ਬਰਨਾਲਾ ਵਿਖੇ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੰਗੂੜੇ ‘ਚ ਬੱਚੀ ਦੀ ਮੌਤ

ਸ਼ਾਮ ਦੀ ਰੱਖੀ ਬੱਚੀ ਹਸਪਤਾਲ ਪ੍ਰਸ਼ਾਸਨ ਨੇ ਸਵੇਰ ਸਮੇਂ ਚੁੱਕੀ

ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੰਗੂੜੇ ‘ਚ ਆਈ ਇੱਕ ਨਵਜਨਮੀ ਬੱਚੀ ਨੂੰ ਪੂਰੀ ਰਾਤ ਨਾ ਚੁੱਕੇ ਜਾਣ ਕਾਰਨ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੰਗੂੜੇ ‘ਚ ਬੁੱਧਵਾਰ ਰਾਤ ਨੂੰ ਕੋਈ 4-5 ਦਿਨ ਪਹਿਲਾਂ ਦੀ ਜਨਮੀ ਬੱਚੀ ਰੱਖ ਗਿਆ ਸੀ।

ਜਿਸ ਦਾ ਹਸਪਤਾਲ ਪ੍ਰਸ਼ਾਸਨ ਨੂੰ ਅਗਲੀ ਸਵੇਰ 8 ਵਜੇ ਪੰਗੂੜੇ ਵਾਲੇ ਕਮਰੇ ਦੀ ਸਫ਼ਾਈ ਕਰਨ ਲਈ ਆਉਣ ਵਾਲੇ ਸਫ਼ਾਈ ਕਰਮਚਾਰੀ ਦੇ ਆਉਣ ‘ਤੇ ਪਤਾ ਲੱਗਾ। ਪ੍ਰੰਤੂ ਤਦ ਤੱਕ ਨੰਨੀ ਬੱਚੀ ਦੀ ਮੌਤ ਹੋ ਚੁੱਕੀ ਸੀ। ਪਤਾ ਲੱਗਾ ਹੈ ਕਿ ਪੰਗੂੜੇ ਵਾਲੇ ਕਮਰੇ ਦੀ ਬਿਜਲੀ ਸਪਲਾਈ ਬੰਦ ਸੀ, ਜਿਸ ਕਾਰਨ ਪੰਗੂੜੇ ‘ਚ ਬੱਚਾ ਰੱਖਣ ਸਮੇਂ ਨਾ ਹੀ ਕੋਈ ਘੰਟੀ ਵੱਜੀ ਤੇ ਨਾ ਹੀ ਹਸਪਤਾਲ ਪ੍ਰਸ਼ਾਸਨ ਨੂੰ ਪੰਗੂੜੇ ‘ਚ ਬੱਚੀ ਦੇ ਆਉਣ ਦਾ ਪਤਾ ਲੱਗਾ। ਪੰਗੂੜੇ ਵਾਲੇ ਕਮਰੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਬਾਰੇ ਜਾਨਣ ‘ਤੇ ਸਬੰਧਿਤ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਦੇ ਖ਼ਰਾਬ ਹੋਣ ਦੀ ਗੱਲ ਆਖੀ ਜਾ ਰਹੀ ਹੈ ਜੋ ਅਨੇਕਾਂ ਸੰਕਾਵਾਂ ਨੂੰ ਜਨਮ ਦੇ ਰਹੀ ਹੈ।

ਪੰਗੂੜੇ ਵਾਲੇ ਕਮਰੇ ਦੀ ਬਿਜਲੀ ਸਪਲਾਈ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਐਸਐਮਓ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਪੰਗੂੜੇ ਵਾਲੇ ਕਮਰੇ ਦੀ ਇੱਕ ਐਮ ਸੀਲ ਡਿੱਗੀ ਹੋਈ ਸੀ, ਜਿਸ ਕਾਰਨ ਪੰਗੂੜੇ ਵਾਲੇ ਕਮਰੇ ਤੇ ਗਾਰਡ ਰੂਮ ਦੀ ਬਿਜਲੀ ਸਪਲਾਈ ਬੰਦ ਸੀ ਤੇ ਇਸੇ ਕਾਰਨ ਪੰਗੂੜੇ ਦੀ ਘੰਟੀ ਵੀ ਨਹੀਂ ਵੱਜੀ। ਉਨ੍ਹਾਂ ਕਿਹਾ ਕਿ ਪੰਗੂੜੇ ‘ਚ ਬੱਚੀ ਦੇ ਆਉਣ ਬਾਰੇ ਉਨਾਂ ਨੂੰ ਸਵੇਰੇ ਪੰਗੂੜੇ ਵਾਲੇ ਕਮਰੇ ਦੀ ਸਫ਼ਾਈ ਕਰਨ ਆਈ ਸਫ਼ਾਈ ਕਰਮਚਾਰੀ ਨੇ ਦੱਸਿਆ ਤਾਂ ਜਾ ਕੇ ਦੇਖਣ ਸਮੇਂ ਬੱਚੀ ਮ੍ਰਿਤਕ ਹਾਲਤ ਵਿੱਚ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਚੱਲ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਕੁਝ ਕਿਹਾ ਜਾ ਸਕਦਾ ਹੈ।

ਦੋਸ਼ੀ ਪਾਏ ਜਾਣ ਵਾਲੇ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਐਸਐਚਓ

ਥਾਣਾ ਸਿਟੀ- 1 ਦੇ ਐਸਐਚਓ ਬਲਜੀਤ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੁਆਰਾ ਪੰਗੂੜੇ ਵਿੱਚੋਂ ਮ੍ਰਿਤਕ ਬੱਚੀ ਮਿਲਣ ਸਬੰਧੀ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ਸਬੰਧੀ ਸਟਾਫ਼ ਨਰਸ ਸੰਦੀਪ ਕੌਰ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਪਿੱਛੋਂ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।