੱਚ ਲੱਗੇ ਹੋਏ ਹਨ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਕਾਰਨ ਸਾਡੇ ਦੇਸ਼ ਵਿੱਚ ਗਰੀਬੀ ਹੈ। ਗਰੀਬ ਪਰਿਵਾਰਾਂ ਦੇ ਲੋਕ ਆਪਣਾ ਗੁਜ਼ਾਰਾ ਚਲਾਉਣ ਤੋਂ ਅਸਮਰੱਥ ਹਨ, ਇਸ ਲਈ ਉਹ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਲਈ ਭੇਜਦੇ ਹਨ। ਕੁਝ ਲੋਕ ਖੁਦ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਆਪਣੇ ਬੱਚਿਆਂ ਨੂੰ ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਸਖਤ ਮਿਹਨਤ ਕਰਨ ਲਈ ਭੇਜ ਦਿੰਦੇ ਹਨ।
World Day Against Child Labour
ਕਈ ਵਾਰ ਦੁਕਾਨ ਜਾਂ ਢਾਬਾ ਮਾਲਕ ਵੱਲੋਂ ਵੀ ਬਾਲ ਮਜਦੂਰੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿਉਂਕਿ ਬੱਚਿਆਂ ਤੋਂ ਕੰਮ ਕਰਵਾਉਣ ਤੋਂ ਬਾਅਦ ਘੱਟ ਪੈਸੇ ਦਿੱਤੇ ਜਾਂਦੇ ਹਨ। ਜਿਸ ਕਾਰਨ ਲੋਕ ਛੋਟੇ ਬੱਚਿਆਂ ਨੂੰ ਜ਼ਿਆਦਾ ਕੰਮ ’ਤੇ ਰੱਖਣ ਨੂੰ ਤਰਜ਼ੀਹ ਦਿੰਦੇ ਹਨ। ਸਾਡੇ ਦੇਸ਼ ਵਿੱਚ ਲੱਖਾਂ ਬੱਚੇ ਅਨਾਥ ਹਨ, ਇਹ ਵੀ ਬਾਲ ਮਜਦੂਰੀ ਵਧਣ ਦਾ ਇੱਕ ਕਾਰਨ ਹੈ। ਕੁਝ ਮਾਫੀਆ ਲੋਕ ਉਨ੍ਹਾਂ ਬੱਚਿਆਂ ਨੂੰ ਡਰਾ-ਧਮਕਾ ਕੇ ਭੀਖ ਮੰਗਣ ਅਤੇ ਮਜ਼ਦੂਰੀ ਲਈ ਭੇਜਦੇ ਹਨ।
ਇਹੀ ਵੀ ਪੜ੍ਹੋ : ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
ਬਾਲ ਮਜਦੂਰੀ ਸੰਸਾਰ ਵਿੱਚ ਇੱਕ ਸਰਾਪ ਵਾਂਗ ਹੈ, ਮੂਲ ਰੂਪ ਵਿੱਚ ਬਾਲ ਮਜ਼ਦੂਰੀ ਵਰਗੇ ਕੰਮ ਪਛੜੇ, ਵਿਕਾਸਸ਼ੀਲ ਤੇ ਵਧੇਰੇ ਆਬਾਦੀ ਵਾਲੇ ਦੇਸ਼ਾਂ ਵਿੱਚ ਦੇਖੇ ਜਾਂਦੇ ਹਨ। ਜਿੱਥੇ ਛੋਟੇ ਬੱਚਿਆਂ ਨੂੰ ਵੀ ਵੱਡਿਆਂ ਵਾਂਗ ਆਪਣੇ ਮੋਢਿਆਂ ’ਤੇ ਜਿੰੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਬਚਪਨ ਨੂੰ ਭੁੱਲ ਕੇ ਖੇਡਣ-ਕੁੱਦਣ ਦੀ ਉਮਰ ’ਚ ਭਾਰੀ ਕੰਮ ਕਰਨੇ ਪੈਂਦੇ ਹਨ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਮਾਨਸਿਕ ਵਿਕਾਸ ’ਚ ਰੁਕਾਵਟ ਆਉਂਦੀ ਹੈ ਜਾਂ ਇਹ ਬੱਚੇ ਕੁਪੋਸ਼ਣ ਵਰਗੀਆਂ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਕਈ ਵਾਰ ਬੱਚਿਆਂ ਦੀਆਂ ਪਰਿਵਾਰਕ ਮਜਬੂਰੀਆਂ ਵੀ ਹੁੰਦੀਆਂ ਹਨ ਕਿਉਂਕਿ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੂੰ ਬਚਪਨ ਵਿੱਚ ਹੀ ਹੋਟਲਾਂ, ਢਾਬਿਆਂ, ਚਾਹ ਦੀਆਂ ਦੁਕਾਨਾਂ, ਫੈਕਟਰੀਆਂ ਵਿੱਚ ਕੰਮ ਕਰਨ ਲਈ ਜਾਣਾ ਪੈਂਦਾ ਹੈ। ਅਬਾਦੀ ਵਿੱਚ ਵਾਧਾ ਬਾਲ ਮਜਦੂਰੀ ਨੂੰ ਉਤਸਾਹਿਤ ਕਰਨ ਦਾ ਇੱਕ ਕਾਰਨ ਹੈ।
