ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦਿੱਤਾ ਅਸਤੀਫਾ

(ਕੁਲਵੰਤ ਕੋਟਲੀ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਅਸਤੀਫੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਖੁੰਢ ਚਰਚਾ ਉਸ ਸਮੇਂ ਖਤਮ ਹੋ ਗਈ ਜਦੋਂ ਅੱਜ ਅਚਨਚੇਤ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਸਰਕਾਰ ਨੂੰ ਸੌਪ ਦਿੱਤਾ। ਇਸ ਸਬੰਧੀ ਚੇਅਰਮੈਨ ਬਲਵੀਰ ਸਿੰਘ ਢੋਲ ਅਸਤੀਫੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਆਪਣੀ ਇੱਛਾ ਨਾਲ  ਚੈਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ‘ਚ ਪੰਜਾਬ ਵਿਧਾਨ ਸਭਾ ਦਾ ਸੈਸਨ ਬੁਲਾਕੇ ਪੰਜਾਬ ਸਕੂਲ ਸਿੱਖਿਆ ਬੋਰਡ ਐਕਟ 1969 ‘ਚ ਸੋਧ ਕਰਦਿਆਂ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਸਮੇਂ ਯੋਗਤਾਵਾਂ ‘ਚ ਬਦਲਾਅ ਕਰਕੇ ਇਕ ਪੀਸੀਐਸ ਅਧਿਕਾਰੀ ਨੂੰ ਲਾਉਣ ਦੇ ਯੋਗ ਬਣਾਇਆ ਸੀ। ਇਸ ਤੋਂ ਬਾਅਦ ਸ੍ਰੀ ਢੋਲ ਨੂੰ ਡੀਪੀਆਈ ਦੀ ਸੇਵਾ ਮੁਕਤੀ ਦੇ 3 ਦਿਨ ਪਹਿਲਾਂ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਸ੍ਰੀ ਢੋਲ ਦੀ ਨਿਯੁਕਤੀ ਵਿਵਾਦਾਂ ਦੇ ਘੇਰੇ ‘ਚ ਆ ਗਈ ਸੀ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਪੀ ਸੀ ਅਰੋੜ ਵੱਲੋਂ ਜਨ ਹਿੱਤ ਪਟੀਸਨ ਪਾਕੇ ਹਾਈਕੋਰਟ ‘ਚ ਨਿਯੁਕਤੀ ਚੈਲੰਜ ਕੀਤਾ ਗਿਆ ਸੀ, ਜਿਸ ਸਬੰਧੀ ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਨਿਯੁਕਤੀ ਸਬੰਧੀ ਜਵਾਬ ਮੰਗਿਆ ਗਿਆ ਸੀ। ਸੂਤਰਾਂ ਅਨੁਸਾਰ ਸ੍ਰੀ ਬਲਬੀਰ ਸਿੰਘ ਢੋਲ ਉਤੇ ਅਸਤੀਫਾ ਦੇਣ ਲਈ ਕਾਂਗਰਸ ਦੀ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਦੇ ਦਫ਼ਤਰ ‘ਚ ਛਾਪੇਮਾਰੀ ਕਰਕੇ ਇਨ੍ਹਾਂ ਦੀ ਨਿਯੁਕਤੀ ਨਾਲ ਸਬੰਧਿਤ ਸਾਰੇ ਦਸਤਾਵੇਜ ਆਪਣੇ ਨਾਲ ਲੈ ਗਈ।

ਚੇਅਰਮੈਨ ਦੀ ਨਿਯੁਕਤੀ ਸਿਆਸੀ : ਸਿੱਖਿਆ ਮੰਤਰੀ

ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ  ਦਾ ਕਹਿਣਾ ਹੈ ਕਿ ਕਿ ਬਲਵੀਰ ਸਿੰਘ ਢੋਲ ਦੀ ਨਿਯੁਕਤੀ ਸਿਆਸੀ  ਸੀ, ਤੇ ਜਦੋਂ ਸਰਕਾਰ ਬਦਲੀ ਹੈ ਤੇ ਅਧਿਕਾਰੀਆਂ ਦੀ ਬਦਲੀ ਵੀ ਹੁੰਦੀ  ਹੈ। ਉਨ੍ਹਾਂ ਇਹ ਸਾਫ਼ ਕੀਤਾ ਕਿ ਬਲਵੀਰ ਸਿੰਘ ਢੋਲ ਦੇ ਅਸਤੀਫੇ ਦਾ ਬੋਰਡ ਦੇ ਮਾੜੇ ਨਤੀਜਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