ਵੱਡੀ ਗਿਣਤੀ ‘ਚ ਬੇਰੁਜ਼ਗਾਰ ਅਧਿਆਪਕ ਬਣਨਗੇ ਸਰਕਾਰ ਲਈ ਸਿਰਦਰਦੀ
ਗੁਰਪ੍ਰੀਤ ਸਿੰਘ, ਸੰਗਰੂਰ
ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੂੰ ਕੈਬਨਿਟ ‘ਚ ਪੀਡਬਲਿਊਡੀ ਮਹਿਕਮੇ ਦੇ ਨਾਲ ਨਾਲ ਸਿੱਖਿਆ ਦਾ ਮਹਿਕਮਾ ਦਿੱਤਾ ਗਿਆ ਅਹੁਦਾ ਸੰਭਾਲਦਿਆਂ ਹੀ ਸਿੱਖਿਆ ਮੰਤਰੀ ਵੱਲੋਂ ਕੁਝ ਫੁਰਤੀ ਨਾਲ ਫੈਸਲੇ ਲੈ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਇਸ ਦੇ ਬਾਵਜ਼ੂਦ ਸਰਕਾਰ ਦੇ ਸਭ ਤੋਂ ਚੁਣੌਤੀਪੂਰਨ ਮਹਿਕਮੇ ਦੇ ਨਵੇਂ ਮੰਤਰੀ ਦੀਆਂ ਮੁਸ਼ਕਿਲਾਂ ਬਰਕਰਾਰ ਹਨ ਜਿਹੜੀਆਂ ਭਵਿੱਖ ਵਿੱਚ ਸੰਗਰੂਰ ਨੂੰ ਸੂਬਾ ਪੱਧਰੀ ਧਰਨਿਆਂ ਦਾ ਸਥਾਨ ਬਣਾਉਣਗੀਆਂ
ਜਾਣਕਾਰੀ ਮੁਤਾਬਕ ਕਾਂਗਰਸ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਸਿੱਖਿਆ ਮਹਿਕਮੇ ਨੂੰ ਤੀਜੀ ਥਾਂ ‘ਤੇ ਤਬਦੀਲ ਕਰ ਚੁੱਕੀ ਹੈ ਪਹਿਲਾਂ ਮੈਡਮ ਅਰੁਣਾ ਚੌਧਰੀ, ਫਿਰ ਓਪੀ ਸੋਨੀ ਤੇ ਹੁਣ ਵਿਜੈਇੰਦਰ ਸਿੰਗਲਾ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ ਪੜ੍ਹੇ ਲਿਖੇ ਸਿੱਖਿਆ ਮੰਤਰੀ ਬਣੇ ਵਿਜੈਇੰਦਰ ਸਿੰਗਲਾ ਨੇ ਫੁਰਤੀ ਨਾਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਪਹਿਲ ਤਾਂ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸਭ ਤੋਂ ਪਹਿਲਾਂ ਕੁਝ ਅਧਿਆਪਕਾਂ ਨੂੰ ਨੌਕਰੀ ‘ਤੇ ਪੱਕਾ ਕੀਤਾ ਗਿਆ ਅਤੇ ਦੂਜਾ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਨੂੰ ਲਗਾਮ ਲਾਉਣ ਲਈ ਕਿਤਾਬਾਂ ਤੇ ਵਰਦੀਆਂ ਦੀ ਸਕੂਲਾਂ ਵਿੱਚ ਸਿੱਧੇ ਤੌਰ ‘ਤੇ ਵਿਕਰੀ ‘ਤੇ ਵੀ ਪਾਬੰਦੀ ਲਾ ਦਿੱਤੀ ਹੈ ਪਰ ਹਾਲੇ ਵੀ ਸਿੱÎਖਿਆ ਮੰਤਰੀ ਨੂੰ ਸਿੱਖਿਆ ਪ੍ਰਬੰਧਾਂ ਨੂੰ ਚੁਸਤ ਦਰੁਸਤ ਕਰਨ ਲਈ ਵੱਡੇ ਪੱਧਰ ‘ਤੇ ਘਾਲਣਾ ਘਾਲਣੀ ਪਵੇਗੀ
ਜਾਣਕਾਰੀ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀਆਂ ਵੱਡੀ ਗਿਣਤੀ ‘ਚ ਆਸਾਮੀਆਂ ਖਾਲੀ ਹਨ ਦੂਜੇ ਪਾਸੇ ਬੀਐੱਡ ਪਾਸ ਕਰਕੇ ਬੇਰੁਜ਼ਗਾਰੀ ਕਾਰਨ ਸੜਕਾਂ ਦੀ ਮਿੱਟੀ ਉਡਾ ਰਹੇ ਹਨ ਇਸ ਤਵਾਜ਼ਨ ਨੂੰ ਠੀਕ ਕਰਨ ਲਈ ਸਿੱਖਿਆ ਵਿਭਾਗ ਨੂੰ ਵੱਡੀ ਚੁਣੌਤੀ ਹੈ ਦੂਜੇ ਪਾਸੇ ਇਸ ਮਾਮਲੇ ਤੋਂ ਲੰਮੇ ਚਿਰ ਤੋਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਬੇਸ਼ੱਕ ਸਿੱਖਿਆ ਮੰਤਰੀ ਤਬਦੀਲ ਕਰ ਦਿੱਤਾ ਗਿਆ ਹੈ ਪਰ ਸਮੱਸਿਆਵਾਂ ਉਸੇ ਤਰ੍ਹਾਂ ਬਰਕਾਰ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ
22 ਜੂਨ ਤੋਂ ਨਵੇਂ ਸਿੱਖਿਆ ਮੰਤਰੀ ਦੇ ਗ੍ਰਹਿ ਮੂਹਰੇ ਹੋਵੇਗਾ ਧਰਨਿਆਂ ਦਾ ਮਹੂਰਤ
ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਵੱਲੋਂ ਭਾਵੇਂ ਬੇਸ਼ੱਕ ਨਵੇਂ ਸਿੱਖਿਆ ਮੰਤਰੀ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਪਰ ਆਪਣੇ ਬੁਨਿਆਦੀ ਮਸਲੇ, ਸਰਕਾਰੀ ਨੌਕਰੀ ਹਾਸਲ ਕਰਨ ਲਈ 22 ਜੂਨ ਤੋਂ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ ਸਿੱਖਿਆ ਮੰਤਰੀ ਦੇ ਨਿਵਾਸ ਅੱਗੇ ਟੈਂਟ ਵਗੈਰਾ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਕਾਰਨ ਸੰਗਰੂਰ ਦੀ ਪੁਲਿਸ ਨੂੰ ਮੰਤਰੀ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਤਕੜੀ ਡਿਊਟੀ ਦੇਣੀ ਹੋਵੇਗੀ ਕਿਉਂਕਿ ਸੂਬਾ ਪੱਧਰੀ ਰੋਸ ਪ੍ਰਦਰਸ਼ਨ ‘ਚ ਸੁਰੱਖਿਆ ਦੇ ਪ੍ਰਬੰਧ ਲਈ ਪੁਲਿਸ ਦੀ ਪਲੇਠੀ ਕੋਸ਼ਿਸ਼ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।