ਸਥਾਨਕ ਅਕਾਲੀ ਆਗੂਆਂ ਨੇ ਬਾਹਰੀ ਉਮੀਦਵਾਰ ਵਿਰੁੱਧ ਲਾਏ ਪੋਸਟਰ ‘ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ’
-
ਅਕਾਲੀ ਭਾਜਪਾ ਦੇ ਅਲੱਗ ਰਾਹ ਹੋਣ ਤੋਂ ਬਾਅਦ ਹਲਕਾ ਰਾਜਪੁਰਾ ਤੋਂ ਅਕਾਲੀ ਆਗੂ ਪਹਿਲੀ ਵਾਰ ਲੜਨਗੇ ਚੋਣ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਟੁੱਟਣ ਮਗਰੋਂ ਹਲਕਾ ਰਾਜਪੁਰਾ ਅੰਦਰ ਅਗੇਤੀ ਹੀ ਰਾਜਨੀਤਿਕ ਸਰਗਰਮੀ ਨੇ ਜੋਰ ਫੜ੍ਹ ਲਿਆ ਹੈ। ਅਕਾਲੀ ਦਲ ਦੇ ਹਿੱਸੇ ਆਏ ਇਸ ਹਲਕੇ ਅੰਦਰ ਸਬੰਧਿਤ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਉਤਸ਼ਾਹ ਉਸ ਸਮੇਂ ਕੁਝ ਮੱਠਾ ਪੈ ਗਿਆ ਜਦੋਂ ਅਕਾਲੀ ਦਲ ਦੇ ਇੱਕ ਬਾਹਰਲੇ ਉੱਚ ਆਗੂ ਵੱਲੋਂ ਇਸ ਹਲਕੇ ਤੇ ਆਪਣੀ ਅੱਖ ਰੱਖ ਲਈ ਗਈ ਅਤੇ ਉਸ ਵੱਲੋਂ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਇੱਧਰ ਰਾਜਪੁਰਾ ਹਲਕੇ ਅੰਦਰ ਅਜਿਹੇ ਪੋਸਟਰ ਵੀ ਲੱਗ ਚੁੱਕੇ ਹਨ ਕਿ ਜਿਨ੍ਹਾਂ ਵਿੱਚ ਲਿਖਿਆ ਹੈ ਕਿ ‘ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ’, ਜਿਸ ਨਾਲ ਕਿ ਅਕਾਲੀ ਸਫ਼ਾ ਵਿੱਚ ਗਰਮਰਾਹਟ ਪੈਦਾ ਹੋਣ ਲੱਗੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਅਤੇ ਭਾਜਪਾ ਦਾ ਆਪਸੀ ਤੋੜ-ਵਿਛੋੜਾ ਹੋਣ ਤੋਂ ਬਾਅਦ ਸਥਾਨਕ ਅਕਾਲੀ ਆਗੂਆਂ ਦੀ ਵਾਂਛਾ ਖਿੜ ਗਈਆਂ ਸਨ ਕਿ ਹਲਕਾ ਰਾਜਪੁਰਾ ਅੰਦਰ ਹੁਣ ਉਨ੍ਹਾਂ ਦਾ ਨੰਬਰ ਲੱਗ ਸਕਦਾ ਹੈ। ਹਲਕਾ ਰਾਜਪੁਰਾ ਤੋਂ ਅਕਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ ਜੋਂ ਇੱਥੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ, ਉਨ੍ਹਾਂ ਵੱਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਅਕਾਲੀ ਦਲ ਦੀ ਹਲਕਾ ਰਾਜਪੁਰਾ ਸ਼ਹਿਰੀ ਦੇ ਮੌਜੂਦਾ ਪ੍ਰਧਾਨ ਰਣਜੀਤ ਸਿੰਘ ਰਾਣਾ ਵੀ ਦਾਅਵੇਦਾਰਾਂ ਦੀ ਦੌੜ ਵਿੱਚ ਹਨ।
ਇਸ ਦੇ ਨਾਲ ਪਿਛਲੇ ਕੁਝ ਦਿਨਾਂ ਤੋੋਂ ਇੱਥੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਵੱਲੋਂ ਵੀ ਰਾਜਪੁਰਾ ਹਲਕੇ ਤੋਂ ਸ਼ੁਰੂ ਕੀਤੀਆਂ ਸਰਗਰਮੀਆਂ ਨੇ ਸਥਾਨਕ ਅਕਾਲੀ ਆਗੂਆਂ ਨੂੰ ਗਰਮੀ ਲਿਆ ਦਿੱਤੀ ਹੈ। ਉਨ੍ਹਾਂ ਵੱਲੋਂ ਵੀ ਹਲਕਾ ਰਾਜਪੁਰਾ ਦੀ ਟਿਕਟ ਉੱਪਰ ਆਪਣੀ ਅੱਖ ਰੱਖ ਲਈ ਹੈ। ਉਂਜ ਉਨ੍ਹਾਂ ਦਾ ਰਾਜਪੁਰਾ ਨਾਲ ਕੋਈ ਸਬੰਧ ਨਹੀਂ ਹੈ। ਸੁਖਬੀਰ ਬਾਦਲ ਦੇ ਨੇੜਲੇ ਚਰਨਜੀਤ ਸਿੰਘ ਬਰਾੜ ਦੀ ਰਾਜਪੁਰਾ ’ਚ ਐਂਟਰੀ ਨੇ ਅਕਾਲੀ ਦਲ ਵਿੱਚ ਨਵੀਂ ਕਸਮਕਸ ਪੈਦਾ ਕਰ ਦਿੱਤੀ ਹੈ।
