ਕਿਹਾ, 31 ਮਈ ਨੂੰ ਦੁਪਹਿਰ 2 ਵਜੇ ਤੱਕ ਖਿਡਾਰੀ ਤੋਂ ਰਿਸ਼ਵਤ ਮੰਗਣ ਦੀ ਜਾਣਕਾਰੀ ਸਾਂਝੀ ਕਰੋ
- ਮੁੱਖ ਮੰਤਰੀ ਦੀ ‘ਡੈਡਲਾਈਨ’, 31 ਤੱਕ ਚੰਨੀ ਕਬੂਲ ਕਰਨ ਗੁਨਾਹ, ਨਹੀਂ ਤਾਂ ਖ਼ੁਦ ਕਰਾਂਗਾ ਸਾਰੇ ਖ਼ੁਲਾਸੇ
- ਭਗਵੰਤ ਮਾਨ ਵਲੋਂ ਟਵਿੱਟ ਕਰਦੇ ਹੋਏ ਦਿੱਤੀ ਚਿਤਾਵਨੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਡੈਡਲਾਈਨ ਦੇ ਦਿੱਤੀ ਗਈ ਹੈ ਕਿ ਕ੍ਰਿਕਟਰ ਤੋਂ ਆਪਣੇ ਭਤੀਜੇ ਰਾਹੀਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲੈਣ, ਨਹੀਂ ਤਾਂ ਉਹ ਖ਼ੁਦ ਸਾਹਮਣੇ ਆ ਕੇ 31 ਮਈ ਨੂੰ ਬਾਅਦ ਦੁਪਹਿਰ ਇਸ ਸਬੰਧੀ ਖ਼ੁਲਾਸੇ ਕਰ ਦੇਣਗੇ। ਭਗਵੰਤ ਮਾਨ ਵੱਲੋਂ ਇਹ ਚਿਤਾਵਨੀ ਆਪਣੇ ਟਵਿੱਟਰ ਹੈਂਡਲ ਰਾਹੀਂ ਟਵਿਟ ਕਰਦੇ ਹੋਏ ਦਿੱਤੀ ਗਈ ਹੈ। ਭਗਵੰਤ ਮਾਨ ਦੇ ਇਸ ਟਵਿੱਟ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਖ਼ਾਸ ਕਰਕੇ ਕਾਂਗਰਸੀ ਲੀਡਰਾਂ ਵਿੱਚ ਕਾਫ਼ੀ ਜਿਆਦਾ ਭੂਚਾਲ ਆ ਗਿਆ ਹੈ ਕਿ ਹੁਣ ਇਸ ਮਾਮਲੇ ਵਿੱਚ ਕੀ ਕੀਤਾ ਜਾਵੇ ?
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਵਿਦੇਸ਼ ਜਾ ਰਹੀ ਔਰਤ ਨੂੰ ਲੁੱਟਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟ ਵਿੱਚ ਲਿਖਿਆ ਹੈ ਕਿ ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵਲੋਂ ਖਿਡਾਰੀ ਤੋਂ ਨੌਕਰੀ ਦੇ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ। ਨਹੀਂ ਤਾਂ ਫੇਰ 31 ਮਈ ਨੂੰ ਦੁਪਹਿਰ 2 ਵਜੇ ਮੈ ਫੋਟੋਆਂ, ਨਾਅ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਦੇ ਸਾਹਮਣੇ ਰੱਖਾਂਗਾ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਵਿਖੇ ਇੱਕ ਸਮਾਗਮ ਵਿੱਚ ਸੰਬੋਧਨ ਕਰਦੇ ਹੋਏ ਇਹ ਖ਼ੁਲਾਸਾ ਕੀਤਾ ਗਿਆ ਸੀ ਕਿ ਉਨਾਂ ਨੂੰ ਕ੍ਰਿਕਟਰ ਖਿਡਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਸਾਬਕਾ ਮੁੱਖ ਮੰਤਰੀ ਵਲੋਂ ਰਿਸ਼ਵਤ ਮੰਗੀ ਗਈ ਹੈ। ਉਹ ਪਿਛਲੇ ਹਫ਼ਤੇ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿਖੇ ਕ੍ਰਿਕਟਰ ਮੈਚ ਦੇਖਣ ਗਏ ਸਨ ਤਾਂ ਉਨਾਂ ਨੂੰ ਇੱਕ ਕ੍ਰਿਕਟਰ ਖਿਡਾਰੀ ਨਾਲ ਮਿਲਦੇ ਹੋਏ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲਈ ਗਏ ਸਨ ਤਾਂ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਦਸਤਾਵੇਜ਼ ਮੁਕੰਮਲ ਨਹੀਂ ਸਨ ਪਰ ਹੁਣ ਕੰਮ ਹੋ ਜਾਏਗਾ। ਇਸ ਭਰੋਸੇ ਨੂੰ ਦੇਣ ਵਾਲੇ ਮੁੱਖ ਮੰਤਰੀ ਦੀ ਹੀ ਕੁਝ ਦਿਨਾਂ ਬਾਅਦ ਛੁੱਟੀ ਹੋ ਗਈ।
ਚਰਨਜੀਤ ਸਿੰਘ ਚੰਨੀ ਵਲੋਂ ਭਤੀਜੇ ਰਾਹੀਂ ਕ੍ਰਿਕਟਰ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼
ਭਗਵੰਤ ਮਾਨ ਨੇ ਦੱਸਿਆ ਕਿ ਫਿਰ ਉਹ ਕ੍ਰਿਕਟਰ ਖਿਡਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਗਿਆ ਤਾਂ ਉਨਾਂ ਨੇ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ। ਜਿਸ ਤੋਂ ਬਾਅਦ ਜਦੋਂ ਭਾਣਜੇ ਨੂੰ ਮਿਲੇ ਤਾਂ ਉਸ ਨੇ ‘2’ ਦਾ ਇਸ਼ਾਰਾ ਕਰਦੇ ਹੋਏ ਰਿਸ਼ਵਤ ਦੀ ਮੰਗ ਕੀਤੀ। ਉਹ 2 ਲੱਖ ਰੁਪਏ ਲੈ ਕੇ ਉਨਾਂ ਕੋਲ ਚਲੇ ਗਏ ਤਾਂ ਸਾਹਮਣੇ ਤੋਂ ਭਾਣਜੇ ਨੇ ਗਾਲ਼ਾ ਕੱਢਦੇ ਹੋਏ ਕਿਹਾ ਕਿ ‘2’ ਦਾ ਮਤਲਬ ਲੱਖ ਨਹੀਂ ਸਗੋਂ ਕਰੋੜ ਹੁੰਦਾ ਹੈ। ਇਸ ਲਈ 2 ਕਰੋੜ ਲੈ ਕੇ ਆਉਣੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ 31 ਮਈ ਤੱਕ ਦਾ ਸਮਾਂ ਦੇ ਦਿੱਤਾ ਹੈ ਤਾਂ ਕਿ ਉਹ ਖ਼ੁਦ ਹੀ ਸਾਰਾ ਮਾਮਲਾ ਕਬੂਲ ਕਰ ਲੈਣ। ਇੱਥੇ ਹੀ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਇਸ ਮਾਮਲੇ ਨੂੰ ਨਕਾਰ ਚੁੱਕੇ ਹਨ।
ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ…
— Bhagwant Mann (@BhagwantMann) May 25, 2023
ਭਗਵੰਤ ਮਾਨ ਨੇ ਆਪਣੇ ਟਵਿੱਟਰ ’ਤੇ ਟਵੀਟ ਕੀਤਾ ਉਨਾਂ ਲਿਖਿਆ, ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ…।