Charanjit Singh Channi ’ਤੇ ਇੱਕ ਹੋਰ ਮਾਮਲਾ ਦਰਜ਼ ਕਰਨ ਦੀ ਤਿਆਰੀ, ਬਤੌਰ ਵਿਭਾਗ ਮੰਤਰੀ ਕੀਤਾ ਸੀ ਫੈਸਲਾ
- ਪੰਜਾਬ ਵਿਜੀਲੈਂਸ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਨੂੰ ਜਾਰੀ ਕੀਤੇ 4 ਪੱਤਰ, ਮੰਗਿਆ ਸਾਰਾ ਰਿਕਾਰਡ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਰਮਾਡਾ ਹੋਟਲ ’ਤੇ ਮਿਹਰਬਾਨੀ ਕਰਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਜਲਦ ਹੀ ਭਾਰੀ ਪੈ ਸਕਦਾ ਹੈ, ਕਿਉਂਕਿ ਗੋਆ ਵਿਖੇ ਪੰਜਾਬ ਸਰਕਾਰ ਦੀ ਪਈ 8 ਏਕੜ ਜ਼ਮੀਨ ਨੂੰ ਸਿਰਫ਼ 1 ਲੱਖ ਰੁਪਏ ਮਹੀਨਾ ਕਿਰਾਏ ’ਤੇ ਦਿੱਤੇ ਜਾਣ ਵਾਲੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਜਲਦ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨੋਟਿਸ ਜਾਰੀ ਕਰਦੇ ਹੋਏ ਸੱਦਿਆ ਜਾ ਸਕਦਾ ਹੈ। ਭਗਵੰਤ ਮਾਨ ਦੀ ਸਰਕਾਰ ਇਸ ਗੱਲ ਨੂੰ ਲੈ ਕੇ ਜ਼ਿਆਦਾ ਔਖੀ ਹੈ ਕਿ ਗੋਆ ਵਿਖੇ ਪਈ 8 ਏਕੜ ਜਮੀਨ, ਜਿਸ ਤੋਂ ਰਮਾਡਾ ਹਰ ਸਾਲ ਕਰੋੜਾਂ ਰੁਪਏ ਦੀ ਕਮਾਈ ਕਰੇਗੀ, ਉਸ ਨੂੰ ਸਿਰਫ਼ 1 ਲੱਖ ਰੁਪਏ ਮਹੀਨੇ ਵਿੱਚ ਹੀ ਕਿਉਂ ਦਿੱਤਾ ਗਿਆ।
ਚਰਨਜੀਤ ਸਿੰਘ ਚੰਨੀ ਵੱਲੋਂ ਇੰਨਾ ਵੱਡਾ ਫੈਸਲਾ ਆਪਣੀ 6 ਮਹੀਨੇ ਵਾਲੀ ਸਰਕਾਰ ਵਿੱਚ ਹੀ ਕਿਉਂ ਕੀਤਾ ਗਿਆ, ਜਦੋਂ ਕਿ ਇਹ ਜ਼ਮੀਨ ਪਿਛਲੇ ਕਈ ਦਹਾਕਿਆਂ ਤੋਂ ਖ਼ਾਲੀ ਪਈ ਸੀ। ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਨੂੰ ਚਾਰ ਵੱਖਰੀਆਂ-ਵੱਖਰੀਆਂ ਚਿੱਠੀਆਂ ਲਿਖਦੇ ਹੋਏ ਵੱਖ-ਵੱਖ ਦਸਤਾਵੇਜਾਂ ਦੀ ਮੰਗ ਕੀਤੀ ਗਈ ਹੈ, ਜੋ ਜਲਦ ਹੀ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਵਿਜੀਲੈਂਸ ਨੂੰ ਸੌਂਪ ਦਿੱਤੇ ਜਾਣਗੇ। ਇਹ ਦਸਤਾਵੇਜ ਮਿਲਣ ਤੋਂ ਬਾਅਦ ਹੀ ਤੁਰੰਤ ਵਿਜੀਲੈਂਸ ਮਾਮਲਾ ਦਰਜ਼ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰੇਗੀ।
ਗੋਆ ਦੀ ਜ਼ਮੀਨ ’ਤੇ ਰਮਾਡਾ ਕਮਾਏਗਾ ਕਰੋੜਾਂ ਰੁਪਏ, ਸਰਕਾਰ ਨੂੰ ਮਿਲੇਗਾ ਸਿਰਫ਼ 1 ਲੱਖ ਰੁਪਏ ਮਹੀਨਾ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ ਵਿੱਚ ਜ਼ਮੀਨ ਪਈ ਹੈ, ਉਨ੍ਹਾਂ ਵਿੱਚ ਸਾਊਥ ਗੋਆ ਵਿਖੇ ਵੀ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਪਈ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਨਾਂਅ ਚੱਲਦੀ ਆ ਰਹੀ ਇਸ ਜਮੀਨ ਨੂੰ ਕਿਸੇ ਵੀ ਪੰਜਾਬ ਸਰਕਾਰ ਵੱਲੋਂ ਛੇੜਿਆ ਨਹੀਂ ਗਿਆ, ਕਿਉਂਕਿ ਇਸ ਜ਼ਮੀਨ ਨੂੰ ਗੋਆ ਸਰਕਾਰ ਵੱਲੋਂ ਬਾਗ ਜਾਂ ਫਿਰ ਝੋਨਾ ਲਾਉਣ ਲਈ ਹੀ ਰਿਜ਼ਰਵ ਰੱਖਿਆ ਹੋਇਆ ਹੈ।