ਬਾਲ ਮਜਦੂਰੀ ਇੱਕ ਅਜਿਹਾ ਅਪਰਾਧ ਹੈ ਜੋ ਬੱਚੇ ਦਾ ਬਚਪਨ ਖੋਹ ਲੈਂਦਾ ਹੈ
ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਆਈਐਲਓ) ਨੇ ਬਾਲ ਮਜ਼ਦੂਰੀ ਵਿੱਚ ਲੱਗੇ ਬੱਚਿਆਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਦੇ ਤਰੀਕੇ ਵਜੋਂ 2002 ਵਿੱਚ ਬਾਲ ਮਜਦੂਰੀ ਵਿਰੁੱਧ ਪਹਿਲਾ ਵਿਸ਼ਵ ਦਿਵਸ ਸ਼ੁਰੂ ਕੀਤਾ। 12 ਜੂਨ ਨੂੰ ਮਨਾਇਆ ਜਾਣ ਵਾਲਾ ਇਹ ਦਿਨ ਬਾਲ ਮਜਦੂਰੀ ਵਿਰੁੱਧ ਵਧ ਰਹੀ ਵਿਸ਼ਵਵਿਆਪੀ ਲਹਿਰ ਤੇ ਵਿਸ਼ਵ ਨੂੰ ਇੱਕ ਬਿਹਤਰ ਸੰਸਾਰ ਬਣਾਉਣ ਲਈ ਬਾਲ ਮਜ਼ਦੂਰੀ ਨੂੰ ਰੋਕਣ ਦੀ ਲੋੜ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਨ ਦਾ ਇਰਾਦਾ ਰੱਖਦਾ ਹੈ। ਬਾਲ ਮਜਦੂਰੀ ਇੱਕ ਅਜਿਹਾ ਅਪਰਾਧ ਹੈ ਜੋ ਬੱਚੇ ਦਾ ਬਚਪਨ ਖੋਹ ਲੈਂਦਾ ਹੈ। ਇਸ ਦਾ ਮਤਲਬ ਅਜਿਹੇ ਕੰਮ ਵਿੱਚ ਲੱਗੇ ਬੱਚੇ ਮਾਨਸਿਕ, ਸਰੀਰਕ, ਸਮਾਜਿਕ ਜਾਂ ਨੈਤਿਕ ਤੌਰ ’ਤੇ ਪਿੱਛੇ ਰਹਿ ਜਾਂਦੇ ਹਨ। ਇਸ ਲਈ ਛੋਟੀ ਉਮਰ ਵਿੱਚ ਕੀਤਾ ਕੰਮ ਖਤਰਨਾਕ ਤੇ ਬੱਚਿਆਂ ਲਈ ਨੁਕਸਾਨਦੇਹ ਹੈ।
ਇਹ ਵੀ ਪੜ੍ਹੋ : ਸਮਾਜ ਸੇਵੀ ਦੇ ਦੋ ਕਾਤਲਾਂ ਨੂੰ ਕੀਤਾ ਕਾਬੂ, ਪੁਲਿਸ ਖੁੱਲ੍ਹਵਾਏਗੀ ਸਾਰੇ ਰਾਜ
ਇਸ ਉਮਰ ਵਿੱਚ ਬੱਚਿਆਂ ਤੋਂ ਕਮਾਈ ਕਰਨ, ਪੱਥਰ ਤੋੜਨ, ਇਮਾਰਤਾਂ ਬਣਾਉਣ ਤੇ ਢਾਬਿਆਂ ਵਿੱਚ ਖਾਣਾ ਜਾਂ ਚਾਹ ਬਣਾਉਣ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਬਾਲ ਮਜਦੂਰੀ ਦੌਰਾਨ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ, ਉੱਥੇ ਲੋਕ ਬੱਚਿਆਂ ਪ੍ਰਤੀ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ। ਨਾਲ ਹੀ ਉਨ੍ਹਾਂ ਦੇ ਰਹਿਣ-ਸਹਿਣ ਦੇ ਹਾਲਾਤ ਵੀ ਠੀਕ ਨਹੀਂ ਹਨ।
