‘ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਘਰੋਂ ਫੜਿਆ ਕਰੋੜਾਂ ਰੁਪਏ, ‘ਕਾਲਾ ਪੈਸਾ’ ਕਿੱਥੋਂ ਆਇਆ, ਮਿਲਣਾ ਚਾਹੀਦੈ ਜੁਆਬ’ (CM Bhupesh Baghel )
- ਜਦੋਂ ਦੇਸ਼ ਵਿੱਚੋਂ ਕਾਲਾ ਪੈਸਾ ਖ਼ਤਮ ਹੀ ਹੋ ਗਿਆ ਹੈ ਤਾਂ ਇਹ ਪੈਸਾ ਕਿੱਥੋਂ ਆਇਆ, ਪ੍ਰਧਾਨ ਮੰਤਰੀ ਦੇਣ ਜੁਆਬ : ਬਘੇਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰੋਂ ਫੜੇ ਗਏ 10 ਕਰੋੜ ਰੁਪਏ ਨੂੰ ਛਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ (CM Bhupesh Baghel) ਨੇ ਕਾਲਾ ਪੈਸਾ ਕਰਾਰ ਦਿੰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਸੁਆਲ ਦਾਗ ਦਿੱਤੇ ਹਨ ਪਰ ਇਸ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਘਿਰਦੇ ਨਜ਼ਰ ਆ ਰਹੇ ਹਨ।
ਛਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਜਦੋਂ ਨੋਟਬੰਦੀ ਕਰਦੇ ਹੋਏ ਸਾਰਾ ਕਾਲਾ ਪੈਸਾ ਸਮਾਪਤ ਹੀ ਕਰ ਦਿੱਤਾ ਗਿਆ ਹੈ ਤਾਂ ਇਹ ਪੈਸਾ ਕਿੱਥੋਂ ਆ ਗਿਆ ਪਹਿਲਾ ਸੁਆਲ ਤਾਂ ਨਰਿੰਦਰ ਮੋਦੀ ਤੋਂ ਹੀ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਕਾਲਾ ਪੈਸਾ ਦੇਸ਼ ਵਿੱਚ ਹੀ ਨਹੀਂ ਹੈ ਤਾਂ ਫੜਿਆ ਕਿਵੇਂ ਗਿਆ? ਛਤੀਸਗੜ੍ਹ ਦੇ ਮੁੱਖ ਮੰਤਰੀ (CM Bhupesh Baghel) ਵੱਲੋਂ ਇਹ ਸੁਆਲ ਖੜੇ੍ਹ ਕਰਦੇ ਹੋਏ ਇਹ ਕਹਿ ਦਿੱਤਾ ਗਿਆ ਹੈ ਕਿ ਭੁਪਿੰਦਰ ਹਨੀ ਦੇ ਘਰੋਂ ਫੜਿਆ ਗਿਆ ਪੈਸਾ ਕਾਲਾ ਪੈਸਾ ਹਨ।
ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਚੰਡੀਗੜ ਵਿਖੇ ਕਾਨਫਰੰਸ ਨੂੰ ਕੀਤਾ ਸੰਬੋਧਨ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਛਤੀਸ਼ਗੜ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਚੰਡੀਗੜ ਵਿਖੇ ਕਾਂਗਰਸ ਭਵਨ ’ਚ ਨਵਜੋਤ ਸਿੱਧੂ ਦੇ ਨਾਲ ਪ੍ਰੈਸ ਕਾਨਫਰੰਸ ਕਰਨ ਲਈ ਪੁੱਜੇ ਸਨ। ਪ੍ਰੈਸ ਕਾਨਫਰੰਸ ਦੌਰਾਨ ਸੁਆਲ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ ਫੜੇ ਗਏ ਸਨ ਤਾਂ ਮੁੱਖ ਮੰਤਰੀ ਦੇ ਰਿਸ਼ਤੇਦਾਰ ਮਾਫ਼ੀਆ ਚਲਾ ਰਹੇ ਹਨ? ਇਸ ’ਤੇ ਭੁਪੇਸ਼ ਬਘੇਲ ਨੇ ਜੁਆਬ ਦਿੰਦੇ ਹੋਏ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਚੋਣਾਂ ਹੰੁਦੀਆਂ ਹਨ, ਉਨ੍ਹਾਂ ਸੂਬਿਆਂ ਵਿੱਚ ਵਿਰੋਧੀ ਧਿਰਾਂ ਦੇ ਘਰਾਂ ਵਿੱਚ ਆਈ.ਟੀ., ਈ.ਡੀ. ਅਤੇ ਸੀਬੀਆਈ ਦੀ ਰੇਡ ਪੈਂਦੀ ਹੀ ਹੈ।
ਕ੍ਰਿਕਟ ਵਿੱਚ ਜਿਵੇਂ 11 ਖਿਡਾਰੀ ਖੇਡਦੇ ਹਨ ਤਾਂ 2 ਖਿਡਾਰੀ ਪਿੱਛੇ ਰਿਜ਼ਰਵ ਵੀ ਹੁੰਦੇ ਹਨ, ਠੀਕ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਚੋਣਾਂ ਵਿੱਚ ਉੱਤਰੀ ਹੋਈ ਹੈ। ਇਹ ਤਾਂ ਠੀਕ ਹੈ ਪਰ ਪਿੱਛੇ ਬੈਠੇ ਰਿਜ਼ਰਵ ਖਿਡਾਰੀ, ਜਿਸ ਵਿੱਚ ਆਈ.ਟੀ., ਈ.ਡੀ. ਅਤੇ ਸੀਬੀਆਈ ਵਰਗੇ ਸਾਰੇ ਲੋਕ ਵੀ ਲੜਾਈ ਲੜ ਰਹੇ ਹਨ। ਉਸ ਘਰ ਵਿੱਚੋਂ 10 ਕਰੋੜ ਰੁਪਏ ਫੜੇ ਗਏ ਹਨ ਪਰ ਇਸ ਨੂੰ ਅਦਾਲਤ ਵਿੱਚ ਸਬੂਤਾਂ ਨਾਲ ਪੇਸ਼ ਕਰਨਾ ਹੋਵੇਗਾ ਕਿ ਪੈਸਾ ਕਿੱਥੋਂ ਅਤੇ ਕਿੰਨਾ ਆਇਆ ਹੈ।
ਉਨ੍ਹਾਂ ਕਿਹਾ ਕਿ ਈ.ਡੀ. ਨੇ ਕਿਹਾ ਹੈ ਕਿ 10 ਕਰੋੜ ਮਿਲਿਆ ਹੈ ਅਤੇ ਅਸੀਂ ਉਸੇ ਗੱਲ ਨੂੰ ਫੜ ਕੇ ਚਲਣਾ ਸ਼ੁਰੂ ਕਰ ਦਿੱਤਾ ਹੈ ਪਰ ਸੱਚ ਬਾਹਰ ਉਸ ਸਮੇਂ ਆਵੇਗਾ, ਜਦੋਂ ਅਦਾਲਤ ਵਿੱਚ ਉਹ ਖੜ੍ਹੇ ਹੋਣਗੇ। ਪਰੰਤੂ ਉਸ ਸਮੇਂ ਤੱਕ ਪੰਜਾਬ ਦੀਆਂ ਨਦੀਆਂ ਵਿੱਚੋਂ ਪਾਣੀ ਵਹਿ ਚੁੱਕਿਆ ਹੋਏਗਾ (ਚੋਣਾਂ ਖ਼ਤਮ ਹੋ ਚੁੱਕੀਆਂ ਹੋਣਗੀਆਂ)। ਭੁਪੇਸ਼ ਬਘੇਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਨੋਟ ਬੰਦੀ ਕਰਦੇ ਹੋਏ ਸਾਰਾ ਕਾਲਾ ਪੈਸਾ ਖ਼ਤਮ ਕਰ ਦਿੱਤਾ ਹੈ ਤਾਂ ਪਹਿਲਾ ਸੁਆਲ ਤਾਂ ਨਰਿੰਦਰ ਮੋਦੀ ਨੂੰ ਹੀ ਹੋਣਾ ਚਾਹੀਦਾ ਹੈ ਕਿ ਜੇਕਰ ਦੇਸ਼ ਵਿੱਚ ਕਾਲਾ ਪੈਸਾ ਖਤਮ ਹੋ ਗਿਆ ਹੈ ਤਾਂ ਇਹ ਕਾਲਾ ਪੈਸਾ ਕਿੱਥੋਂ ਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