ਚੋਣ ਜ਼ਾਬਤੇ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਫੈਸਲਾ, 21 ਜੁਲਾਈ 2017 ਨੂੰ ਭੰਗ ਕੀਤੀਆਂ ਗਈਆਂ ਸਨ ਯੂਨੀਅਨਾਂ
- ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਨਾਲ ਚਰਨਜੀਤ ਸਿੰਘ ਚੰਨੀ ਖੇਡਣਾ ਚਾਹੁੰਦੇ ਹਨ ਵੱਡਾ ਦਾਅ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਭਰ ਵਿੱਚ ਟਰੱਕ ਯੂਨੀਅਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਚੋਣ ਜ਼ਾਬਤੇ ਦੇ ਲੱਗਣ ਤੋਂ ਇੱਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਸ ਵੱਡੇ ਫੈਸਲੇ ਨੂੰ ਚਰਨਜੀਤ ਸਿੰਘ ਚੰਨੀ ਵੱਲੋਂ ਪਲਟ ਦਿੱਤਾ ਗਿਆ ਹੈ। ਜਿਸ ਨਾਲ ਹੁਣ ਪੰਜਾਬ ਵਿੱਚ ਟਰੱਕ ਯੂਨੀਅਨਾਂ ਦਾ ਮੁੜ ਤੋਂ ਗਠਨ ਕੀਤਾ ਜਾ ਸਕੇਗਾ ਪਰ ਇਨ੍ਹਾਂ ਟਰੱਕ ਯੂਨੀਅਨਾਂ ਦਾ ਚੇਅਰਮੈਨ ਕੋਈ ਆਮ-ਖ਼ਾਸ ਵਿਅਕਤੀ ਨਹੀਂ ਸਗੋਂ ਐੱਸਡੀਐੱਮ ਹੋਏਗਾ ਪਰ ਇਸ ਫੈਸਲੇ ਨਾਲ ਵੀ ਪੰਜਾਬ ਦੀਆਂ ਸੈਂਕੜੇ ਟਰੱਕ ਯੂਨੀਅਨਾਂ ਖੁਸ਼ ਹਨ। ਜਿਸ ਕਾਰਨ ਚੋਣਾਂ ਦੌਰਾਨ ਪੰਜਾਬ ਦੀਆਂ ਟਰੱਕ ਯੂਨੀਅਨਾਂ ਕਾਂਗਰਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਨਗੀਆਂ।
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ 21 ਜੁਲਾਈ 2017 ਨੂੰ ਵੱਡਾ ਫੈਸਲਾ ਕਰਦੇ ਹੋਏ ਪੰਜਾਬ ਦੀਆਂ 134 ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅਮਰਿੰਦਰ ਸਿੰਘ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਭਰ ਵਿੱਚ ਟਰੱਕ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ 92 ਹਜ਼ਾਰ ਦੇ ਕਰੀਬ ਟਰੱਕਾਂ ਨੂੰ ਸੜਕ ’ਤੇ ਉਤਾਰਨ ਤੋਂ ਇਨਕਾਰ ਕਰਦੇ ਹੋਏ ਚੱਕਾ ਜਾਮ ਤੱਕ ਕਰ ਦਿੱਤਾ ਗਿਆ।
ਇਸ ਦੌਰਾਨ ਦਾਣਾ ਮੰਡੀਆਂ ਵਿੱਚੋਂ ਫਸਲ ਚੱੁਕਣ ਤੋਂ ਵੀ ਸਾਫ਼ ਇਨਕਾਰ ਕਰਦੇ ਹੋਏ ਟਰੱਕ ਯੂਨੀਅਨਾਂ ਨੇ ਹੜਤਾਲ ਤੱਕ ਕਰ ਦਿੱਤੀ ਪਰ ਅਮਰਿੰਦਰ ਸਿੰਘ ਵੱਲੋਂ ਆਪਣੇ ਫੈਸਲੇ ਨੂੰ ਪਲਟਣ ਦੀ ਥਾਂ ’ਤੇ ਹਰਿਆਣਾ ਤੋਂ ਟਰੱਕ ਅਤੇ ਕਿਸਾਨਾਂ ਤੋਂ ਟਰਾਲੀਆਂ ਲੈ ਕੇ ਕੰਮ ਚਲਾਉਣ ਸ਼ੁਰੂ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਟਰੱਕ ਯੂਨੀਅਨਾਂ ਵੱਲੋਂ ਹਾਈ ਕੋਰਟ ਦਾ ਵੀ ਰੁੱਖ ਕੀਤਾ ਗਿਆ ਪਰ ਇਨ੍ਹਾਂ 134 ਦੇ ਕਰੀਬ ਟਰੱਕ ਯੂਨੀਅਨਾਂ ਦਾ ਕੁਝ ਵੀ ਨਹੀਂ ਬਣਿਆ।
ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਣ ਤੋਂ ਬਾਅਦ ਟਰੱਕ ਯੂਨੀਅਨਾਂ ਵੱਲੋਂ ਚਰਨਜੀਤ ਸਿੰਘ ਚੰਨੀ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਕਾਰਵਾਈ ਵੀ ਸ਼ੁਰੂ ਹੋਈ। ਅਮਰਿੰਦਰ ਸਿੰਘ ਦੇ ਇਸ ਫੈਸਲੇ ਨੂੰ ਪਲਟਣ ਲਈ ਟਰੱਕ ਯੂਨੀਅਨਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਈ ਦਿਨਾਂ ਦੀ ਜੱਦੋ ਜਹਿਦ ਨਾਲ ਬੀਤੇ ਦਿਨ ਮਨ੍ਹਾਂ ਲਿਆ ਗਿਆ ਹੈ। ਚਰਨਜੀਤ ਸਿੰਘ ਚੰਨੀ ਵੱਲੋਂ 7 ਜਨਵਰੀ ਦੀ ਤਾਰੀਖ਼ ਵਿੱਚ ਇਨ੍ਹਾਂ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਆਦੇਸ਼ਾਂ ’ਤੇ ਮੁੱਖ ਮੰਤਰੀ ਵੱਲੋਂ ਖ਼ੁਦ ਆਪਣੇ ਦਸਤਖ਼ਤ ਵੀ ਕੀਤੇ ਗਏ ਹਨ। ਹਾਲਾਂਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰਦੇ ਹੋਏ ਇਸ ਤਰ੍ਹਾਂ ਦੇ ਕਿਸੇ ਵੀ ਫੈਸਲੇ ਦੀ ਜਾਣਕਾਰੀ ਹੋਣ ਸਬੰਧੀ ਇਨਕਾਰ ਕਰ ਰਹੇ ਹਨ ਤਾਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਫੋਨ ਨਹੀਂ ਚੁੱਕ ਰਹੇ ਹਨ।
ਆਦੇਸ਼ ਚੋਣ ਜ਼ਾਬਤੇ ਵਾਲੇ ਦਿਨ ਤਾਂ ਨਹੀਂ ਹੋਏ ਜਾਰੀ !
ਟਰੱਕ ਯੂਨੀਅਨ ਨੂੰ ਬਹਾਲ ਕਰਨ ਸਬੰਧੀ ਆਦੇਸ਼ਾਂ ’ਤੇ ਵੀ ਉਂਗਲ ਉੱਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਹ ਆਦੇਸ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 7 ਜਨਵਰੀ ਦੀ ਤਾਰੀਖ਼ ਵਿੱਚ ਜਾਰੀ ਕੀਤੇ ਗਏ ਹਨ ਪਰ ਆਦੇਸ਼ਾਂ ਦੀ ਕਾਪੀ 8 ਜਨਵਰੀ ਨੂੰ ਬਾਅਦ ਦੁਪਹਿਰ ਹੀ ਬਾਹਰ ਆਈ ਹੈ। ਜਿਸ ਕਾਰਨ ਇਨ੍ਹਾਂ ਆਦੇਸ਼ਾਂ ’ਤੇ ਉਂਗਲ ਉੱਠ ਰਹੀ ਹੈ ਕਿ ਕਿਤੇ ਇਨ੍ਹਾਂ ਆਦੇਸ਼ਾਂ ਨੂੰ ਇੱਕ ਦਿਨ ਪੁਰਾਣੀ ਤਾਰੀਖ਼ ਵਿੱਚ ਚੋਣ ਜ਼ਾਬਤਾ ਲੱਗਣ ਮੌਕੇ ਤਾਂ ਜਾਰੀ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਸੱਚਾਈ ਕੀ ਹੈ, ਇਸ ਸਬੰਧੀ ਕੋਈ ਜਿਆਦਾ ਜਾਣਕਾਰੀ ਨਹੀਂ ਮਿਲ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