ਇਸ ਜਮੀਨ ’ਤੇ ਖੇਤੀਬਾੜੀ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਹੈ ਪਰ ਸਾਊਥ ਗੋਆ ਵਿਖੇ ਜਿਹੜੀ ਥਾਂ ’ਤੇ ਪੰਜਾਬ ਸਰਕਾਰ ਦੀ ਇਹ 8 ਏਕੜ ਜਮੀਨ ਹੈ, ਉਹ ਬਿਲਕੁਲ ਹੀ ਬੀਚ ਦੇ ਕੰਢੇ ’ਤੇ ਹੈ। ਪੰਜਾਬ ਸਰਕਾਰ ਦੀ ਜਮੀਨ ਤੋਂ ਬੀਚ ਸਿਰਫ਼ ਕੁਝ ਫੁੱਟ ਦੀ ਦੂਰੀ ’ਤੇ ਹੋਣ ਕਰਕੇ ਇਸ ਦਾ ਮੁੱਲ ਕਾਫ਼ੀ ਜ਼ਿਆਦਾ ਹੈ ਪਰ ਇਸ ਨੂੰ ਹੋਟਲ ਬਣਾਉਣ ਲਈ ਨਾ ਦਿੱਤੇ ਜਾਣ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਜਮੀਨ ਨੂੰ ਖ਼ਾਲੀ ਹੀ ਰੱਖਿਆ ਹੋਇਆ ਹੈ।
ਪਿਛਲੇ ਸਾਲ 2022 ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੁਝ ਹੋਟਲ ਇੰਡਸਟ੍ਰੀਜ਼ ਵੱਲੋਂ ਸਰਕਾਰ ਨਾਲ ਇਸ ਜਮੀਨ ਬਾਰੇ ਸੰਪਰਕ ਕੀਤਾ ਗਿਆ ਸੀ ਤਾਂ ਇਸ ਦੌਰਾਨ ਟੈਂਡਰ ਲਾਉਂਦੇ ਹੋਏ ਇਹ ਜ਼ਮੀਨ ਰਮਾਡਾ ਨੂੰ ਅਲਾਟ ਕਰ ਦਿੱਤੀ ਗਈ। ਰਮਾਡਾ ਇਸ ਜਮੀਨ ’ਤੇ ਝੋਂਪੜੀ ਅਤੇ ਬੈਂਚ ਲਾ ਕੇ ਹੋਟਲ ਵਾਂਗ ਇਸ ਨੂੰ ਚਲਾਉਣਾ ਚਾਹੁੰਦਾ ਹੈ। ਜਿਸ ਰਾਹੀਂ ਰਮਾਡਾ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਪਰ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਜਮੀਨ ਨੂੰ ਸਿਰਫ਼ 1 ਲੱਖ ਰੁਪਏ ਮਹੀਨਾ ਦੇ ਕਿਰਾਏ ’ਤੇ ਹੀ ਰਮਾਡਾ ਨੂੰ ਅਲਾਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਇਹ ਵਿਵਾਦ ਬਣਦਾ ਨਜ਼ਰ ਵੀ ਆ ਰਿਹਾ ਹੈ, ਕਿ ਇੰਨੀ ਘੱਟ ਕੀਮਤ ਵਿੱਚ 8 ਏਕੜ ਜਮੀਨ ਕਿਵੇਂ ਅਲਾਟ ਕਰ ਦਿੱਤੀ ਗਈ?
ਚਰਨਜੀਤ ਸਿੰਘ ਚੰਨੀ ਖ਼ੁਦ ਸਨ ਵਿਭਾਗੀ ਮੰਤਰੀ | Charanjit Singh Channi
ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦਾ ਚਾਰਜ਼ ਮੌਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਕੋਲ ਹੀ ਰੱਖਿਆ ਗਿਆ ਸੀ, ਜਿਸ ਕਾਰਨ ਬਤੌਰ ਮੰਤਰੀ ਅਤੇ ਮੁੱਖ ਮੰਤਰੀ ਇਸ ਗੋਆ ਦੀ ਜ਼ਮੀਨ ਨੂੰ ਅਲਾਟ ਕਰਨ ਦਾ ਸਾਰਾ ਫੈਸਲਾ ਚਰਨਜੀਤ ਸਿੰਘ ਚੰਨੀ ਵੱਲੋਂ ਹੀ ਲਿਆ ਗਿਆ ਸੀ।
ਜਲਦ ਵਿਜੀਲੈਂਸ ਨੂੰ ਸੌਂਪ ਦਿੱਤਾ ਜਾਏਗਾ ਸਾਰਾ ਰਿਕਾਰਡ: ਅਧਿਕਾਰੀ
ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਚਾਰ ਵਾਰ ਵਿਜੀਲੈਂਸ ਵੱਲੋਂ ਪੱਤਰ ਪ੍ਰਾਪਤ ਹੋ ਚੁੱਕੇ ਹਨ, ਇਨ੍ਹਾਂ ਚਾਰੇ ਪੱਤਰਾਂ ਵਿੱਚ ਵੱਖ-ਵੱਖ ਰਿਕਾਰਡ ਮੰਗਿਆ ਗਿਆ ਹੈ। ਇਸ ਨੂੰ ਲੈ ਕੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਹੀ ਸਾਰੀਆਂ ਫਾਈਲਾਂ ਅਤੇ ਰਿਕਾਰਡ ਨੂੰ ਜਲਦ ਹੀ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤਾ ਜਾਏਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਕੀ ਜਾਂਚ ਕੀਤੀ ਜਾ ਰਹੀ ਹੈ ਜਾਂ ਫਿਰ ਕੀ ਸ਼ਿਕਾਇਤ ਮਿਲੀ ਹੈ, ਇਸ ਬਾਰੇ ਵਿਜੀਲੈਂਸ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।