ਉਂਜ ਇਸ ਤੋਂ ਪਹਿਲਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵੀ ਰਾਜਪੁਰਾ ਤੋਂ ਚੋਣ ਲੜਨ ਦੀਆਂ ਚਰਚਾਵਾਂ ਛਿੜ ਗਈਆਂ ਸਨ, ਪਰ ਇਹ ਅਧਿਕਾਰਤ ਪੁਸਟੀ ਨਹੀਂ ਹੋ ਸਕੀ। ਇੱਧਰ ਅਕਾਲੀ ਦਲ ਦੇ ਲੋਕਲ ਆਗੂਆਂ ਸੁਰਜੀਤ ਸਿੰਘ ਗੜੀ ਅਤੇ ਰਣਜੀਤ ਸਿੰਘ ਰਾਣਾ ਹਲਕੇ ਅੰਦਰ ਬਾਹਰਲੇ ਉਮੀਦਵਾਰ ਖਿਲਾਫ਼ ਇਕੱਠੇ ਹੋ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਤਾਂ ਹਲਕੇ ਅੰਦਰ ਪੋਸਟਰ ਵੀ ਲਗਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ।
ਸੁਰਜੀਤ ਸਿੰਘ ਗੜੀ ਅਤੇ ਰਣਜੀਤ ਸਿੰਘ ਰਾਣਾ ਵੱਲੋਂ ਵੱਲੋਂ ਆਪਣੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵਿੱਚ ਵਿਚਰਿਆ ਜਾ ਰਿਹਾ ਹੈ। ਇਨ੍ਹਾਂ ਆਗੁੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਪਹੁੰਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸੁਰਜੀਤ ਸਿੰਘ ਗੜੀ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਅਤੇ ਚੋਣਾਂ ਤੋਂ ਬਾਅਦ ਮੁੜ ਉਨ੍ਹਾਂ ਵੱਲੋਂ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਸੀ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਹਲਕਾ ਰਾਜਪੁਰਾ ਤੋਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਦੂਜੀ ਵਿਧਾਇਕ ਹਨ ਅਤੇ ਉਨ੍ਹਾਂ ਵੱਲੋਂ ਅਕਾਲੀ ਭਾਜਪਾ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੂੰ ਹਰਾਇਆ ਸੀ। ਡੱਬੀ..ਬਾਹਰਲੇ ਉਮੀਦਵਾਰ ਦੇ ਖਿਲਾਫ਼ ਹਾਂ : ਸੁਰਜੀਤ ਸਿੰਘ ਗੜੀਜਥੇਦਾਰ ਸੁਰਜੀਤ ਸਿੰਘ ਗੜੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਉਹ ਅਤੇ ਰਣਜੀਤ ਸਿੰਘ ਰਾਣਾ ਇਕੱਠੇ ਹਨ ਅਤੇ ਅਸੀਂ ਦੋਵੇਂ ਬਾਹਰਲੇ ਉਮੀਦਵਾਰ ਦੇ ਖਿਲਾਫ਼ ਹਾਂ।
ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਾਲਾ ਤੋਂ ਪਾਰਟੀ ਲਈ ਲੱਗੇ ਹੋਏ ਹਾਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾ ਚੁੱਕੇ ਹਾਂ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸਰਵੇ ਤੇ ਅਧਾਰ ਤੇ ਹੀ ਜਿੱਤਣ ਵਾਲੇ ਵਿਅਕਤੀ ਨੂੰ ਟਿਕਟ ਮਿਲੇਗੀ। ਡੱਬੀ…ਟਿਕਟ ਮੰਗਣ ਦਾ ਹਰੇਕ ਨੂੰ ਅਧਿਕਾਰ : ਚਰਨਜੀਤ ਸਿੰਘ ਬਰਾੜ ਇਸ ਸਬੰਧੀ ਜਦੋਂ ਚਰਨਜੀਤ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦਾ ਟਿਕਟ ਮੰਗਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਟਿਕਟ ਦਾ ਫੈਸਲਾ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ। ਬਰਾੜ ਨੇ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਪਾਰਟੀ ਪ੍ਰਧਾਨ ਵੱਲੋਂ ਜਿਸ ਨੂੰ ਵੀ ਟਿਕਟ ਦਿੱਤੀ ਜਾਵੇਗੀ, ਉਸ ਨੂੰ ਇੱਥੋਂ ਜਿਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਰਾਜਪੁਰਾ ਹਲਕੇ ਤੋਂ ਬੂਰੀ ਤਰ੍ਹਾਂ ਹਾਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।