ਟਰੈਕਟਰ-ਟਰਾਲੀ ਤੇ ਟਰਾਲੇ ਦੀ ਭਿਆਨਕ ਟੱਕਰ ਦੌਰਾਨ ਬੱਚੇ ਦੀ ਮੌਤ, ਦੋ ਦਰਜਨ ਤੋਂ ਵੱਧ ਜ਼ਖਮੀ

ਦੋ ਦਰਜਨ ਤੋਂ ਵੱਧ ਜ਼ਖਮੀ

(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਅੱਧੀ ਰਾਤ ਟਰੈਕਟਰ-ਟਰਾਲੀ ਅਤੇ ਘੋੜਾ ਟਰਾਲੇ ਵਿਚਕਾਰ ਆਹੋਮ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਇੱਕ 11 ਸਾਲ ਦੇ ਬੱਚੇ ਦੀ ਮੌਤ ਮੌਕੇ ’ਤੇ ਹੋ ਗਈ ਅਤੇ 2 ਦਰਜਨ ਤੋਂ ਵੱਧ ਸ਼ਰਧਾਲੂ ਇਸ ਹਾਦਸੇ ’ਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਤੋਂ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ’ਤੇ ਟਰਾਲੀ ਭਰ ਕੇ ਸੰਗਤ ਜਾ ਰਹੀ ਸੀ, ਜਦ ਸੰਗਤ ਨਾਲ ਭਰੀ ਟਰਾਲੀ ਰਾਤ ਕਰੀਬ ਪੌਣੇ ਇੱਕ ਵਜੇ ਪਿੰਡ ਖਾਈ ਫੇਮੇ ਕੀ ਪਹੁੰਚੀ ਤਾਂ ਫਿਰੋਜ਼ਪੁਰ ਪਾਸਿਓਂ ਆ ਰਹੇ ਟਰਾਲੇ ਨਾਲ ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋਈ, ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੋਟੇ ਹੋ ਗਏ ਅਤੇ ਟਰਾਲੀ ਖੇਤਾਂ ਵਿੱਚ ਜਾ ਡਿੱਗੀ।

ਜਦ ਇਸ ਹਾਦਸੇ ਦਾ ਖੜਾਕ ਹੋਇਆ ਤਾਂ ਹਾਦਸੇ ਵਾਲੀ ਜਗ੍ਹਾਂ ਕੋਲ ਸਥਿਤ ਘਰਾਂ ਦੇ ਲੋਕਾਂ ਬਾਹਰ ਆ ਦੇਖਿਆ ਤਾਂ ਹਾਦਸਾ ਹੋਇਆ ਪਿਆ ਸੀ, ਜਿਹਨਾਂ ਨੇ ਸੰਗਤ ਨੂੰ ਸੰਭਾਲਣਾ ਸ਼ੁਰੂ ਕੀਤਾ, ਇਸ ਦੌਰਾਨ ਇੱਕ 11 ਸਾਲ ਦੇ ਬੱਚੇ ਕਰਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਪੁਲਿਸ ਤੇ ਐਬੂਲੈਂਸਾਂ ਦੀ ਮੱਦਦ ਨਾਲ 2 ਦਰਜਨ ਤੋਂ ਵੱਧ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਲੋਕਾਂ ਨੇ ਦੱਸਿਆ ਹੈ ਕਿ ਟਰਾਲਾ ਚਾਲਕ ਦੀ ਲਾਪਰਵਾਹੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਵੱਲੋਂ ਗਲਤ ਸਾਇਡ ਆ ਕੇ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਹੈ, ਇਸ ਹਾਦਸੇ ਦੌਰਾਨ ਟਰਾਲਾ ਚਾਲਕ ਵੀ ਟਰਾਲੇ ਦੇ ਕੈਬਨ ’ਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਭਾਰੀ ਮੁਸ਼ੱਕਤ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਡਾ. ਮਨਪ੍ਰੀਤ ਵੱਲੋਂ ਦੱਸਿਆ ਗਿਆ ਸਿਵਲ ਹਸਪਤਾਲ ’ਚ 22 ਜ਼ਖਮੀਆਂ ਨੂੰ ਦਾਖਲ ਕੀਤਾ ਗਿਆ ਹੈ, ਜਿਹਨਾਂ ਵਿਚੋਂ ਇੱਕ ਨੂੰ ਰੈਫਰ ਕੀਤਾ ਗਿਆ ਜਦਕਿ ਬਾਕੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਦਰ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