ਜਿਸ ਕਾਰਨ ਬੱਚੇ ਵੀ ਉਨ੍ਹਾਂ ਦੀ ਭਾਸ਼ਾ ਸਿੱਖਦੇ ਹਨ ਤੇ ਉਨ੍ਹਾਂ ਦੇ ਨਾਲ ਰਹਿਣ ਕਾਰਨ ਉਨ੍ਹਾਂ ਵਾਂਗ ਜੀਵਨ ਬਤੀਤ ਕਰਦੇ ਹਨ ਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਵੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਚੰਗੇ ਸਮਾਜ ਦਾ ਵਿਕਾਸ ਨਹੀਂ ਹੁੰਦਾ। ਬੱਚਾ ਅਨਪੜ੍ਹ ਰਹਿੰਦਾ ਹੈ। ਦੇਸ਼ ਦਾ ਭਵਿੱਖ ਹਨ੍ਹੇਰੇ ਵੱਲ ਜਾ ਰਿਹਾ ਹੈ। ਇਸ ਨਾਲ ਬੇਰੁਜਗਾਰੀ ਦੇ ਨਾਲ-ਨਾਲ ਗਰੀਬੀ ਵੀ ਹੋਰ ਵਧਦੀ ਹੈ।
ਮਜ਼ਦੂਰੀ ਤੋਂ ਪੂਰੀ ਤਰ੍ਹਾਂ ਮੁਕਤ | Child Labor
ਅੰਕੜਿਆਂ ਅਨੁਸਾਰ, ਵਿਸ਼ਵ ਪੱਧਰ ’ਤੇ 5-17 ਸਾਲ ਦੀ ਉਮਰ ਦੇ ਵਿਚਕਾਰ ਕੰਮ ਕਰਨ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਲਗਭਗ 150 ਮਿਲੀਅਨ ਹੈ, ਜਿਨ੍ਹਾਂ ਵਿੱਚੋਂ ਲਗਭਗ 81 ਮਿਲੀਅਨ ਖਤਰਨਾਕ ਬਾਲ ਮਜ਼ਦੂਰੀ ਵਿੱਚ ਹਨ। ਸਮਾਜ ਨੂੰ ਬਾਲ ਮਜ਼ਦੂਰੀ ਮੁਕਤ ਬਣਾਉਣ ਲਈ, ਸਾਨੂੰ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਸਾਡੇ ਸੰਵਿਧਾਨ ਵਿੱਚ ਦਰਜ ਉਪਬੰਧਾਂ ਨੂੰ ਜਾਣਨ ਦੀ ਲੋੜ ਹੈ। ਸਾਲ 2023 ਦਾ ਥੀਮ ‘ਸਭ ਲਈ ਸਮਾਜਿਕ ਨਿਆਂ, ਬਾਲ ਮਜਦੂਰੀ ਦਾ ਅੰਤ’ ਹੈ। ਦੇਸ਼ ਨੂੰ ਬਾਲ ਮਜ਼ਦੂਰੀ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਸਰਕਾਰ ਕਈ ਕਾਨੂੰਨ ਬਣਾ ਰਹੀ ਹੈ। ਪਰ ਜਦੋਂ ਤੱਕ ਅਸੀਂ ਅਤੇ ਤੁਸੀਂ ਇਨ੍ਹਾਂ ਕਾਨੂੰਨਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰਦੇ, ਉਦੋਂ ਤੱਕ ਦੇਸ਼ ਨੂੰ ਬਾਲ ਮਜਦੂਰੀ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਸੰਭਵ ਨਹੀਂ ਹੈ।
1986 ਵਿੱਚ ਬਾਲ ਮਜਦੂਰੀ ਐਕਟ ਬਣਾਇਆ ਗਿਆ | Child Labor
ਬਾਲ ਮਜਦੂਰੀ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਵੱਲੋਂ 1986 ਵਿੱਚ ਬਾਲ ਮਜਦੂਰੀ ਐਕਟ ਬਣਾਇਆ ਗਿਆ। ਜਿਸ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੰਮ ’ਤੇ ਲਵਾਉਣਾ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ। ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2000 ਦੇ ਤਹਿਤ, ਕਿਸੇ ਵੀ ਵਿਅਕਤੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਬੱਚਿਆਂ ਨੂੰ ਕੰਮ ਕਰਵਾਉਂਦਾ ਹੈ ਜਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦਾ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਬਣਾਇਆ ਗਿਆ। ਇਹ ਕਾਨੂੰਨ ਸਾਲ 2009 ਵਿੱਚ ਬਣਾਇਆ ਗਿਆ ਸੀ, ਜਿਸ ਤਹਿਤ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ।
