ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਲੈ ਕੇ ਆਏ ਸਨ ਆਪਣੇ ਨਾਲ, ਮੁੱਖ ਮੰਤਰੀ ਨੇ ਦਿੱਤਾ ਕਾਰਵਾਈ ਦਾ ਭਰੋਸਾ
ਕਿਹਾ, ਜੇਕਰ ਅਗਲੇ 15 ਦਿਨਾਂ ਦੌਰਾਨ ਨਹੀਂ ਹੋਈ ਕਾਰਵਾਈ ਤਾਂ ਖ਼ੁਦ ਮਾਮਲੇ ‘ਚ ਅਗਲੀ ਕਾਰਵਾਈ ਕਰਾਂਗੇ
ਚੰਡੀਗੜ, (ਅਸ਼ਵਨੀ ਚਾਵਲਾ)। ਬਹਿਬਲ ਕਲਾਂ ਗੋਲੀ ਮਾਮਲੇ ਵਿੱਚ ਮੁੱਖ ਗਵਾਹ ਸਵ. ਸੁਰਜੀਤ ਸਿੰਘ ਦੀ ਪਤਨੀ ਵੀਰਪਾਲ ਕੌਰ ਮੁੱਖ ਮੰਤਰੀ ਅਮਰਿੰਦਰ ਸਿੰਘ (amrinder singh) ਦੇ ਦਰਬਾਰ ਵਿੱਚ ਪੁੱਜ ਗਈ ਹੈ। ਜਿਥੇ ਵੀਰਪਾਲ ਕੌਰ ਵਲੋਂ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਖ਼ਿਲਾਫ਼ ਅਮਰਿੰਦਰ ਸਿੰਘ ਨੂੰ ਸਬੂਤ ਸੌਪ ਕੇ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਵੀਰਪਾਲ ਕੌਰ ਨੂੰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਲੈ ਕੇ ਆਏ ਸਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਵੀਰਪਾਲ ਕੌਰ ਵੱਲੋਂ 15 ਦਿਨ ਤੱਕ ਇੰਤਜ਼ਾਰ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸ ਤੋਂ ਬਾਅਦ ਉਹ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰਨ ਬਾਰੇ ਵਿਚਾਰ ਕਰਨਗੇ।
ਜਾਣਕਾਰੀ ਅਨੁਸਾਰ ਬਹਿਬਲ ਗੋਲੀ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਮੁੱਖ ਗਵਾਹ ਸੁਰਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਇਸ ਮੌਤ ਪਿੱਛੇ ਪਰਿਵਾਰ ਮੈਂਬਰਾਂ ਅਤੇ ਸੁਰਜੀਤ ਸਿੰਘ ਦੀ ਪਤਨੀ ਵੀਰਪਾਲ ਕੌਰ ਵੱਲੋਂ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਉਨਾਂ ਵਲੋਂ ਦੋਸ਼ ਲਗਾਇਆ ਗਿਆ ਕਿ ਇਨਾਂ ਦਾ ਇੱਕ ਸਾਥੀ ਮਨਜਿੰਦਰ ਸਿੰਘ ਲਗਾਤਾਰ ਸੁਰਜੀਤ ਸਿੰਘ ‘ਤੇ ਦਬਾਅ ਪਾ ਰਿਹਾ ਸੀ। ਜਿਸ ਕਾਰਨ ਉਹ ਪਰੇਸ਼ਾਨ ਵੀ ਚਲ ਰਹੇ ਸਨ। ਇਸ ਤਰਾਂ ਹੋਰ ਜਿਆਦਾ ਪਰੇਸ਼ਾਨ ਕਰਨ ਲਈ ਬਿਜਲੀ ਵਿਭਾਗ ਵੱਲੋਂ ਛਾਪੇਮਾਰੀ ਵੀ ਕਰਵਾਈ ਗਈ। ਇਸੇ ਪਰੇਸ਼ਾਨੀ ਦੇ ਚਲਦੇ ਸੁਰਜੀਤ ਸਿੰਘ ਦੀ ਮੌਤ ਹੋਈ ਹੈ। ਚੰਡੀਗੜ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਵੀਰਪਾਲ ਕੌਰ ਨੇ ਕਿਹਾ ਕਿ ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰ ਲਈ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ
ਕਿ ਉਹ ਇਸ ਮਾਮਲੇ ਵਿੱਚ ਕਾਰਵਾਈ ਜਰੂਰ ਕਰਵਾਉਣ ਅਤੇ ਪਤਾ ਲਗਾਇਆ ਜਾਏਗਾ ਕਿ ਸਾਰਾ ਮਾਮਲਾ ਕੀ ਹੈ ? ਵੀਰਪਾਲ ਕੌਰ ਨੇ ਕਿਹਾ ਕਿ ਉਨਾਂ ਕੋਲ ਸਾਰੇ ਸਬੂਤ ਹਨ ਅਤੇ ਇਨਾਂ ਸਬੂਤਾਂ ਨੂੰ ਉਨਾਂ ਨੇ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪਿਆ ਹੈ, ਇਸ ਲਈ ਕੋਈ ਵੀ ਝੂਠ ਨਹੀਂ ਬੋਲ ਸਕਦਾ ਹੈ। ਉਨਾਂ ਕਿਹਾ ਕਿ ਉਹ 15 ਦਿਨ ਤੋਂ ਪਹਿਲਾਂ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ 15 ਦਿਨ ਤੱਕ ਹੋਰ ਇੰਤਜ਼ਾਰ ਕਰਨਗੇ ਅਤੇ ਇਸ ਮਾਮਲੇ ਵਿੱਚ ਜੇਕਰ ਹੁਣ ਵੀ ਕਾਰਵਾਈ ਨਹੀਂ ਹੋਈ ਤਾਂ ਉਹ ਖ਼ੁਦ ਅਗਲੀ ਕਾਰਵਾਈ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।