ਹਾਦਸੇ ‘ਚ ਮਾਰੇ ਗਏ ਚਾਰ ਮਨਰੇਗਾ ਮਜਦੂਰਾਂ ‘ਚੋਂ ਦੋ ਮਜ਼ਦੂਰਾਂ ਕੱਲ ਸ਼ਾਮ ਸਸਕਾਰ ਕਰ ਦਿੱਤਾ ਗਿਆ
- ਜਦੋਂ ਤੱਕ ਪ੍ਰਸਾਸ਼ਨ ਵੱਲੋਂ ਪੀੜਤ ਪਰਿਵਾਰਾਂ ਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ : ਆਗੂ
- ਪ੍ਰਸ਼ਾਸਨ ਵੱਲੋਂ ਐਕਸ਼ਨ ਕਮੇਟੀ ਨਾਲ ਗੱਲਬਾਤ ਕੀਤੀ ਗਈ ਜੋ ਬੇਸਿੱਟਾ ਰਹੀ
- ਚੱਕਾ ਜਾਮ ਦੇ ਚੱਲਦੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। Road Accident News : ਸਥਾਨਕ ਸੁਨਾਮ-ਪਟਿਆਲਾ ਰੋਡ ਤੇ ਮਨਰੇਗਾ ਮਜ਼ਦੂਰਾਂ ਦੇ ਹੋਏ ਹਾਦਸੇ ਦੇ ਵਿੱਚ ਚਾਰ ਜਣਿਆਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਉਪਰੰਤ ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਸੁਨਾਮ ਪਟਿਆਲਾ ਰੋਡ ’ਤੇ ਡੇਢ ਦਰਜਨ ਦੇ ਕਰੀਬ ਜਥੇਬੰਦੀਆਂ ਵੱਲੋਂ ਧਰਨਾ ਲਾ ਕੇ ਚੱਕਾ ਜਾਮ ਕੀਤਾ ਹੋਇਆ ਹੈ। ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਵੱਲੋਂ ਵੀ ਧਰਨਾਕਾਰੀਆਂ ਨਾਲ ਕਈ ਵਾਰ ਰਾਬਤਾ ਕੀਤਾ ਗਿਆ। ਪ੍ਰੰਤੂ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਇਸ ਚੱਕਾ ਜਾਮ ਦੇ ਚਲਦੇ ਮਾਨਸਾ-ਚੰਡੀਗੜ੍ਹ ਮੁੱਖ ਮਾਰਗ ’ਤੇ ਰਾਹਗੀਰਾਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਮਹਿਲਾ ਤੋਂ ਬਾਇਆ ਪਿੰਡ ਬਿਗੜਵਾਲ ਹੁੰਦੇ ਹੋਏ ਸਨਾਮ ਪਹੁੰਚ ਰਹੇ ਹਨ।
ਦੱਸਣਯੋਗ ਹੈ ਕਿ ਹੋਏ ਹਾਦਸੇ ‘ਚ ਮਾਰੇ ਗਏ ਚਾਰ ਮਨਰੇਗਾ ਮਜ਼ਦੂਰਾਂ ‘ਚੋਂ ਦੋ ਮਜ਼ਦੂਰਾਂ ਛੋਟਾ ਸਿੰਘ ਅਤੇ ਗੁਰਦੇਵ ਕੌਰ ਦਾ ਉਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੱਲ ਸ਼ਾਮ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਬਾਕੀ ਰਹਿੰਦੇ ਦੋ ਮਜਦੂਰਾਂ ਦੇ ਪਰਿਵਾਰਾਂ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਤੀਜੇ ਦਿਨ ਵੀ ਪੰਜਾਬ ਸਰਕਾਰ ਖਿਲਾਫ ਪਿੰਡ ਬਿਸ਼ਨਪੁਰਾ ਵਿਖੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਹੋਇਆ ਹੈ। Road Accident News
ਇਹ ਵੀ ਪੜ੍ਹੋ: Protest: ਕਾਂਗਰਸੀ ਨੇ ਰੋਸ ਪ੍ਰਦਰਸ਼ਨ ਕਰਕੇ ਫੂਕਿਆ ਬਿੱਟੂ ਦਾ ਪੁਤਲਾ
ਪ੍ਰਸਾਸ਼ਨ ਨਾਲ ਸਹਿਮਤੀ ਨਾ ਬਣਨ ਕਾਰਨ ਹੁਣ ਤੱਕ ਮ੍ਰਿਤਕ ਜਰਨੈਲ ਸਿੰਘ ਉਰਫ ਜੈਲਾ ਅਤੇ ਹਰਪਾਲ ਸਿੰਘ ਉਰਫ ਪਾਲਾ ਦਾ ਅਜੇ ਤੱਕ ਸਸਕਾਰ ਨਹੀ ਹੋ ਸਕਿਆ। ਇਸ ਸਮੇ ਸੰਬੋਧਿਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ, ਪਰਿਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਮ੍ਰਿਤਕਾਂ ਦੇ ਪਰਿਵਾਰਾਂ ਦਾ ਹਰ ਤਰਾਂ ਦਾ ਕਰਜਾ ਮਾਫ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪ੍ਰਸਾਸ਼ਨ ਵੱਲੋਂ ਪੀੜਤ ਪਰਿਵਾਰਾਂ ਨੂੰ ਲਿਖਤੀ ਭਰੋਸਾ ਨਹੀ ਦਿੱਤਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ, ਐਸ ਪੀ ਸੰਗਰੂਰ ਪਰਵਿੰਦਰ ਸਿੰਘ ਚੀਮਾ ਅਤੇ ਐਸ ਐਚ ਓ ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ ਵਲੋਂ ਮਸਲੇ ਦੇ ਹੱਲ ਲਈ ਐਕਸ਼ਨ ਕਮੇਟੀ ਨਾਲ ਗੱਲਬਾਤ ਕੀਤੀ ਗਈ ਜੋ ਬੇਸਿੱਟਾ ਰਹੀ।