ਬਾਲ ਮਜਦੂਰੀ ਵਿਰੁੱਧ ਆਵਾਜ
ਬਾਲ ਮਜਦੂਰੀ ਸਾਡੇ ਦੇਸ਼ ਲਈ ਇੱਕ ਗੰਭੀਰ ਸਮੱਸਿਆ ਹੈ, ਜੇਕਰ ਇਸ ਨੂੰ ਜਲਦੀ ਖਤਮ ਨਾ ਕੀਤਾ ਗਿਆ ਤਾਂ ਇਹ ਸਾਡੇ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਸਾਬਤ ਹੋਵੇਗੀ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਹੱਸਣਾ, ਖੇਡਣਾ ਤੇ ਪੜ੍ਹਾਈ ਕਰਨੀ ਚਾਹੀਦੀ ਹੈ, ਜੇ ਉਹ ਬੱਚੇ ਉਸ ਉਮਰ ਵਿਚ ਕੰਮ ਕਰਨਗੇ ਤਾਂ ਸਾਡੇ ਦੇਸ਼ ਦਾ ਭਵਿੱਖ ਖਰਾਬ ਹੋਵੇਗਾ। ਇਸ ਲਈ ਸਾਨੂੰ ਅੱਜ ਹੀ ਬਾਲ ਮਜਦੂਰੀ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ। ਜਿੱਥੇ ਸਰਕਾਰ ਕਾਨੂੰਨ ਬਣਾ ਕੇ ਕਦਮ ਚੁੱਕ ਰਹੀ ਹੈ, ਉੱਥੇ ਸਾਨੂੰ ਵੀ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਦਿਆਂ ਇੱਕ ਚੰਗੇ ਨਾਗਰਿਕ ਦਾ ਫਰਜ ਨਿਭਾਉਣਾ ਹੋਵੇਗਾ।
World Day Against Child Labour
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਬਾਲ ਮਜ਼ਦੂਰੀ ਵਰਗੀ ਭੈੜੀ ਪ੍ਰਥਾ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਤਰੱਕੀ ਕਰਨ ਦੀ ਗੱਲ ਕਰਦੇ ਹਾਂ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ। ਸਰਕਾਰ ਨੂੰ ਵੀ ਆਪਣੀਆਂ ਨੀਤੀਆਂ ਵਿੱਚ ਨਿਸ਼ਚਿਤ ਸੁਧਾਰ ਕਰਕੇ ਸਿੱਖਿਆ, ਗਰੀਬੀ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਹੋਵੇਗਾ। 2023 ਦੇ ਵਿਸ਼ਵ ਸਮਾਜਿਕ ਨਿਆਂ ਅਤੇ ਬਾਲ ਮਜਦੂਰੀ ਦਿਵਸ ’ਤੇ ‘ਸਭ ਲਈ ਸਮਾਜਿਕ ਨਿਆਂ’ ਅਤੇ ‘ਬਾਲ ਮਜਦੂਰੀ ਖਤਮ ਕਰੋ’ ਦੇ ਨਾਅਰੇ ਨੂੰ ਲਾਗੂ ਕਰਕੇ ਬਾਲ ਮਜਦੂਰੀ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਕਰਨ ਦੀ ਲੋੜ ਹੈ।
ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋਵਾਲ।
ਮੋ. 97815-90500